ਘਮੰਡ

ਸਰਬਜੀਤ ਸਿੰਘ ਸੰਧੂ

(ਸਮਾਜ ਵੀਕਲੀ)

– ਸਰਬਜੀਤ ਸਿੰਘ ਸੰਧੂ

ਸੋਨੂੰ ਤੇ ਜਸਵਿੰਦਰ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ। ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਦੀ ਪ੍ਰੀਖਿਆ ਉਨ੍ਹਾਂ ਇਕੱਠੇ ਹੀ ਪਾਸ ਕੀਤੀ। ਦੋਵਾਂ ਦੀ ਦੋਸਤੀ ਬਾਰੇ ਸਾਰੇ ਸਕੂਲ ਵਿੱਚ ਚਰਚਾ ਹੁੰਦੀ ਰਹਿੰਦੀ ਸੀ। ਆਪਸ ਵਿੱਚ ਪਿਆਰ ਤੇ ਪੜ੍ਹਾਈ ਵਿੱਚ ਚੰਗੇ ਦਰਜ਼ੇ ਹਾਸਲ ਕਰਨ ਕਰਕੇ ਦੋਵੇਂ ਅਧਿਆਪਕਾਂ ਦੇ ਚਹੇਤੇ ਸਨ। ਹਰ ਵਾਰ ਇਕ ਦੂਜੇ ਤੋਂ ਅਵੱਲ ਆਉਣ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਦੀ ਦੋਸਤੀ ਬਚਪਨ ਤੋਂ ਸੁਰੂ ਹੋ ਜਵਾਨੀ ਵਿੱਚ ਪੈਰ ਪਸਾਰ ਚੁੱਕੀ ਸੀ। ਦੋਵੇਂ ਆਪਸ ਵਿੱਚ ਕਾਲਜ ਜਾਣ ਦੀਆਂ ਸਲਾਹਾਂ ਕਰਨ ਲੱਗੇ। ਸੋਨੂੰ ਦਾ ਪਿਤਾ ਕਿੱਤੇ ਵਜੋ ਲੱਕੜ ਦਾ ਕੰਮ ਕਰਦਾ ਸੀ ਤੇ ਘਰ ਦੀ ਆਰਥਿਕ ਸਥਿਤੀ ਠੀਕ ਠਾਕ ਸੀ ਪਰੰਤੂ ਫਿਰ ਵੀ ਔਖੇ ਹੋਕੇ ਮਾਂ ਬਾਪ ਨੇ ਸੋਨੂੰ ਨੂੰ ਨਿੱਜੀ ਸਕੂਲ ਵਿੱਚ ਪੜ੍ਹਾਇਆ ਕਿਉਂਕਿ ਸੋਨੂੰ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਜਸਵਿੰਦਰ ਦਾ ਪਿਤਾ ਥਾਣੇਦਾਰ ਸੀ ਤੇ ਉਸਦੀ ਮਾਤਾ ਇਕ ਸਰਕਾਰੀ ਅਧਿਆਪਕਾ ਸੀ। ਘਰ ਵਿੱਚ ਪੈਸੇ ਵਲੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ। ਕਾਲਜ ਜਾਣ ਵਾਸਤੇ ਦੋਵਾਂ ਨੇ ਘਰ ਵਿੱਚ ਗੱਲ ਕੀਤੀ ਤਾਂ ਜਸਵਿੰਦਰ ਦੇ ਪਿਤਾ ਨੇ ਕਿਹਾ ਕਿ ਜਿਹੜਾ ਕਾਲਜ ਤੈਨੂੰ ਸਹੀ ਲੱਗਦਾ ਹੈ ਓਥੇ ਤੇਰਾ ਦਾਖਲਾ ਕਰਵਾ ਦਿਆਗੇ।

