ਘੱਗਰ ਦੇ ਪ੍ਰਦੂਸ਼ਣ ਨੇ ਲੀਹੋਂ ਲਾਹੀ ਜ਼ਿੰਦਗੀ

2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਵਿਚ ਉਨ੍ਹਾਂ ਨੇ ਵੋਟਰਾਂ ਨੂੰ ਸੱਦਾ ਦਿੱਤਾ ਸੀ, ‘‘ਤੁਸੀਂ ਕਾਂਗਰਸ ਚੱਕ ਦਿਓ, ਅਸੀਂ ਘੱਗਰ ਚੱਕ ਦੇਵਾਂਗੇ।’’ ਉਸ ਵੇਲੇ ਤਕ ਪਟਿਆਲਾ, ਸੰਗਰੂਰ ਅਤੇ ਬਠਿੰਡਾ ਲੋਕ ਸਭਾ ਹਲਕਿਆਂ ਦੇ ਸੈਂਕੜੇ ਪਿੰਡ ਹੜ੍ਹਾਂ ਕਾਰਨ ਘੱਗਰ ਦੀ ਮਾਰ ਹੇਠ ਆਉਂਦੇ ਸਨ।
ਕਰੀਬ 2010 ਤੋਂ ਬਾਅਦ ਹੜ੍ਹ ਆਉਣ ਜੋਗੀ ਬਰਸਾਤ ਹੀ ਨਹੀਂ ਹੋਈ ਪਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਖੇਤਰ ਦੇ ਬਹੁਤ ਸਾਰੇ ਪਿੰਡ ਘੱਗਰ ਦੇ ਪ੍ਰਦੂਸ਼ਣ ਨੇ ਆਪਣੀ ਲਪੇਟ ਵਿਚ ਲੈ ਲਏ। ਇੱਥੇ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ ਪਰ ਇਨ੍ਹਾਂ ਚੋਣਾਂ ਵਿਚ ਇਹ ਮੁੱਦਾ ਸਿਆਸੀ ਏਜੰਡੇ ਤੋਂ ਗਾਇਬ ਹੈ। ਘੱਗਰ ਬਚਾਓ ਕਮੇਟੀ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੇ ਆਪਣੇ ਪਿੰਡ ਭੂੰਦੜ ਵਿਚ ਕੈਂਸਰ ਦੇ 37 ਮਰੀਜ਼ ਹਨ। ਫੂਸ ਮੰਡੀ ਪਿੰਡ ਵਿਚ 40 ਅਤੇ ਸਰਦੂਲਗੜ੍ਹ ਵਿਚ 50 ਮਰੀਜ਼ ਕੈਂਸਰ ਨਾਲ ਜੂਝ ਰਹੇ ਹਨ। ਦਿਲਰਾਜ ਭੂੰਦੜ ਦਾ ਕਹਿਣਾ ਹੈ ਕਿ ਉਸ ਨੇ ਇਹ ਮੁੱਦਾ ਵਿਧਾਨ ਸਭਾ ਵਿਚ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਵਾਲ ਹੀ ਨਹੀਂ ਲੱਗਿਆ। ਹੁਣ ਜਾ ਕੇ ਸਵਾਲ ਦਾ ਲਿਖਤੀ ਜਵਾਬ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਅਤੇ ਘੱਗਰ ਬਚਾਓ ਮੁਹਿੰਮ ਵਿਚ ਸ਼ਾਮਲ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਸ ਸਾਲਾਂ ਤੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਸੰਸਦ ਵਿਚ ਇਹ ਮੁੱਦਾ ਉਠਾਉਣਾ ਤਾਂ ਦੂਰ ਦੀ ਗੱਲ, ਉਨ੍ਹਾਂ ਨੇ ਕਦੇ ਇਸ ਬਾਰੇ ਜਨਤਕ ਬਿਆਨ ਵੀ ਨਹੀਂ ਦਿੱਤਾ।
ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਘੱਗਰ ਵਿਚ ਸਰਸਵਤੀ ਆ ਕੇ ਰਲਦੀ ਸੀ ਪਰ ਹੁਣ ਘੱਗਰ ਸਿਰਫ਼ ਗੰਦਾ ਨਾਲਾ ਬਣ ਚੁੱਕਾ ਹੈ। 208 ਕਿਲੋਮੀਟਰ ਲੰਮੀ ਇਸ ਪੁਰਾਣੀ ਨਦੀ ਵਿਚ ਸਾਫ਼ ਪਾਣੀ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਇਹ ਅੰਤਰਰਾਜੀ ਨਦੀ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਨਾਲ ਸਬੰਧਿਤ ਹੈ ਅਤੇ ਅੱਗੇ ਰਾਜਸਥਾਨ ਤੱਕ ਚਲੀ ਜਾਂਦੀ ਹੈ। ਹਰਿਆਣਾ ਦੇ 20 ਅਤੇ ਪੰਜਾਬ ਦੇ 21 ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਘੱਗਰ ਵਿਚ ਪੈ ਰਿਹਾ ਹੈ। ਸਰਦੂਲਗੜ੍ਹ ਨੇੜਲੇ ਲੋਕ ਇਸ ਨੂੰ ਨਾਲੀ ਕਹਿੰਦੇ ਹਨ। ਇਸ ਦੇ ਕਿਨਾਰਿਆਂ ਉੱਤੇ ਰਹਿਣਾ ਕਿੰਨਾ ਮੁਸ਼ਕਿਲ ਹੋਵੇਗਾ ਜਦੋਂ ਲੰਘਣ ਸਮੇਂ ਹੀ ਬਦਬੂ ਨਾਲ ਸਾਹ ਰੁਕਣਾ ਸ਼ੁਰੂ ਹੋ ਜਾਂਦਾ ਹੈ। ਇਸ ਮੁੱਦੇ ਦੀ ਅਗਵਾਈ ਕਰ ਰਹੇ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਅੰਗਰੇਜ਼ੀ ਰਾਜ ਸਮੇਂ ਤਾਂ ਆਜ਼ਾਦੀ ਘੁਲਾਟੀਆਂ ਨੂੰ ਕਾਲੇਪਾਣੀਆਂ ਦੀ ਸਜ਼ਾ ਦਿੱਤੀ ਜਾਂਦੀ ਸੀ ਪਰ ਹਕੂਮਤੀ ਨੀਤੀਆਂ ਨੇ ਸਾਨੂੰ ਘਰ ਬੈਠਿਆਂ ਹੀ ਕਾਲੇ ਪਾਣੀ ਦੀ ਸਜ਼ਾ ਦੇ ਰੱਖੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਸਵਾਲ ਦੇ ਜਵਾਬ ਵਿਚ ਪੰਜਾਬ ਵਿਧਾਨ ਸਭਾ ਨੂੰ ਦੱਸਿਆ ਸੀ ਕਿ ਘੱਗਰ ਦਸੰਬਰ 2016 ਤਕ ਸਾਫ਼ ਕਰ ਦਿੱਤਾ ਜਾਵੇਗਾ। ਪਿਛਲੇ ਦਿਨੀਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਸਰਦੂਲਗੜ੍ਹ ਵਿਚ ਕੀਤੀ ਰੈਲੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲਗੜ੍ਹ ਦਾ ਆਪਣੇ ਪੁਰਖਿਆਂ ਨਾਲ ਨਾਤਾ ਜੋੜਨ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ ਸਰਦੂਲਗੜ੍ਹ ਬਾਬਾ ਸਰਦੂਲੇ ਦੇ ਨਾਮ ਉੱਤੇ ਵੱਸਿਆ ਹੈ ਅਤੇ ਉਹ ਬਾਬਾ ਆਲਾ ਸਿੰਘ ਦੇ ਬੇਟੇ ਸਨ। ਇਸ ਦੇ ਬਾਵਜੂਦ ਘੱਗਰ ਵੱਲ ਕੈਪਟਨ ਦੀ ਵੀ ਸਵੱਲੀ ਨਜ਼ਰ ਨਹੀਂ ਪਈ। ਘੱਗਰ ਦੇ ਪ੍ਰਦੂਸ਼ਣ ਦਾ ਮਾਮਲਾ 2014 ਤੋਂ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਵਿਚਾਰ ਅਧੀਨ ਹੈ। ਹੁਣ ਤੱਕ ਦੀ ਸੁਣਵਾਈ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਸਾਬਕਾ ਜੱਜ ਜਸਟਿਸ ਪ੍ਰੀਤਮ ਪਾਲ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਨੇ ਇਕ ਵਾਰ ਸਰਦੂਲਗੜ੍ਹ ਨੇੜਲੇ ਇਸ ਖੇਤਰ ਦਾ ਦੌਰਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਘੱਗਰ ਐਕਸ਼ਨ ਪਲਾਨ ਬਣਾਈ ਜਾ ਰਹੀ ਹੈ ਅਤੇ ਇਸ ਦੌਰਾਨ ਸਫ਼ਾਈ ਹੋ ਜਾਵੇਗੀ।
ਘੱਗਰ ਬਚਾਓ ਕਮੇਟੀ ਦੇ ਆਗੂ ਕਾਮਰੇਡ ਲਾਲ ਚੰਦ ਅਤੇ ਬੰਸੀ ਲਾਲ ਨੂੰ ਖ਼ਦਸ਼ਾ ਹੈ ਕਿ ਇਸ ਕਮੇਟੀ ਦਾ ਹਾਲ ਵੀ ਸਤਲੁਜ ਐਕਸ਼ਨ ਪਲਾਨ ਵਰਗਾ ਨਾ ਹੋ ਜਾਵੇ ਕਿਉਂਕਿ ਪ੍ਰਦੂਸ਼ਣ ਵਰਗੇ ਲੋਕਾਂ ਦੇ ਜੀਵਨ ਨਾਲ ਜੁੜੇ ਮੁੱਦੇ ਸਰਕਾਰਾਂ ਦੇ ਤਰਜੀਹੀ ਏਜੰਡੇ ਹੈ ਹੀ ਨਹੀਂ ਹਨ।

Previous articleChanda Kochhar Money Trail-VII: The mom & pop shop that Kochhar-Advani fam built
Next articleਮੋਦੀ ਸਰਕਾਰ ਡੁੱਬਦਾ ਹੋਇਆ ਜਹਾਜ਼: ਮਾਇਆਵਤੀ