ਚੀਨੀ ਫ਼ੌਜ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਪੰਜ ਨੌਜਵਾਨ ਰਿਹਾਅ

ਈਟਾਨਗਰ (ਸਮਾਜ ਵੀਕਲੀ) : ਅਰੁਣਾਚਲ ਪ੍ਰਦੇਸ਼ ਦੇ ਪੰਜ ਨੌਜਵਾਨ, ਜਿਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਅਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਮੈਕਮੋਹਨ ਲਾਈਨ ਨੇੜਿਓਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕਥਿਤ ਤੌਰ ’ਤੇ ਫੜ ਲਿਆ ਗਿਆ ਸੀ, ਨੂੰ ਅੱਜ ਇੱਥੋਂ ਕਰੀਬ ਇਕ ਹਜ਼ਾਰ ਕਿਲੋਮੀਟਰ ਦੂਰ ਐਂਜਾਅ ਜ਼ਿਲ੍ਹੇ ਵਿੱਚ ਰਿਹਾਅ ਕਰ ਦਿੱਤਾ ਗਿਆ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਤਨੂੰ ਬਾਕਰ, ਪ੍ਰਸਾਦ ਰਿੰਗਲਿੰਗ, ਨਗਾੜੂ ਦਿਰੀ, ਡੌਂਗਟੂ ਐਬੀਆ ਤੇ ਟੋਚ ਸਿੰਗਕਮ ਨਾਂ ਦੇ ਫੜੇ ਗਏ ਨੌਜਵਾਨਾਂ ਨੂੰ ਅੱਜ ਲੋੜੀਂਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਰਤੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਇਹ ਜਾਣਕਾਰੀ ਫ਼ੌਜ ਦੇ ਤੇਜ਼ਪੁਰ ਆਧਾਰਤ ਬੁਲਾਰੇ ਲੈਫ਼ਟੀਨੈਂਟ ਕਰਨਲ ਹਰਸ਼ ਵਰਧਨ ਪਾਂਡੇ ਨੇ ਦਿੱਤੀ। ਉਨ੍ਹਾਂ ਦੱਸਿਆ, ‘‘ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਕਰੋਨਾਵਾਇਰਸ ਦੇ ਨਿਯਮਾਂ ਤਹਿਤ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕੀਤਾ ਜਾਵੇਗਾ।’’

ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵਿੱਟਰ ’ਤੇ ਟਵੀਟ ਕਰ ਕੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਕਰਵਾਉਣ ਲਈ ਫ਼ੌਜ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ‘‘ਇਹ ਜਾਣ ਕੇ ਬਹੁਤ ਖੁਸ਼ ਹਾਂ ਕਿ ਚੀਨੀ ਫ਼ੌਜ ਵੱਲੋਂ ਸਾਡੇ ਪੰਜ ਅਰੁਣਾਚਲੀ ਨੌਜਵਾਨਾਂ ਨੂੰ ਸੁਰੱਖਿਅਤ ਭਾਰਤੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਮੈਂ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਕੀਤੀ ਗਈ ਕੋਸ਼ਿਸ਼ ਵਾਸਤੇ ਭਾਰਤ ਸਰਕਾਰ ਤੇ ਭਾਰਤੀ ਫ਼ੌਜ ਦਾ ਤਹਿ ਦਿਲੋਂ ਧੰਨਵਾਦੀ ਹਾਂ।’’

ਜ਼ਿਕਰਯੋਗ ਹੈ ਕਿ ਇਹ ਸਭ ਉਦੋਂ ਹੋਇਆ ਜਦੋਂ ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ। 2 ਸਤੰਬਰ ਨੂੰ ਸ਼ਿਕਾਰ ’ਤੇ ਗਏ ਪੰਜ ਨੌਜਵਾਨਾਂ ਨੂੰ ਸੇਰਾ-7 ਤੋਂ ਚੀਨੀ ਸੈਨਿਕ ਫੜ ਕੇ ਲੈ ਗਏ ਸਨ। ਸੇਰਾ-7 ਫ਼ੌਜ ਦਾ ਗਸ਼ਤ ਖੇਤਰ ਹੈ ਜੋ ਅਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਨਾਚੋ ਦੇ ਉੱਤਰ ਵਿੱਚ ਕਰੀਬ 12 ਕਿਲੋਮੀਟਰ ਦੂਰ ਸਥਿਤ ਹੈ। ਇਨ੍ਹਾਂ ਨੌਜਵਾਨਾਂ ਨੂੰ ਫ਼ੌਜ ਨੇ ਕੁਲੀ ਵਜੋਂ ਕੰਮ ’ਤੇ ਰੱਖਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਨਸ਼ਰ ਕੀਤੀ ਸੀ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਕ ਸਰਕਾਰੀ ਬਿਆਨ ਰਾਹੀਂ ਕਿਹਾ, ‘‘ਅਰੁਣਾਚਲ ਪ੍ਰਦੇਸ਼ ਆਪਣੀ ਅਮੀਰ ਕੁਦਰਤੀ ਵਿਰਾਸਤ ਲਈ ਜਾਣਿਆ ਜਾਂਦਾ ਹੈ ਅਤੇ ਸੈਲਾਨੀ ਇੱਥੇ ਰੋਮਾਂਚ, ਸ਼ਿਕਾਰ ਤੇ ਜੜੀ-ਬੂਟੀਆਂ ਦੀ ਭਾਲ ਵਿੱਚ ਆਉਂਦੇ ਹਨ ਅਤੇ ਭੁਲੇਖੇ ਨਾਲ ਕਈ ਵਾਰ ਕੰਟਰੋਲ ਰੇਖਾ ਤੋਂ ਪਾਰ ਚਲੇ ਜਾਂਦੇ ਹਨ।’’

Previous articleਕੈਪਟਨ ਵੱਲੋਂ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ
Next articleਜੰਮੂ ਕਸ਼ਮੀਰ ’ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਸ਼ਾਮਲ ਕਰਨ ਲਈ ਮੁਹਿੰਮ