ਚਮਚਮਾਉਦੇ ਪੰਜਾਬ ਦੇ ਯਤੀਮਖਾਨਿਆਂ ਦਾ ਸੱਚ

Amarjit Chander

 60 ਸਾਲ ਦੀ ਬੀਬੀ ਪ੍ਰਕਾਸ਼ ਕੌਰ ਮੇਰੇ ਕਿਸੇ ਸਵਾਲ ਦਾ ਜਵਾਬ ਨਹੀ ਦੇ ਰਹੀ ਸੀ। ਯੁਨੀਕ ਹੋਮਸ ਫਾਰ ਗਰਲ ਦੀ ਆਲੀਸ਼ਾਨ ਇਮਾਰਤ ਦੇ ਸਾਹਮਣੇ ਹਰੇ ਹਰੇ ਘਾਹ ਦੇ ਮੈਦਾਨ ਤੇ ਨੰਗੇ ਪੈਰੀ ਟਹਿਲਦੇ ਕਮਰ ਤੇ ਹੱਥ ਰੱਖ ਕੇ ਕਹਿੰਦੀ ਕਿਤੇ ਦੂਰ ਚਲੀ ਜਾਵਾਂ ਤੇ ਵਾਹਿਗੁਰੂ ਦਾ ਨਾਮ ਜਪਾ…।
ਮੇਰੇ ਸਵਾਲਾਂ ਤੇ ਉਹਨੇ ਕਿਹਾ ਕਿ ਮੇਰੇ ਕੋਲ ਤੇਰੇ ਸਵਾਲਾਂ ਦਾ ਜਵਾਬ ਹੈ ਕਿ ਪੰਜਾਬ ਦੇ ਯਤੀਮਖਾਨਿਆਂ ਵਿਚ ਛੋਟੀਆਂ ਲੜਕੀਆਂ ਵੇਚੀਆਂ ਜਾਂਦੀਆਂ ਹਨ ਅਤੇ ਵੱਡੀਆਂ ਲੜਕੀਆਂ ਦਾ ਯੌਨ ਸ਼ੌਸ਼ਣ ਹੋ ਰਿਹਾ ਹੈ, ਬਸ ਇਸ ਤੋਂ ਜਿਆਦਾ ਮੇਰੇ ਨਾਲ ਹੋਰ ਕੋਈ ਗੱਲ ਨਾ ਕਰ।

26 ਸਾਲ ਤੋਂ ਪ੍ਰਕਾਸ਼ ਕੌਰ ਪੰਜਾਬ ਦੇ ਜਲੰਧਰ ਸਹਿਰ ਦੇ ਯੁਨੀਕ ਹੋਮ ਵਿਚ ਅਨਾਥ ਅਤੇ ਮਾਂ ਪਿਓ ਵਲੋਂ ਛੱਡ ਕੇ ਗਏ ਕੁੜੀਆਂ ਦੀ ਦੇਖਭਾਲ ਕਰ ਰਹੀ ਹੈ ਅਤੇ ਮਾਂ ਦਾ ਪਿਆਰ ਦੇ ਰਹੀ ਹੈ। ਪ੍ਰਕਾਸ਼ ਕੌਰ ਦੀ ਆਪਣੀ ਜਿੰਦਗੀ ਸਾਰੀ ਯਤੀਮਖਾਨੇ ਵਿਚ ਹੀ ਗੁਜ਼ਰੀ ਹੈ। ਅੱਗੇ ਦੀ ਗੱਲਬਾਤ ਕਰਨ ਤੋਂ ਪਹਿਲਾਂ ਉਸ ਨੇ ਸ਼ਰਤ ਰੱਖ ਦਿੱਤੀ ਕਿ ਯਤੀਮ ਸ਼ਬਦ ਦੀ ਵਰਤੋਂ ਨਹੀ ਕਰਨੀ, ਤੇ ਨਾ ਹੀ ਯਤੀਮਖਾਨਾ ਕਹਿਣਾ, ਇਹ ਘਰ ਹੈ ਮੇਰੀਆਂ ਧੀਆਂ ਦਾ।

