ਚੀਨ ਨੇ ਲੱਦਾਖ ’ਚ ਘੁਸਪੈਠ ਨਹੀਂ ਕੀਤੀ: ਰਾਵਤ

* ਲੱਦਾਖ ਦੇ ਡੈਮਚੋਕ ਵਿੱਚ ਚੀਨੀ ਘੁਸਪੈਠ ਦੀਆਂ ਰਿਪੋਰਟਾਂ ਬਾਰੇ ਥਲ ਸੈਨਾ ਦੇ ਮੁਖੀ ਨੇ ਕੀਤੀ ਸਥਿਤੀ ਸਪੱਸ਼ਟ

ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਹੈ ਕਿ ਲੱਦਾਖ ਦੇ ਡੈਮਚੋਕ ਸੈਕਟਰ ਵਿੱਚ ਚੀਨ ਵਲੋਂ ਕੋਈ ਘੁਸਪੈਠ ਨਹੀਂ ਕੀਤੀ ਗਈ ਹੈ। ਇੱਥੇ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਰਾਵਤ ਨੇ ਕਿਹਾ, ‘‘ਕੋਈ ਘੁਸਪੈਠ ਨਹੀਂ ਹੋਈ ਹੈ।’’ ਉਨ੍ਹਾਂ ਦਾ ਇਹ ਬਿਆਨ ਪਿਛਲੇ ਹਫ਼ਤੇ 6 ਜੁਲਾਈ ਨੂੰ ਦਲਾਈ ਲਾਮਾ ਦੇ ਜਨਮ ਦਿਨ ਦੇ ਜਸ਼ਨਾਂ ਮੌਕੇ ਤਿੱਬਤ ਵਾਸੀਆਂ ਵਲੋਂ ਤਿੱਬਤੀ ਝੰਡੇ ਲਹਿਰਾਏ ਜਾਣ ਮਗਰੋਂ ਚੀਨੀ ਜਵਾਨਾਂ ਵਲੋਂ ਅਸਲ ਕੰਟਰੋਲ ਰੇਖਾ (ਐਲਏਸੀ) ਲੰਘਣ ਦੀਆਂ ਰਿਪਰੋਟਾਂ ਦੌਰਾਨ ਆਇਆ ਹੈ।
ਥਲ ਸੈਨਾ ਮੁਖੀ ਨੇ ਕਿਹਾ, ‘‘ਚੀਨੀ ਜਵਾਨ ਆਉਂਦੇ ਹਨ ਅਤੇ ਉਹ ਆਪਣੇ ਵਲੋਂ ਸਮਝੀ ਜਾਂਦੀ ਅਸਲ ਕੰਟਰੋਲ ਰੇਖਾ ਤੱਕ ਗਸ਼ਤ ਕਰਦੇ ਹਨ…..ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰ ਸਥਾਨਕ ਪੱਧਰ ’ਤੇ ਜਸ਼ਨ ਚੱਲ ਰਹੇ ਹੁੰਦੇ ਹਨ। ਡੈਮਚੋਕ ਸੈਕਟਰ ਵਿੱਚ ਤਿੱਬਤੀਆਂ ਵਲੋਂ ਆਪਣੇ ਵਾਲੇ ਪਾਸੇ ਜਸ਼ਨ ਮਨਾਏ ਜਾ ਰਹੇ ਸਨ। ਇਨ੍ਹਾਂ ਜਸ਼ਨਾਂ ਦੌਰਾਨ ਕੁਝ ਚੀਨੀ ਇਹ ਦੇਖਣ ਲਈ ਆਏ ਕਿ ਇਧਰ ਕੀ ਚੱਲ ਰਿਹਾ ਹੈ ਪਰ ਉਨ੍ਹਾਂ ਨੇ ਕੋਈ ਘੁਸਪੈਠ ਨਹੀਂ ਕੀਤੀ। ਸਭ ਕੁਝ ਆਮ ਵਾਂਗ ਹੈ।’’

Previous articleਪਾਕਿ ਨੇ ਚਾਵਲਾ ਨੂੰ ਕਮੇਟੀ ’ਚੋਂ ਹਟਾਇਆ
Next articleਗੋਆ: ਦਲ ਬਦਲਣ ਵਾਲੇ ਵਿਧਾਇਕ ਮੰਤਰੀ ਬਣੇ