ਘਰ ਦੀ ਛੱਤ ਡਿੱਗਣ ਕਾਰਨ ਚਾਰ ਜੀਅ ਜ਼ਖ਼ਮੀ

ਗੁਰੂਸਰ ਸੁਧਾਰ- ਇੱਥੋਂ 10 ਕਿੱਲੋਮੀਟਰ ਦੂਰ ਪਿੰਡ ਪੱਖੋਵਾਲ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਅ ਜ਼ਖ਼ਮੀ ਹੋ ਗਏ। ਕਰੀਬ ਇੱਕ ਸਦੀ ਪਹਿਲਾਂ ਦੀ ਬਣੀ ਮਸਜਿਦ ਦੀ ਮੁਰੰਮਤ ਦੌਰਾਨ ਦੋ ਦਿਨ ਪਹਿਲਾਂ ਭਾਰੀ ਗੁੰਬਦ ਡਿੱਗਣ ਨਾਲ ਮਕਾਨ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਸਨ।
ਪਿਛਲੇ ਦੋ ਦਿਨ ਲਗਾਤਾਰ ਹੋਈ ਬਰਸਾਤ ਦੇ ਨਤੀਜੇ ਵਜੋਂ ਅੱਜ ਤੜਕਸਾਰ ਕਮਲਜੀਤ ਸਿੰਘ ਦੇ ਘਰ ਦੀ ਛੱਤ ਡਿੱਗ ਪਈ, ਜਿਸ ਦੇ ਹੇਠ ਆ ਕੇ ਪਰਿਵਾਰ ਦੇ ਚਾਰ ਜੀਅ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਹਿਲਾਂ ਨੇੜਲੇ ਪਿੰਡ ਸਰਾਭਾ ਦੇ ਹਸਪਤਾਲ ਲਿਜਾਇਆ ਗਿਆ ਸੀ। ਕਮਲਜੀਤ ਸਿੰਘ (32 ਸਾਲ), ਉਸ ਦੀ ਪਤਨੀ ਹਰਜੀਤ ਕੌਰ (31 ਸਾਲ) ਅਤੇ ਉਨ੍ਹਾਂ ਦੀ ਦੋ ਸਾਲਾ ਧੀ ਜਸਮੀਤ ਕੌਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਲੁਧਿਆਣਾ ਦੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਪੰਜ ਸਾਲਾ ਪੁੱਤਰ ਗੁਰਸੇਵਕ ਸਿੰਘ ਨੂੰ ਮੁੱਢਲੀ ਸਹਾਇਤਾ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਥਾਣਾ ਸੁਧਾਰ ਦੇ ਐੱਸ.ਐੱਚ.ਓ ਅਜਾਇਬ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਪਿੰਡ ਦੀ ਸਰਪੰਚ ਹਰਪਾਲ ਕੌਰ ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਬਹੁਤ ਹੀ ਪੁਰਾਣੀ ਇਸ ਮਸਜਿਦ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਦੋ ਦਿਨ ਪਹਿਲਾਂ ਇਸ ਦੇ ਭਾਰੀ ਗੁੰਬਦ ਦੇ ਡਿੱਗਣ ਨਾਲ ਗੁਆਂਢੀਆਂ ਦੇ ਇਸ ਘਰ ਨੂੰ ਤਰੇੜਾਂ ਆ ਗਈਆਂ ਸਨ। ਦੋ ਦਿਨ ਲਗਾਤਾਰ ਹੋਈ ਬਰਸਾਤ ਨਾਲ ਕੰਧਾਂ ਕਮਜ਼ੋਰ ਹੋ ਗਈਆਂ ਸਨ ਅਤੇ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਕਮਲਜੀਤ ਸਿੰਘ ਦੇ ਮਕਾਨ ਦੀ ਛੱਤ ਡਿੱਗ ਪੈਣ ਕਾਰਨ ਸੁੱਤੇ ਪਏ ਪਰਿਵਾਰ ਦੇ ਸੱਟਾਂ ਵੱਜੀਆਂ। ਐੱਸਐੱਚਓ ਅਜਾਇਬ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।-

Previous articleਬੀਆਰਟੀਐਸ ਕਾਮਿਆਂ ਦੀ ਹੜਤਾਲ; ਸੇਵਾ ਠੱਪ
Next articleਰੂਸ ਤੋਂ ਐੱਸ-400 ਮਿਜ਼ਾਈਲ ਖਰੀਦਣ ਵਾਲੇ ਮੁਲਕਾਂ ਖ਼ਿਲਾਫ਼ ਹੈ ਅਮਰੀਕਾ