ਪੰਜਾਬ ਦੇ ਸ਼ਹਿਰ ਜਲੰਧਰ ਵਿਚ ਯੁਨੀਕ ਹੋਮਸ ਫਾਰ ਗਰਲ ਇਸ ਸਮੇਂ 60 ਲੜਕੀਆਂ ਹਨ। ਬੀਬੀ ਪ੍ਰਕਾਸ਼ ਕੌਰ ਨੇ ਆਪਣੇ ਪਰਸ ਵਿਚੋਂ ਇਕ ਤਸਵੀਰ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ ਅਤੇ ਕਹਿੰਦੀ ਕਿ ਇਹ ਮੇਰੀ ਰੂਬਾ (ਬਦਲਿਆ ਹੋਇਆ ਨਾਮ), ਇਹ ਦੇਖ, ਇਹ ਆਨਾਥ ਹੈ? ਕਪੜੇ ਦੇ ਇਸ ਦੇ,  ਰੂਬਾ ਲੰਡਨ ਵਿਚ ਪੜ੍ਹਾਈ ਕਰ ਰਹੀ ਹੈ। ਉਸ ਤੋਂ ਬਾਅਦ ਮੇਰੇ ਸਾਹਮਣੇ ਤਸਵੀਰਾਂ ਦਾ ਢੇਰ ਲਗਾਉਦੀ ਹੋਈ ਬੋਲਦੀ ਕਿ ਮੈਂ ਤਾਂ ਆਪਣੀਆਂ ਬੇਟੀਆਂ ਲਈ ਸੌਪਿੰਗ ਵੀ ਇੰਡੀਆ ਤੋਂ ਨਹੀ ਕਰਦੀ।

ਸਾਡੇ ਗੱਲਬਾਤ ਕਰਨ ਦੇ ਦੌਰਾਨ ਹੀ ਦੌ ਔਰਤਾਂ ਆ ਗਈਆਂ। ਬੀਬੀ ਪ੍ਰਕਾਸ਼ ਕੌਰ ਉਹਨਾਂ ਨੂੰ ਆਲੂ ਪਿਆਜ਼ ਛਿੱਲਣ ਦਾ ਹੁਕਮ ਕਰਦੀ ਹੈ। ਮੇਥੌਂ ਰਿਹਾ ਨਾ ਗਿਆ ਮੈਂ ਪੁੱਛ ਹੀ ਲਿਆ ਕਿ ਅੱਜ ਆਲੂ-ਪਿਆਜ ਦੀ ਸਬਜ਼ੀ ਬਣ ਰਹੀ ਹੈ? ਬੋਲੀ ਨਹੀ, ਬਰਸਾਤ ਦਾ ਮੌਸਮ ਹੈ, ਬੱਚੀਆਂ ਪਕੌੜੇ ਖਾਣ ਨੂੰ ਜਿੱਦ ਕਰ ਰਹੀਆਂ ਹਨ।

ਯੁਨੀਕ ਹੋਮਸ ਫਾਰ ਗਰਲ ਸਮੇਤ ਪੰਜਾਬ ਦੇ ਸਾਰੇ ਯਤੀਮਖਾਨਿਆਂ ਦੀ ਇਹੀ ਤਸਵੀਰ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਯਤਮਖਾਨਿਆ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਵਧੀਆ ਇਮਾਰਤਾਂ, ਵਧੀਆ ਖਾਣਾ, ਬੱਚਿਆ ਦੇ ਰਹਿਣ ਦਾ ਵਧੀਆ ਪ੍ਰਬੰਧ, ਕੌਸਲਰਾਂ ਦਾ ਸਮੇਂ ਸਿਰ ਆਉਣਾ, ਪੀ ਟੀ ਸਮੇਂ ਗਰਾਂਉਡ ਵਿਚ ਸਮੇਂ ਸਿਰ ਜਾਣਾ, ਹਰ ਬੱਚੇ ਦੀ ਡਾਕਟਰੀ ਚੈਕਅਪ ਸਮੇਂ ਸਿਰ ਹੋਣਾ ਅਤੇ ਉਹਨਾਂ ਦੀ ਪੜ੍ਹਾਈ-ਲਿਖਾਈ ਵੱਲ ਖਾਸ ਧਿਆਨ ਦੇਣਾ।

ਕੁਝ ਅਫਵਾਵਾਂ ਜਰੂਰ ਹਨ, ਜਿਵੇ ਸਰਕਾਰ ਵਲੋਂ ਆਏ ਫੰਡਾਂ ਵਿਚੌ ਹੇਰਾਫੇਰੀ ਕਰਕੇ ਯਤੀਮਖਾਨੇ ਹਮੇਸ਼ਾਂ ਹੀ ਚਰਚਾ ਵਿਚ ਰਹੇ ਹਨ।ਪਰ ਇਹ ਚਮਚਮਾਉਦੀ ਤਸਵੀਰ ਇਕਤਰਫਾ ਹੈ।

ਤਸਵੀਰ ਦਾ ਦੂਜਾ ਪਹਿਲੂ ਵੀ ਸਾਫ ਹੈ ਉਹ ਇਹ ਹੈ ਕਿ ਪੰਜਾਬ ਵਿਚ ਬੱਚਾ ਪੈਦਾ ਹੋਣ ਤੋਂ ਬਾਅਦ ਜਾਂ ਤਾਂ ਕਿਸੇ ਵੀ ਸੁੰਨਸਾਨ ਜਗ੍ਹਾ ਤੇ, ਕਿਸੇ ਝਾੜੀਆਂ ਵਿਚ, ਕਿਸੇ ਕੂੜੇਦਾਨ ਵਿਚ ਰੋਜ਼ ਹੀ ਨਵੀਆਂ ਪੈਦਾ ਹੋਈਆਂ ਲੜਕੀਆਂ ਨੂੰ ਅਵਾਰਾ ਸੁੱਟੇ ਜਾਣ ਦੀਆਂ ਖਬਰਾਂ ਪੜ੍ਹਣ ਨੂੰ ਮਿਲਦੀ ਹੈ। ਉਹ ਲੜਕੀਆਂ ਪੁਲਿਸ ਜਾਂ ਕਿਸੇ ਸੰਸਥਾਂ ਦੁਆਰਾ ਯਤੀਮਖਾਨੇ ਵਿਚ ਭੇਜੀਆ ਜਾਂਦੀਆਂ ਹਨ। ਕੁਝ ਲੋਕ ਤਾਂ ਯਤੀਮਖਾਨਿਆਂ ਦੇ ਬਾਹਰ ਲੱਗੇ ਝੂਲਿਆਂ ਵਿਚ ਹੀ ਬੱਚੀਆਂ ਨੂੰ ਸੁਲ੍ਹਾ ਜਾਦੇ ਹਨ।

ਪੰਜਾਬ ਦਾ ਸੀ ਸੀ ਆਰ (ਚਾਇਲਡ ਸੈਕਸ ਰੇਸ਼ਿਓ) ਸਾਲ 2001 ਵਿਚ 798 ਸੀ। ਸਾਲ 2011 ਵਿਚ ਇਹ ਅੰਕੜਾ ਵੱਧ ਕੇ 846 ਹੋ ਗਿਆ ਸੀ। ਅੰਕੜੇ ਬੇਸ਼ੱਕ ਬਦਲ ਗਏ ਹਨ ਪਰ ਬੱਚੀਆਂ ਨੂੰ ਬਾਹਰ ਸੁੱਟਣ ਦੀ ਮਾਨਸਿਕਤਾ ਵਿਚ ਕੋਈ ਖਾਸ ਫਰਕ ਨਜ਼ਰ ਨਹੀ ਆ ਰਿਹਾ। ਲਧਿਆਣਾ ਦੇ ਪਿੰਡ ਤਲਵੰਡੀ ਖੁਰਦ ਦਾ ਸਵਾਮੀ ਗੰਗਾ ਰਾਮ ਜੀ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਯਤੀਮਖਾਨਾ ਦੇਸ਼ ਵਿਦੇਸ਼ ਵਿਚ ਮਸ਼ਹੂਰ ਹੈ।

ਏਥੇ ਯਤੀਮਖਾਨਿਆਂ ਵਿਚ ਬੱਚੀਆਂ ਦੀ ਤਾਂ ਦੇਖਭਾਲ ਹੁੰਦੀ ਹੀ ਹੈ ਤਾਂ ਏਥੇ ਬੇਟੇ ਵੀ ਹਨ ਜਿੰਨਾਂ ਨੂੰ ਉਨਾਂ ਦੀ ਬੀਮਾਰੀ ਤੋਂ ਦੁਖੀ ਹੋ ਕੇ ਉਹਨਾਂ ਦੇ ਮਾਂ ਪਿਓ ਏਥੇ ਛੱਡ ਜਾਦੇ ਹਨ। ਇਹ ਯਤੀਮਖਾਨੇ ਨੂੰ ਚਲਾਉਣ ਵਾਲੇ ਸਰਦਾਰ ਕੁਲਦੀਪ ਸਿੰਘ ਜੀ ਅਤੇ ਬੀਬੀ ਜਸਬੀਰ ਕੌਰ ਜੀ ਹਨ। ਜੋ ਕਿ ਇਸ ਸੰਸਥਾਂ ਨਾਲ ਤਹਿ ਦਿਲੋਂ ਜੁੜ ਕੇ ਕੰਮ ਕਰਦੇ ਹਨ, ਸੁਮੇਲ ਨੂੰ ਛੇ ਮਹੀਨੇ ਦੇ ਨੂੰ ਇਹ ਝੁਲੇ ‘ਚੋਂ ਉਠਾ ਕੇ ਲਿਆਏ ਸੀ।