ਸੋਨੂੰ ਕੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਸੋਨੂੰ ਨੂੰ ਘਰ ਦੇ ਹਲਾਤ ਪਤਾ ਹੋਣ ਕਰਕੇ ਉਸਨੇ ਆਪਣੇ ਪਿਤਾ ਕੋਲ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਪਰ ਆਪਣੀ ਮਾਂ ਨਾਲ ਰਾਤ ਸੌਣ ਲੱਗੇ ਉਸਨੇ ਕਾਲਜ ਪੜ੍ਹਨ ਵਾਲੀ ਗੱਲ ਸਾਂਝੀ ਕੀਤੀ। ਸੋਨੂੰ ਦੇ ਪਿਤਾ ਨਾਲ ਜਦ ਉਸਦੀ ਮਾਂ ਨੇ ਗੱਲ ਕੀਤੀ ਤਾਂ ਅੱਗੋ ਕੋਈ ਜਵਾਬ ਨਾ ਮਿਲਿਆ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਸੋਚ ਰਿਹਾ ਹੋਵੇ ਕਿ ਇਸਦੇ ਕਾਲਜ ਦੇ ਖਰਚ ਕਿਵੇਂ ਪੂਰੇ ਕਰਾਗਾ। ਪਹਿਲਾ ਹੀ ਘਰਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਹਰਨਾਮ ਨੂੰ ਇਕਲੌਤੇ ਪੁੱਤਰ ਸੋਨੂੰ ਦਾ ਹੀ ਸਹਾਰਾ ਸੀ। ਹਰਨਾਮ ਨੇ ਹਾਉਂਕਾ ਜਿਹਾ ਭਰ ਕੇ ਆਪਣੀ ਪਤਨੀ ਰਾਜ ਕੌਰ ਨੂੰ ਕਿਹਾ ਕਿ “ਮੈਂ ਇਸਨੂੰ ਕਾਲਜ ਭੇਜਾਗਾ ਤੇ ਤੂੰ ਸੋਨੂੰ ਇਹ ਸਮਝਾ ਦੇਈ ਕਿ ਕਰਜ਼ਾ ਚੁੱਕ ਕੇ ਹੀ ਤੇਰੀ ਪੜ੍ਹਾਈ ਕਰਵਾ ਰਿਹਾ ਹਾਂ, ਵੇਖੀ ਕਿਤੇ ਸਾਡੀਆਂ ਆਸਾਂ ਤੇ ਪਾਣੀ ਨਾ ਫਿਰ ਜਾਏ। ਸੋਨੂੰ ਬਹੁਤ ਖੁਸ਼ ਹੋਇਆ ਤੇ ਉਸਨੇ ਇਸ ਬਾਰੇ ਜਸਵਿੰਦਰ ਨਾਲ ਗੱਲ ਕੀਤੀ। ਸ਼ਹਿਰ ਦੇ ਮਸ਼ਹੂਰ ਨਿਜੀ ਕਾਲਜ ਦੀ ਫੀਸ ਜਿਆਦਾ ਹੋਣ ਕਰਕੇ ਸੋਨੂੰ ਦਾ ਦਾਖਲਾ ਉਸ ਕਾਲਜ ਵਿੱਚ ਨਾ ਹੋ ਸਕਿਆ ਜਿੱਥੇ ਜਸਵਿੰਦਰ ਨੇ ਦਾਖਲਾ ਲੈਣਾ ਸੀ। ਸੋਨੂੰ ਤੇ ਜਸਵਿੰਦਰ ਦੋਵੇਂ ਉਦਾਸ ਸੀ ਕਿਉਕਿ ਉਹ ਇਕੱਠੇ ਹੀ ਸਾਰੀ ਪੜ੍ਹਾਈ ਕਰਦੇ ਸਨ ਤੇ ਉਨ੍ਹਾਂ ਦਾ ਮਨ ਪੜ੍ਹਾਈ ਵਿੱਚ ਲੱਗਿਆ ਰਹਿੰਦਾ ਸੀ। ਜਸਵਿੰਦਰ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਉਹ ਸੋਨੂੰ ਦੀ ਫੀਸ ਭਰਕੇ ਉਸਨੂੰ ਵੀ ਇਸੇ ਹੀ ਕਾਲਜ ਵਿੱਚ ਦਾਖਲ ਕਰਵਾਉਣ। ਪਰ ਜਸਵਿੰਦਰ ਦੇ ਪਿਤਾ ਨੇ ਸਾਫ ਇਨਕਾਰ ਕਰਦਿਆ ਕਿਹਾ “ਕਿ ਸਕੂਲ ਤੱਕ ਤਾ ਠੀਕ ਸੀ ਪਰ ਹੁਣ ਕਾਲਜ ਵਿੱਚ ਵੀ ਤੈਨੂੰ ਉਸ ਗਰੀਬ ਦਾ ਸਾਥ ਚਾਹੀਦਾ ਹੈ? ਆਪਣਾ ਤੇ ਉਨ੍ਹਾਂ ਦਾ ਸਟੇਟਸ ਵੇਖ, ਕਿਸੇ ਪਾਸੇ ਵੀ ਉਨ੍ਹਾਂ ਦੀ ਸਾਡੇ ਨਾਲ ਬਰਾਬਰੀ ਹੈ? ਮੈਨੂੰ ਤਾਂ ਤੇਰੀ ਸਮਝ ਨਹੀਂ ਆਉਦੀ ਤੂੰ ਹਰ ਵੇਲੇ ਉਸਦੇ ਨਾਲ ਹੀ ਚਿੰਬੜਿਆ ਕਿਉਂ ਰਹਿੰਦਾ ਹੈ?

ਇਹ ਗੱਲਾਂ ਜਸਵਿੰਦਰ ਦੀ ਮਾਂ ਵੀ ਸੁਣ ਰਹੀ ਸੀ। ਇਸਤੋਂ ਪਹਿਲਾ ਕਿ ਜਸਵਿੰਦਰ ਕੁਝ ਬੋਲਦਾ ਉਸਦੀ ਮਾਂ ਕਹਿਣ ਲੱਗੀ ਕਿ ਇਹਨੂੰ ਤਾਂ ਓਥੇ ਪੜ੍ਹਾਉਣਾ ਹੀ ਨਹੀਂ ਜਿੱਥੇ ਸੋਨੂੰ ਪੜ੍ਹ ਰਿਹਾ ਹੈ। ਇਹ ਸਾਰੀਆਂ ਗੱਲਾਂ ਸੁਣ ਜਸਵਿੰਦਰ ਦਾ ਮਨ ਉਦਾਸ ਹੋ ਗਿਆ। ਉਸਨੂੰ ਸਮਝ ਨਹੀਂ ਸੀ ਆ ਰਹੀ ਹੈ ਕਿ ਉਹ ਸੋਨੂੰ ਨੂੰ ਕੀ ਦੱਸੇਗਾ। ਹਰਨਾਮ ਤੇ ਸੋਨੂੰ ਜਸਵਿੰਦਰ ਦੇ ਘਰ ਆਏ। ਦਰਵਾਜ਼ੇ ਤੇ ਲੱਗੀ ਘੰਟੀ ਨੂੰ ਵਜਾਇਆ ਜਸਵਿੰਦਰ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ, ਹਰਨਾਮ ਤੇ ਸੋਨੂੰ ਨੂੰ ਵੇਖ ਉਸਦਾ ਰੰਗ ਉੱਡ ਗਿਆ। ਜਸਵਿੰਦਰ ਦੇ ਪਿਤਾ ਨੇ ਉਨ੍ਹਾਂ ਨੂੰ ਅੰਦਰ ਆਉਣ ਲਈ ਨਹੀਂ ਕਿਹਾ ਪਰ ਜਸਵਿੰਦਰ ਨੇ ਸੋਨੂੰ ਤੇ ਉਸਦੇ ਪਿਤਾ ਨੂੰ ਅੰਦਰ ਬੁਲਾਇਆ, ਹਰਨਾਮ ਨੂੰ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਦੇ ਘਰ ਆਉਣ ਤੇ ਜਸਵਿੰਦਰ ਦੇ ਮਾਤਾ ਪਿਤਾ ਖੁਸ਼ ਨਹੀਂ। ਹਰਨਾਮ ਨੇ ਜਦੋ ਕੁਲਵੰਤ ਨਾਲ ਦੋਨਾਂ ਬੱਚਿਆਂ ਨੂੰ ਇਕ ਹੀ ਕਾਲਜ ਵਿੱਚ ਦਾਖਲ ਕਰਵਾਉਣ ਦੀ ਗੱਲ ਕੀਤੀ ਤਾਂ ਕੁਲਵੰਤ ਗੁੱਸੇ ਵਿੱਚ ਬੋਲਿਆ ਕਿ ਅਸੀਂ ਤਾਂ ਇਸਨੂੰ ਇਸੇ ਹੀ ਕਾਲਜ ਪੜ੍ਹਾਉਣਾ ਜਿਹੜੇ ਕਾਲਜ ਇਸਦਾ ਦਾਖਲਾ ਕਰਵਾਇਆ ਹੈ ਤੁਸੀ ਆਪਣੇ ਲੜਕੇ ਨੂੰ ਕਿਤੇ ਹੋਰ ਪੜ੍ਹਾਓ। ਹਰਨਾਮ ਨਿਮਰਤਾ ਭਾਵ ਵਿੱਚ ਕਹਿਣ ਲੱਗਾ ਮੈਂ ਸੋਨੂੰ ਦਾ ਦਾਖਲਾ ਉਸੇ ਕਾਲਜ ਵਿੱਚ ਕਰਵਾ ਦੇਵਾਗਾ ਜਿਸ ਕਾਲਜ ਵਿੱਚ ਜਸਵਿੰਦਰ ਦਾ ਤੁਸੀਂ ਦਾਖਲਾ ਕਰਵਾਇਆ ਹੈ। ਅਸਲ ਵਿੱਚ ਥਾਣੇਦਾਰ ਸਾਬ ਜੀ ਇਹ ਦੋਵੇਂ ਇਕ ਦੂਜੇ ਨਾਲ ਰਲ ਕੇ ਚੰਗੀ ਪੜ੍ਹਾਈ ਕਰਦੇ ਹਨ ਤੇ ਖੁਸ਼ ਵੀ ਰਹਿੰਦੇ ਹਨ। ਇੰਨੇ ਨੂੰ ਜਸਵਿੰਦਰ ਦੀ ਮਾਂ ਕਹਿਣ ਲੱਗੀ ‘ਕਿ ਵੀਰ ਜੀ ਅਸੀਂ ਤੁਹਾਡੇ ਲੜਕੇ ਨਾਲ ਇਸਨੂੰ ਨਹੀਂ ਪੜ੍ਹਾਉਣਾ, ਤੁਸੀਂ ਇਸਦਾ ਦਾਖਲਾ ਕਿਸੇ ਹੋਰ ਕਾਲਜ ਕਰਵਾ ਦਿਓ।” ਸੋਨੂੰ ਕਹਿਣ ਲੱਗਾ ਕਿ ਅੰਟੀ ਜੀ ਅਸੀਂ ਇਕੱਠੇ ਪੜ੍ਹਣਾ ਚਾਹੁੰਦੇ ਹਾਂ। ਇੰਨੇ ਨੂੰ ਕੁਲਵੰਤ ਬੋਲਿਆ ਕਿ ਤੁਹਾਡਾ ਸਾਡੇ ਨਾਲ ਕੀ ਮੇਲ ਅਸੀਂ ਜਸਵਿੰਦਰ ਨੂੰ ਨਹੀਂ ਤੁਹਾਡੇ ਲੜਕੇ ਨਾਲ ਪੜ੍ਹਾਉਣਾ ਲੈ ਜਾਓ ਇਸਨੂੰ।

