ਚਾਮ ਕੌਰ ਨੇ ਅਦਾਲਤ ’ਚ ਸੱਜਣ ਕੁਮਾਰ ਦੀ ਪਛਾਣ ਕੀਤੀ

1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਅੱਜ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ।
ਚਾਮ ਕੌਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸ ਨੇ ਸੱਜਣ ਕੁਮਾਰ ਨੂੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਨਵੰਬਰ 1984 ਨੂੰ ਇਹ ਕਹਿੰਦੇ ਹੋਏ ਸੁਣਿਆ ਸੀ, ‘ਸਾਡੀ ਮਾਂ ਮਾਰ ਦਿੱਤੀ, ਸਿੱਖਾਂ ਨੂੰ ਮਾਰੋ’ ਚਾਮ ਕੌਰ ਨੇ ਜੱਜ ਪੂਨਮ ਬਾਮਰਾ ਦੀ ਅਦਾਲਤ ਅੰਦਰ ਸੱਜਣ ਕੁਮਾਰ ਦੀ ਹਾਜ਼ਰੀ ਵਿੱਚ ਬਿਆਨ ਦਿੱਤੇ ਕਿ ਉਸ ਦਾ ਪਰਿਵਾਰ 31 ਅਕਤੂਬਰ ਨੂੰ ਇੰਦਰਾ ਗਾਂਧੀ ਬਾਰੇ ਟੀਵੀ ‘ਤੇ ਪ੍ਰੋਗਰਾਮ ਦੇਖ ਰਿਹਾ ਸੀ। 1 ਨਵੰਬਰ ਨੂੰ ਆਪਣੀ ਬੱਕਰੀ ਦੇਖਣ ਗਈ ਤਾਂ ਦੇਖਿਆ ਕਿ ਸੱਜਣ ਕੁਮਾਰ ਦੰਗਾਈਆਂ ਦੀ ਭੀੜ ਦੀ ਅਗਵਾਈ ਦੌਰਾਨ ਬੋਲ ਰਿਹਾ ਸੀ, ‘ਸਾਡੀ ਮਾਂ ਮਾਰ ਦਿੱਤੀ, ਸਰਦਾਰਾਂ ਨੂੰ ਮਾਰ ਦਿਓ’। ਉਸ ਨੇ ਦੱਸਿਆ ਕਿ ਅਗਲੇ ਦਿਨ ਉਸ ਦੇ ਪੁੱਤਰ ਕਪੂਰ ਸਿੰਘ ਤੇ ਪਿਤਾ ਸਰਦਾਰਾ ਸਿੰਘ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਛੁਪੇ ਹੋਇਆਂ ਨੂੰ ਧੂਹ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ, ਫਿਰ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਚਾਮ ਕੌਰ ਦੇ ਵੀ ਸੱਟਾਂ ਲੱਗੀਆਂ।
ਉਸ ਨੇ ਗਵਾਹੀ ਦਿੱਤੀ ਕਿ ਸੱਜਣ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਜਦੋਂ ਵਿਧਾਇਕ ਜਾਂ ਸੰਸਦ ਮੈਂਬਰ ਸੀ ਤਾਂ ਰਾਸ਼ਨ ਕਾਰਡ, ਪਾਸਪੋਰਟ ਆਦਿ ਦੇ ਕਾਗਜ਼ਾਂ ‘ਤੇ ਮੋਹਰ ਲਗਵਾਉਣ ਆਮ ਜਾਂਦੇ ਸੀ। ਉਸ ਨੇ ਅੱਗੇ ਹੋਰ ਸਿੱਖਾਂ ਦੇ ਉਸੇ ਦਿਨ ਮਾਰੇ ਜਾਣ ਬਾਰੇ ਬਿਆਨ ਦਿੱਤਾ। ਅਦਾਲਤੀ ਕਾਰਵਾਈ ਦੌਰਾਨ ਦਿੱਲੀ ਕਮੇਟੀ ਦੇ ਅਹਿਮ ਆਗੂ ਪੁੱਜੇ ਹੋਏ ਸਨ।

Previous article‘ਨਹਿਰੂ-ਗਾਂਧੀ ਪਰਿਵਾਰ’ ਤੇ ‘ਚਾਹਵਾਲੇ’ ਦੀ ਕਾਰਗੁਜ਼ਾਰੀ ਦਾ ਮੁਕਾਬਲਾ ਹੋਵੇ: ਮੋਦੀ
Next articleਆਲੋਕ ਵਰਮਾ ਨੂੰ ਅਜੇ ਕਲੀਨ ਚਿੱਟ ਨਹੀਂ