ਜਸਬੀਰ ਕੌਰ ਜੀ ਸੁਮੇਲ ਦੇ ਬਾਰੇ ਵਿਚ ਕਹਿੰਦੇ ਕਿ ਇਹ ਛੇ ਮਹੀਨੇ ਦਾ ਸੀ ਜਦੋਂ ਅਸੀ ਇਸ ਨੂੰ ਝੂਲੇ ਵਿਚੋਂ ਉਠਾ ਕੇ ਲਿਅਏ ਸੀ। ਇਸ ਨੂੰ ਕੋਈ ਝੂਲੇ ਵਿਚ  ਪਾ ਗਿਆ ਸੀ ਕਿਉਕਿ ਇਸ ਨੂੰ ਫੇਫੜਿਆ ਦੀ ਇੰਨਫੈਕਸ਼ਨ ਸੀ। ਇਸ ਦੇ ਇਲਾਜ ਤੇ ਪੰਜ ਲੱਖ ਰੁਪਏ ਖਰਚ ਆ ਗਿਆ। ਇਸ ਕਰਕੇ ਹੀ ਅਸੀ ਸਾਰੇ ਇਸ ਨੂੰ ਆਸ਼ਰਮ ਦਾ ਪੰਜ ਲੱਖਾਂ ਹਾਰ ਕਹਿੰਦੇ ਹਾਂ। ਇਥੇ ਰਹਿਣ ਵਾਲੇ ਸੁਮੇਲ ਤੇ ਬਲਬੀਰ ਲਾਇਲਾਜ ਬੀਮਾਰੀ ਨਾਲ ਪੀੜਤ ਹਨ।ਆਸ਼ਰਮ ਦੇ ਝੂਲੇ ਵਿਚ ਪਈ ਬੰਦਨਾ ਲੁਧਿਆਣਾ ਦੇ ਡਾਬਾ ਇਲਾਕੇ ‘ਚ ਕੂੜੇਦਾਨ ਵਿਚੋਂ ਚੁੱਕ ਕੇ ਲਿਆਏ ਸੀ। ਉਸ ਦੀਆਂ ਅੱਖਾਂ ਨਹੀ ਹਨ। ਸੱਤਵੀ ਜਮਾਤ ਵਿਚ ਪੜ੍ਹਣ ਵਾਲੀ 12 ਸਾਲ ਦੀ ਇਕ ਮਸੂਮ ਲੜਕੀ ਨੇ ਇਸ ਲੜਕੀ ਨੂੰ ਜਨਮ ਦਿੱਤਾ ਸੀ ਤਾਂ ਉਸ ਦੇ ਪਰਿਵਾਰ ਵਾਲੇ ਇਥੇ ਛੱਡ ਗਏ ਸਨ।

ਦੋ ਦਿਨ ਦੀ ਪ੍ਰਭਸੀਰਤ ਨੂੰ ਪਡਿਆਲਾ ਵਿਚ ਉਸ ਦੇ ਪਰਿਵਾਰ ਵਾਲਿਆਂ ਨੇ ਇਕ ਕੂੜੇਦਾਨ ਦੇ ਕੋਲ ਛੱਡ ਦਿੱਤਾ ਉਸ ਦੀਆਂ ਵੀ ਅੱਖਾਂ ਨਹੀ ਹੈ। ਅਰਮਾਨ ਦੇ ਝੂਲੇ ਦੇ ਕੋਲ ਚਲੇ ਜਾਓ ਤਾਂ ਤੁਸੀ ਉਸ ਨੂੰ ਗੋਦ ਲਏ ਬਿੰਨਾਂ ਨਹੀ ਰਹਿ ਸਕਦੇ ਕਿਉਕਿ ਉਹ ਕਿਸੇ ਨੂੰ ਦੇਖ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਗੋਦ ਵਿਚ ਆਉਦੇ ਹੀ ਉਸ ਦੇ ਚਿਹਰੇ ਤੇ ਅਲੱਗ ਜਿਹੀ ਰੌਣਕ ਆ ਜਾਂਦੀ ਹੈ। ਉਸ ਦਾ ਬਾਪ ਉਸ ਨੂੰ ਇਕ ਖਾਲੀ ਪਲਾਟ ਵਿਚ ਛੱਡ ਗਿਆ ਸੀ, ਕਿਉਕਿ ਉਸ ਦੇ ਪਹਿਲਾਂ ਹੀ ਦੋ ਬੇਟੀਆਂ ਇਕ ਬੇਟਾ ਸੀ।

