ਚੀਨੀ ਖੁਫ਼ੀਆ ਤੰਤਰ ਨੂੰ ਕੰਟਰੋਲ ਰੇਖਾ ਬਾਰੇ ਭਾਰਤੀ ਰਣਨੀਤੀ ਦੀ ਜਾਣਕਾਰੀ ਦੇ ਰਿਹਾ ਸੀ ਪੱਤਰਕਾਰ ਰਾਜੀਵ ਸ਼ਰਮਾ: ਪੁਲੀਸ

ਨਵੀਂ ਦਿੱਲੀ, (ਸਮਾਜ ਵੀਕਲੀ): ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਉਹ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਬਦਲੇ ਪੱਤਰਕਾਰ ਰਾਜੀਵ ਸ਼ਰਮਾ ਨੂੰ ਵੱਡੀ ਰਕਮ ਅਦਾ ਕਰ ਰਹੇ ਸਨ। ਪੁਲੀਸ ਨੇ ਕਿਹਾ ਕਿ ਪੱਤਰਕਾਰ ਕੰਟਰੋਲ ਰੇਖਾ ’ਤੇ ਫੌਜ ਦੀ ਤਾਇਨਾਤੀ ਤੇ ਭਾਰਤ ਦੀ ਰਣਨੀਤੀ ਦੀ ਜਾਣਕਾਰੀ ਚੀਨੀ ਖੁਫੀਆ ਤੰਤਰ ਨੂੰ ਦੇ ਰਿਹਾ ਸੀ। ਪੱਤਰਕਾਰ ਨੂੰ 14 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ ਤੇ ਉਹ ਬੀਤੇ ਡੇਢ ਸਾਲ ਵਿੱਚ ਚੀਨੀ ਖੁਫੀਆ ਤੰਤਰ ਤੋਂ 40 ਲੱਖ ਰੁਪਏ ਲੈ ਚੁੱਕਿਆ ਹੈ।

ਉਹ ਪ੍ਰਤੀ ਸੂਚਨਾ ਲਈ ਇਕ ਹਜ਼ਾਰ ਡਾਲਰ ਲੈਂਦਾ ਸੀ। ਪੱਤਰਕਾਰ ਨੂੰ ਬੇਨਾਮੀ ਕੰਪਨੀਆਂ ਰਾਹੀਂ ਵੱਡੀ ਰਕਮ ਅਦਾ ਕਰਨ ਦੇ ਦੋਸ਼ ’ਚ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਤਰਾਜ਼ਯੋਗ ਤੇ ਸੰਵੇਦਨਸ਼ੀਲ ਸਮੱਗਰੀ ਬਰਾਮਦ ਕੀਤੀ ਹੈ। ਰਾਜੀਵ ਸ਼ਰਮਾ ਪੀਤਮਪੁਰਾ ਦਾ ਵਾਸੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Previous article3 arms smugglers arrested by Bihar STF
Next articleSAD always held aloft flag of justice: Parkash Badal