ਚਾਂਦਨੀ ਮਹਿਲ ’ਚ 52 ਜਮਾਤੀਆਂ ਨੂੰ ਕਰੋਨਾ ਦੀ ਪੁਸ਼ਟੀ

ਨਵੀਂ ਦਿੱਲੀ  (ਸਮਾਜਵੀਕਲੀ)ਦਿੱਲੀ ਦੀਆਂ ਵੱਖ ਵੱਖ 13 ਮਸਜਿਦਾਂ ’ਚ ਰਹਿੰਦੇ ਜਿਨ੍ਹਾਂ ਵਿਅਕਤੀਆਂ ਨੂੰ ਪੁਲੀਸ ਨੇ ਫੜ ਕੇ ਇਕਾਂਤਵਾਸ ਕੇਂਦਰਾਂ ’ਚ ਭੇਜਿਆ ਸੀ, ਉਨ੍ਹਾਂ ਵਿੱਚੋਂ 52 ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਜ਼ਿਕਰਯੋਗ ਹੈ ਇਨ੍ਹਾਂ ਮਸਜਿਦਾਂ ’ਚ ਰਹਿ ਰਹੇ 102 ਵਿਅਕਤੀ ਨਿਜ਼ਾਮੂਦੀਨ ਦੀ ਤਬਲੀਗੀ ਜਮਾਤ ’ਚ ਸ਼ਾਮਲ ਹੋਏ ਸੀ।

ਇਹ ਮਸਜਿਦਾਂ ਦਿੱਲੀ ਦੇ ਚਾਂਦਨੀ ਮਹਿਲ ਇਲਾਕੇ ’ਚ ਹਨ ਜਿੱਥੇ ਬੀਤੇ 3 ਦਿਨਾਂ ਦੌਰਾਨ 3 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋਈ ਸੀ। ਸੀਲ ਕੀਤੇ ਗਏ ਕੋਵਿਡ-19 ਦੇ 30 ਹੌਟਸਪੌਟ ’ਚ ਚਾਂਦਨੀ ਮਹਿਲ ਵੀ ਸ਼ਾਮਲ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ’ਚ ਕੇਂਦਰੀ ਦਿੱਲੀ ਦੇ ਚਾਂਦਨੀ ਮਹਿਲ ਖੇਤਰ ’ਚ ਘੱਟੋ-ਘੱਟ ਤਿੰਨ ਲੋਕ ਕਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਸਰਕਾਰੀ ਏਜੰਸੀਆਂ ਨੇ ਪਾਇਆ ਕਿ ਵਿਦੇਸ਼ੀਆਂ ਸਣੇ 102 ਵਿਅਕਤੀ ਚਾਂਦਨੀ ਮਹਿਲ ਖੇਤਰ ਦੀਆਂ 13 ਮਸਜਿਦਾਂ ’ਚ ਰਹਿ ਰਹੇ ਸਨ। ਡਾਕਟਰੀ ਜਾਂਚ ਤੋਂ ਬਾਅਦ ਇਨ੍ਹਾਂ ’ਚੋਂ 52 ਵਿਅਕਤੀਆਂ ਦੀ ਕੋਵਿਡ -19 ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਸਾਰਿਆਂ ਨੂੰ ਵੱਖ ਵੱਖ ਇਕਾਂਤਵਾਸ ਕੇਂਦਰਾਂ ’ਚ ਭੇਜਿਆ ਗਿਆ।

ਇਨ੍ਹਾਂ ’ਚੋਂ ਬਹੁਤ ਸਾਰੇ ਲੋਕਾਂ ਨੇ ਪਿਛਲੇ ਮਹੀਨੇ ਨਿਜ਼ਾਮੂਦੀਨ ਮਰਕਜ਼ ’ਚ ਤਬਲੀਗੀ ਜਮਾਤ ਦੀ ਇਕੱਤਰਤਾ ’ਚ ਸ਼ਿਰਕਤ ਕੀਤੀ ਸੀ। ਜਿਨ੍ਹਾਂ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਤੇ ਜਿਨ੍ਹਾਂ ਦੇ ਟੈਸਟ ਪਾਜ਼ੇਟਿਵ ਸਨ, ਉਨ੍ਹਾਂ ਨੂੰ ਅਲੱਗ ਰੱਖਿਆ ਗਿਆ ਹੈ।

Previous articleਮਾਇਆਵਤੀ ਵੱਲੋਂ ਅੰਬੇਡਕਰ ਦਾ ਜਨਮ ਦਿਨ ਘਰਾਂ ਅੰਦਰ ਰਹਿ ਕੇ ਮਨਾਉਣ ਦੀ ਅਪੀਲ
Next articleਬੋਰਿਸ ਜੌਹਨਸਨ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