ਮਨਤੇਜ਼ ਨਾਮ ਦੇ ਲੜਕੇ ਨੂੰ ਸ਼ਟੇਸ਼ਨ ਤੇ ਇਕ ਗੈਗ ਚੋਰੀ ਵੇਚ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ, ਇਹ ਤਿੰਨ ਸਾਲ ਤੋਂ ਇਸ ਆਸ਼ਰਮ ਵਿਚ ਹੈ। ਫਸਲਾਂ ਨਾਲ ਲੱਦੇ ਇਹਨਾਂ ਖੇਤਾਂ ਦੇ ਵਿਚਾਲੇ ਇਹ ਯਤੀਮਖਾਨਾ ਬਣਿਆ ਹੋਇਆ ਹੈ ਇਸ ਆਸ਼ਰਮ ਵਿਚ 47 ਬੱਚੇ ਹਨ। ਇਸ ਆਸ਼ਰਮ ਵਿਚ ਵੱਡੇ ਲੜਕਿਆਂ ਨੂੰ ਨਹੀ ਲਿਆ ਜਾਂਦਾ, ਇਹਨਾਂ ਵਿਚ ਤਿੰਨ ਲੜਕੇ ਬਾਕੀ ਸੱਭ ਲੜਕੀਆਂ ਹਨ। ਜਿਆਦਤਰ ਬੱਚਿਆਂ ਦੀਆਂ ਅੱਖਾਂ ਵਿਚ ਸੁਪਨੇ ਤੇ ਆਰਜੂ ਦੇਖ ਕੇ ਲੱਗਦਾ ਹੈ ਕਿ ਕੁਝ ਕਰਨ ਦੇ ਲਈ ਜਰੂਰੀ ਨਹੀ ਹੈ ਕਿ ਚਾਂਦੀ ਦਾ ਚਮਚ ਮੂੰਹ ਵਿਚ ਲੈ ਕੇ ਪੈਦਾ ਹੋਇਆ ਜਾਏ।

ਆਸ਼ਰਮ ਵਿਚ ਰਹਿ ਰਹੀ 12 ਸਾਲ ਦੀ ਜੋਤੀ ਬਾਲਾ ਨਾਲ ਵਾਲੇ ਸੈਟ ਕਬੀਰ ਸਕੂਲ ਵਿਚ ਛੇਵੀ ਜਮਾਤ ਵਿਚ ਪੜ੍ਹਦੀ ਹੈ। ਜੋਤੀ ਬਾਲਾ ਨੂੰ ਆਪਣੀ ਮਾਂ ਦੇ ਬਾਰੇ ਵਿਚ ਬਹੁਤ ਘੱਟ ਪਤਾ ਹੈ। ਉਸ ਦੀ ਮਾਂ ਨੇ ਉਸ ਨੂੰ ਗੋਦ ਲਿਆ ਸੀ ਕੁਝ ਸਾਲ ਪਹਿਲਾਂ ਉਸ ਦੀ ਮਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ।ਪਿਛਲੇ ਤਿੰਨ ਚਾਰ ਸਾਲ ਤੋ ਏਥੇ ਸਾਡੇ ਕੋਲ ਹੀ ਰਹਿ ਰਹੀ ਹੈ।

ਜੋਤੀ ਬਾਲ ਦਾ ਕਹਿਣਾ ਹੈ ਕਿ ਮਾਂ ਦੀ ਕਿਤੇ-ਕਿਤੇ ਯਾਦ ਆਉਦੀ ਹੈ, ਪਰ ਏਥੇ ਦੋਸਤਾਂ ਵਿਚ ਰਹਿ ਕੇ ਕੁਝ ਯਾਦ ਨਹੀ ਆਉਦਾ। ਜੋਤੀ ਬਾਲਾ ਦਾ ਕਹਿਣਾ ਹੈ ਕਿ ਮੈਂ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹਾਂ। ਜੱਜ ਬਣਨ ਦਾ ਕਾਰਨ ਵੀ ਦੱਸਦੀ ਹੈ ਕਿ ਮੇਰੀ ਮਾਂ ਨੂੰ ਮੇਰੇ ਸਾਹਮਣੇ ਜੱਜ ਆਂਟੀ ਨੇ ਬਹੁਤ ਰੁਲਾਇਆ ਸੀ, ਮੇਰੀ ਮਾਂ ਦੀ ਬਹੁਤ ਬੇਇਜ਼ਤੀ ਕੀਤੀ ਸੀ, ਮਾਂ ਘਰ ਆ ਕੇ ਬਹੁਤ ਰੋਂਦੀ ਸੀ, ਉਸ ਸਮੇਂ ਮੈਨੂੰ ਬਹੁਤ ਗੁੱਸਾ ਆਉਦਾ ਸੀ, ਉਦੋਂ ਤੋਂ ਹੀ ਮੈ ਸੋਚ ਲਿਆ ਸੀ ਕਿ ਮੈਂ ਪੜ੍ਹ-ਲਿਖ ਕੇ ਜੱਜ ਬਣਾਗੀ।

