ਘੱਲੂਘਾਰਾ ਦਿਵਸ: ਦਮਦਮੀ ਟਕਸਾਲ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਅੰਮ੍ਰਿਤਸਰ (ਸਮਾਜਵੀਕਲੀ): ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿਚ ਘੱਲੂਘਾਰਾ ਦਿਵਸ ਮੌਕੇ ਅੱਜ ਦਮਦਮੀ ਟਕਸਾਲ ਵਲੋਂ ਚੌਕ ਮਹਿਤਾ ਸਥਿਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦੀ ਸਮਾਗਮ ਮਨਾਇਆ ਗਿਆ। ਕਰੋਨਾ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਇਹ ਸਮਾਗਮ ਸੰਕੇਤਕ ਰੂਪ ਵਿਚ ਹੀ ਮਨਾਇਆ ਗਿਆ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਕਰੋਨਾ ਸੰਕਟ ਕਾਰਨ ਸੰਗਤ ਨੂੰ ਘਰਾਂ ਵਿਚ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਪੀਲ ਕੀਤੀ ਗਈ ਸੀ। ਇਸ ਦੇ ਬਾਵਜੂਦ ਸੰਗਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪੁੱਜੀ। ਇਸ ਮੌਕੇ ਟਕਸਾਲ ਮੁਖੀ ਨੇ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ, ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਲਾਸਾਨੀ ਇਤਿਹਾਸ ਸਿਰਜਿਆ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਤ ਭਿੰਡਰਾਂਵਾਲਿਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਨੇ ਸੰਬੋਧਨ ਕੀਤਾ।

ਜਥੇਦਾਰ ਦੇ ਬਿਆਨ ਦਾ ਦਲ ਖਾਲਸਾ ਵੱਲੋਂ ਸਮਰਥਨ

ਦਲ ਖਾਲਸਾ ਨੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਸਬੰਧੀ ਬਿਆਨ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿੱਖ ਕੌਮ ਦਾ ਇਕ ਹਿੱਸਾ ਜੂਨ 1984 ਘੱਲੂਘਾਰੇ ਤੋਂ ਬਾਅਦ 6 ਜੂਨ ਨੂੰ ਖਾਲਿਸਤਾਨ ਦਿਵਸ ਵਜੋਂ ਮਨਾਉਂਦਾ ਰਿਹਾ ਹੈ ਅਤੇ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੀ ਸੋਚ ’ਤੇ ਮੋਹਰ ਲਾਈ ਹੈ।

Previous articleਐੱਮਐੱਸਪੀ ਖਤਮ ਕਰਨ ਨਾਲ ਬਰਬਾਦ ਹੋ ਜਾਣਗੇ ਕਿਸਾਨ: ਭਗਵੰਤ ਮਾਨ
Next articleਗਲਾਸਗੋ ਹਵਾਈ ਅੱਡੇ ‘ਤੇ ਕੋਵਿਡ 19 ਤਾਹਿਤ ਨਵੇਂ ਸੁਰੱਖਿਆ ਪ੍ਰਬੰਧ ਕੀਤੇ