ਚਾਰ ਦਹਾਕਿਆਂ ਬਾਅਦ ਹਿਊੁਸਟਨ ਵਿੱਚ ਚੀਨੀ ਕੌਂਸਲੇਟ ਬੰਦ

ਹਿਊਸਟਨ, (ਸਮਾਜ ਵੀਕਲੀ) :  ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਸ਼ੁੱਕਰਵਾਰ ਨੂੰ ਚਾਰ ਦਹਾਕਿਆਂ ਬਾਅਦ ਅਧਿਕਾਰਤ ਤੌਰ ’ਤੇ ਚੀਨੀ ਕੌਂਸਲੇਟ ਬੰਦ ਕਰ ਦਿੱਤਾ ਗਿਅਾ। ਇਸ ਕਦਮ ਨਾਲ ਅਮਰੀਕਾ-ਚੀਨ ਸਬੰਧ ਹੋਰ ਨਿਵਾਣ ਵੱਲ ਚਲੇ ਗਏ ਹਨ। ਪੇਈਚਿੰਗ ਦੀ ਕਰੋਨਾਵਾਇਰਸ ਮਹਾਮਾਰੀ ਪ੍ਰਤੀ ਪਹੁੰਚ, ਚੀਨ ਵਲੋਂ ਸ਼ਿਨਜਿਆਂਗ ਵਿੱਚ ਊਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਅਤੇ ਪੇਈਚਿੰਗ ਵਲੋਂ ਹਾਂਗਕਾਂਗ ਵਿੱਚ ਲਾਗੂ ਕੀਤੇ ਵਿਵਾਦਿਤ ਕੌਮੀ ਸੁਰੱਖਿਆ ਕਾਨੂੰਨ ਆਦਿ ਮਾਮਲਿਆਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ।

ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਦੋਸ਼ ਲਾਏ ਸਨ ਕਿ ਇਹ ‘ਜਾਸੂਸੀ ਅਤੇ ਬੌਧਿਕ ਸੰਪਤੀ ਚੋਰੀ’ ਕਰਨ ਦਾ ਕੇਂਦਰ ਸੀ। ਸਿਖਰਲੇ ਅਮਰੀਕੀ ਅਧਿਕਾਰੀਆਂ ਨੇ ਵੀ ਹਿਊਸਟਨ ਦੇ ਕੌਂਸਲੇਟ ’ਤੇ ਪੇਈਚਿੰਗ ਦੇ ਅਮਰੀਕਾ ਵਿਚਲੇ ‘ਜਾਸੂਸੀ ਅਪਰੇਸ਼ਨਾਂ’ ਦਾ ਹਿੱਸਾ ਹੋਣ ਦੇ ਦੋਸ਼ ਲਾਏ ਸਨ। ਜਵਾਬੀ ਕਾਰਵਾਈ ਵਿੱਚ ਚੀਨ ਨੇ ਵੀ ਬੀਤੇ ਦਿਨ ਚੇਂਗਦੂ ਸਥਿਤ ਅਮਰੀਕਾ ਦਾ ਕੌਂਸਲੇਟ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਚੀਨ ਨੇ ਇਹ ਆਦੇਸ਼ ਦਿੰਦਿਆਂ ਦੋਸ਼ ਲਾਏ ਸਨ ਕਿ ਅਮਰੀਕਾ ਵਲੋਂ ਊਸ ਦੇ ‘ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ ਕੌਮੀ ਸੁਰੱਖਿਆ ਹਿੱਤਾਂ ਨੂੰ ਨੁਕਸਾਨ’ ਪਹੁੰਚਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਹਿਊਸਟਨ ਕੌਂਸਲੇਟ ਤੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਝੰਡਾ ਅਤੇ ਸੀਲ ਹਟਾ ਦਿੱਤੀ ਗਈ ਅਤੇ ਅਮਰੀਕੀ ਅਧਿਕਾਰੀਆਂ ਨੇ ਇਸ ਇਮਾਰਤ ਦਾ ਕਬਜ਼ਾ ਲੈ ਲਿਆ।

Previous articleਇਮਰਾਨ ਨੇ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਕਸ਼ਮੀਰ ਮੁੱਦਾ ਉਠਾਇਆ
Next article‘ਦਲਿਤਾਂ ਲਈ ਮਰਦਮਸ਼ੁਮਾਰੀ – 2021 ਦੀ ਮਹੱਤਤਾ’ ਵਿਸ਼ੇ ਤੇ ਹੋਇਆ ਵੈਬਿਨਾਰ