13 ਸਾਲ ਦੀ ਤਨੂਜਾ ਨੂੰ ਆਪਣੇ ਘਰ ਬਾਰੇ ਕੁਝ ਖਾਸ ਜਾਣਕਾਰੀ ਨਹੀ ਹੈ। ਉਹ ਨੌ ਸਾਲ ਤੋਂ ਸਾਡੇ ਕੋਲ ਹੈ। ਉਸ ਦਾ ਕਹਿਣਾ ਹੈ ਕਿ ਮੈ ਗਣਿਤ ਦੀ ਪੜ੍ਹਾਈ ਕਰਾਂਗੀ। ਮਨਪ੍ਰੀਤ ਕੌਰ ਬੀ ਏ ਦੇ ਦੂਜੇ ਸਾਲ ਵਿਚ ਹੈ। ਆਸ਼ਰਮ ਵਾਲਿਆਂ ਨੇ ਹੀ ਉਸ ਦੀ ਸ਼ਾਦੀ ਇਕ ਨਾਭਾ ਦੇ ਬਹੁਤ ਵਧੀਆਂ ਪਰਿਵਾਰ ਵਿਚ ਕੀਤੀ ਹੈ, ਉਹ ਹੁਣ ਗਰਭਪਤੀ ਹੈ। ਆਸ਼ਰਮ ਵਾਲਿਆਂ ਨੇ ਹੀ ਉਸ ਦੇ ਸੁਸਰਾਲ ਵਾਲਿਆਂ ਨੂੰ ਕਿਹਾ ਹੈ ਕਿ ਮਨਪ੍ਰੀਤ ਬੀ ਏ ਕਰ ਰਹੀ ਹੈ ਆਸ਼ਰਮ ਤੋਂ ਉਸ ਦਾ ਕਾਲਜ਼ ਵੀ ਨੇੜੇ ਹੈ ਇਸ ਕਰਕੇ ਡਲਿਵਰੀ ਤੱਕ ਇਹ ਆਸ਼ਰਮ ਵਿਚ ਹੀ ਰਹੇਗੀ।

ਮਨਪੀਤ ਦੇ ਪਤੀ ਇਕ ਕੰਪਨੀ ਵਿਚ ਕੰਮ ਕਰਦੇ ਹਨ, ਮਾਤਾ ਪਿਤਾ ਦੀ ਮੌਤ ਤੋੰ ਬਾਅਦ ਉਸ ਦੇ ਦਾਦਾ ਦਾਦੀ ਇਹ ਭੈਣ ਭਰਾ ਨੂੰ ਏਥੇ ਆਸ਼ਰਮ ਵਿਚ ਛੱਡ ਗਏ ਸਨ ਪਰ ਕੁਝ ਦੇਰ ਬਾਅਦ ਉਹ ਲੜਕੇ ਨੂੰ ਇਥੌ ਲੈ ਗਏ ਸਨ ਪਰ ਮਨਪ੍ਰੀਤ ਨੂੰ ਏਥੇ ਹੀ ਛੱਡ ਗਏ ਸਨ।

ਸਾਲ 2003 ਵਿਚ ਇਸ ਆਸ਼ਰਮ ਦੀ ਸ਼ੁਰੂਆਤ ਹੋਈ। ਹੁਣ ਤੱਕ ਇਸ ਆਸ਼ਰਮ ਵਿਚ ਚਾਰ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ।ਜਸਬੀਰ ਕੌਰ ਅਤੇ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਸਾਡੇ ਸਮਾਜ ਦੀ ਮਾਨਸਿਕਤਾ ਬਣੀ ਹੋਈ ਹੈ ਕਿ ਲੜਕੀ ਹੋਵੇ ਜਾਂ ਨਾ ਹੋਵੇ ਪਰ ਲੜਕਾ ਜਰੂਰ ਤੰਦਰੁਸਤ ਹੋਣਾ ਚਾਹੀਦਾ ਹੈ। ਸਾਲ 1975 ਤੋਂ ਲੁਧਿਆਣਾ ਵਿਚ ਚਲ ਰਹੇ ਨਿਸ਼ਕਾਮ ਸੇਵਾ ਆਸ਼ਰਮ ਵਿਚ ਕੁਲ 36 ਬੱਚੇ ਹਨ, ਜਿੰਨਾਂ ਵਿਚੋ ਸਿਰਫ ਚਾਰ ਲੜਕੇ ਹਨ ਤੇ ਬਾਕੀ ਸੱਭ ਲੜਕੀਆਂ ਹੀ ਹਨ। ਸਾਰੇ ਬੱਚੇ ਸਕੂਲ ਜਾਂਦੇ ਹਨ। ਆਸ਼ਰਮ ਨੂੰ ਚਲਾਉਣ ਵਾਲੇ ਸਰੂਤੀ ਬੰਸਲ ਦਾ ਕਹਿਣਾ ਹੈ ਕਿ ਏਥੇ ਆਸ਼ਰਮ ਵਿਚ ਰਹਿਣ ਵਾਲੀਆਂ ਲੜਕੀਆਂ ਸੱਭ 12ਵੀ ਤੋ ਬਾਅਦ ਫੈਸ਼ਨ ਡਜਾਇਨਿੰਗ, ਇੰਜ਼ਨੀਰਿੰਗ ਵਰਗੇ ਕੋਰਸ ਕਰ ਰਹੀਆਂ ਹਨ।

ਸਾਲ 1947 ਦੇ ਮਾਤਾ ਪੁਸ਼ਪਾ ਨਾਰੀ ਨਿਕੇਤਨ ਟਰੱਸਟ ਵਿਚ ਰਹਿਣ ਵਾਲੀ 20 ਸਾਲ ਦੀ ਅਮ੍ਰਿਤਾ ਦਾ ਸਪਨਾ ਹੈ ਕਿ ਉਹ ਪੁਲਿਸ ਅਫਸਰ ਜਾਂ ਅਰਮੀ ਅਫਸਰ ਬਣੇ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਾ ਦਾਦੀ ਏਥੇ ਆਸ਼ਰਮ ਵਿਚ ਛੱਡ ਗਏ ਸਨ। ਅਮ੍ਰਿਤਾ ਦੱਸਦੀ ਹੈ ਕਿ ਪੜ੍ਹਾਈ ਕਰਦੇ ਸਮੇਂ ਸਾਨੂੰ ਕਈ ਬਾਰ ਪਤਾ ਨਹੀ ਲੱਗਦਾ ਕਿ ਅਸੀ ਪੜ੍ਹਾਈ ਤੋਂ ਬਾਅਦ ਕਿਸ ਲਾਇਨ ਵਿਚ ਜਾਣਾ ਹੈ, ਪਰ ਏਥੇ ਆਸਰਮ ਵਿਚ ਬਹੁਤ ਸਾਰੇ ਕੈਰੀਅਰ ਕੌਸਲਰ ਆਉਦੇ ਹਨ ਜਿੰਨਾਂ ਤੋਂ ਅਸੀ ਬਹੁਤ ਕੁਝ ਸਿੱਖਦੇ ਹਾਂ।

11 ਸਾਲ ਦੀ ਅਰਸ਼ਦੀਪ ਨੂੰ ਤਾਂ ਬੱਸ ਅੰਗਰੇਜ਼ੀ ਬੋਲਣ ਦਾ ਸੌਂਕ ਹੈ। ਉਸ ਦਾ ਸਪਨਾ ਹੈ ਕਿ ਇਸ ਤੋਂ ਵੀ ਵੱਧ ਅੰਗਰੇਜ਼ੀ ਸਿੱਖਾ ਅਤੇ ਬੋਲਾ। ਏਥੇ 41 ਲੜਕੀਆਂ ਹਨ ਚਾਰ ਲੜਕੇ ਹਨ , ਏਥੇ ਦੀ ਨਿਰਦੇਸ਼ਕ ਨਬਿਤਾ ਜੋਸ਼ੀ ਦੱਸਦੇ ਹਨ ਕਿ ਕੁੜੀਆਂ ਨੂੰ ਅੱਜ ਵੀ ਸਮਾਜ ਵਿਚ ਭਾਰ ਮੰਨਿਆ ਜਾਂਦਾ ਹੈ ਅਤੇ ਗਲਤ ਰਿਸ਼ਤਿਆਂ ‘ਚੋਂ ਆਏ ਬੱਚਿਆਂ ਦੀ ਸਾਡੇ ਸਮਾਜ ਵਿਚ ਕੋਈ ਥਾਂ ਨਹੀ ਹੈ। ਜਲੰਧਰ ਵਿਚ ਚਾਇਲਡ ਹੈਲਪ ਲਾਇਨ ਚਲਾਉਣ ਵਾਲੇ ਸੁਰਿੰਦਰ ਸੈਣੀ ਦਾ ਕਹਿਣ ਹੈ ਕਿ ਉਹਨਾਂ ਦੇ ਕੋਲ ਪੰਜਾਬ ਵਿਚੋਂ ਹਰ ਰੋਜ਼ ਦੋ ਤਿੰਨ ਬੱਚਿਆਂ ਦੇ ਕੂੜੇ ਵਿਚ, ਝਾੜੀਆਂ ਵਿਚ  ਸੁੱਟਣ ਦੀ ਖਬਰ ਆ ਹੀ ਜਾਂਦੀ ਹੈ।

ਕਦੀ ਝਾੜੀਆਂ ਵਿਚ, ਕਦੇ ਖੂੜੇਦਾਨ ਵਿਚ, ਕਦੇ ਨਾਲੀ ਵਿਚ, ਕਦੇ ਸੁੰਨਸਾਨ ਖੇਤਾਂ ਵਿਚ ਅਤੇ ਕਦੇ ਪਲਾਸਟਿਕ ਦੇ ਲਿਫਾਫਿਆਂ ਵਿਚ ਅਧਮਰੀ ਹਾਲਤ ਵਿਚ ਲੜਕੀਆਂ ਮਿਲਦੀਆਂ ਹਨ। ਜਿੰਨਾਂ ਨੂੰ ਕੁੱਤਿਆਂ ਨੇ ਨੋਚਿਆ ਹੁੰਦਾ ਹੈ, ਕਈਆਂ ਨੂੰ ਕੀੜੀਆਂ ਖਾ ਰਹੀਆਂ ਹੁੰਦੀਆਂ ਹਨ। ਉਹ ਦੱਸਦੇ ਹਨ ਕਿ ਗਰੀਬੀ, ਦਾਜ ਦੇ ਲਾਲਚੀ, ਆਲੀਸ਼ਾਨ ਸ਼ਾਦੀਆਂ ਦੇ ਮਹਿੰਗੇ ਰੀਤੀ ਰਿਵਾਜ਼ ਦੇ ਚੱਲਦੇ ਵੱਡਾ ਤਬਕਾ ਬੇਟੀਆਂ ਨਹੀ ਚਾਹੁੰਦਾ।

ਬੇਟੇ ਦੀ ਲਾਲਸਾ ਪੰਜਾਬ ਸਮੇਤ ਪੂਰੇ ਦੇਸ਼ ਵਿਚ ਹੈ , ਜਿਸ ਕਰਕੇ ਕੁਝ ਘਰਾਂ ਦੀਆਂ ਬੇਟੀਆਂ ਯਤੀਮਖਾਨਿਆਂ ਦੇ ਝੂਲਿਆਂ ਵਿਚ ਖੇਡ ਕੇ ਵੱਡੀਆਂ ਹੁੰਦੀਆਂ ਹਨ। ਯੁਨੀਕ ਹੋਮਸ ਫਾਰ ਗਰਲ ਦੀ ਅਲਕਾ ਦੀਦੀ ਕਹਿੰਦੀ ਹੈ ਕਿ ਬੇਟੀਆਂ ਨੂੰ ਬੇਰਹਿਮੀ ਨਾਲ ਨਾ ਸੁੱਟੋ, ਸਾਨੂੰ ਦੇ ਦਿਓ।ਪੰਜਾਬ ਦੇ ਸਮਾਜ ਵਿਚ ਜਦੋਂ ਤਕ ਹਾਏ ਮੁੰਡਾ, ਹਾਏ ਮੁੰਡਾ ਖਤਮ ਨਹੀ ਹੁੰਦਾ ਉਦੋਂ ਤੱਕ ਬੇਟੀਆਂ ਨੂੰ ਕੂੜੇਦਾਨ ਵਿਚ ਸੁੱਟਣਾ ਬੰਦ ਨਹੀ ਹੋਵੇਗਾ।

ਪੰਜਾਬ ਵਿਚ ਬਠਿੰਡਾ, ਅਮ੍ਰਿਤਸਰ, ਜਲੰਧਰ, ਪਟਿਆਲਾ ਤੇ ਲਧਿਆਣਾ ਸਮੇਤ ਕਈ ਜਿਲਿਆਂ ਵਿਚ ਪੰਘੂੜੇ ਲਾਏ ਗਏ ਹਨ ਜਿਸ ਨੂੰ ਵੀ ਲੜਕੀ ਦੀ ਜਰੂਰਤ ਨਹੀ ਹੈ ਤਾਂ ਉਹ ਬਾਹਰ ਨਾ ਸੁਟੋ ਇਸ ਪੰਘੂੜੇ ਵਿਚ ਪਾ ਦਿਓ ਅਸੀ ਉਸ ਦੀ ਦੇਖਭਾਲ ਕਰਾਂਗੇ।

ਪੇਸ਼ਕਸ਼ :-ਅਮਰਜੀਤ ਚੰਦਰ   ਲੁਧਿਆਣਾ    9417600014

Previous article53 soldiers killed in Mali militant attack
Next articleDalit killed for not selling Fish to dominant caste men