ਜੇਕਰ ਸਾਡਾ ਲੜਕਾ ਇਹਦੇ ਨਾਲ ਪੜੇਗਾ ਤਾ ਇਹਦੀ ਵੀ ਸੋਚ ਗਰੀਬ ਹੋ ਜਾਵੇਗੀ। ਮੈਂ ਇਹਨੂੰ ਅਫਸਰ ਲਵਾਉਣਾ ਪੜਾ ਲਿਖਾ ਕੇ ਤੇ ਤੁਹਾਡੇ ਲੜਕੇ ਨੇ ਤਾਂ ਵੱਡੇ ਹੋ ਕੈ ਲੱਕੜ ਦਾ ਹੀ ਕੰਮ ਕਰਨਾ। ਮੇਰੀ ਮੰਨੋ ਇਹਨੂੰ ਘਰੇ ਰੱਖੋ ਐਵੇ ਆਪਣੇ ਪੈਸੇ ਬਰਬਾਦ ਨਾ ਕਰੋ, ਨਾ ਹੀ ਕਰਜਾ ਲਓ, ਕੱਲ ਨੂੰ ਕੀ ਪਤਾ ਕੋਈ ਨੌਕਰੀ ਵੀ ਮਿਲੇ ਨਾ ਮਿਲੇ। ਉਦਾਸ ਚਿਹਰੇ ਨਾਲ ਸੋਨੂੰ ਤੇ ਹਰਨਾਮ ਕੁਲਵੰਤ ਦੇ ਘਰੋ ਚਲੇ ਗਏ। ਜਸਵਿੰਦਰ ਮਨ ਹੀ ਮਨ ਬਹੁਤ ਪ੍ਰੇਸ਼ਾਨ ਸੀ। ਜਸਵਿੰਦਰ ਰੋਜ਼ਾਨਾ ਦੀ ਤਰਾਂ ਕਾਲਜ ਪੜ੍ਹਨ ਜਾਇਆ ਕਰਦਾ ਪਰ ਉਸਦਾ ਮਨ ਪੜ੍ਹਾਈ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ। ਸੋਨੂੰ ਦੇ ਮਾਤਾ ਪਿਤਾ ਨੇ ਉਸਨੂੰ ਸਮਝਾਇਆ ਕਿ ਸਿਰਫ ਤੂੰ ਹੀ ਸਾਡਾ ਸਹਾਰਾ ਹੈ ਤੇ ਤੂੰ ਹੀ ਸਾਡਾ ਕਰਜ ਵੀ ਉਤਾਰ ਸਕਦਾ ਹੈ। ਸਾਡੇ ਕੋਲ ਏਨੀ ਪੂੰਜੀ ਨਹੀਂ ਕਿ ਲਿਆ ਹੋਇਆ ਕਰਜ਼ ਸਮੇਤ ਵਿਆਜ ਮੋੜ ਦੇਈਏ। ਤੂੰ ਹਰ ਵਾਰ ਚੰਗੇ ਨੰਬਰਾਂ ਨਾਲ ਪਾਸ ਹੋਣਾ ਹੈ। ਸੋਨੂੰ ਹਾਂ ਵਿੱਚ ਸਿਰ ਹਿਲਾਉਦਾ, ਆਪਣੇ ਮਾਤਾ ਪਿਤਾ ਨੂੰ ਯਕੀਨ ਦਿਵਾਉਂਦਾ ਹੈ ਕਿ ਮੈਂ ਹਰ ਵਾਰ ਚੰਗੇ ਨੰਬਰਾਂ ਨਾਲ ਪਾਸ ਹੋਵਾਗਾ। ਜਸਵਿੰਦਰ ਪਹਿਲੇ ਸਾਲ ਪਾਸ ਤਾਂ ਹੋਇਆ ਪਰ ਗੁਜ਼ਾਰੇ ਜੋਗੇ ਨੰਬਰਾਂ ਨਾਲ ਤੇ ਸੋਨੂੰ ਦੂਜੇ ਦਰਜੇ ਤੇ ਕਾਲਜ ਵਿੱਚ ਪਾਸ ਹੋਇਆ। ਤਿੰਨ ਸਾਲਾਂ ਬਾਅਦ ਉਨ੍ਹਾਂ ਦੀ ਕਾਲਜ ਦੀ ਪੜ੍ਹਾਈ ਪੂਰੀ ਹੋਈ ਦੋਵੇਂ ਪਾਸ ਹੋਏ। ਸੋਨੂੰ ਦਾ ਪਿਤਾ ਉਸਨੂੰ ਅੱਗੇ ਨਹੀਂ ਸੀ ਪੜਾ ਸਕਦਾ ਪਰ ਸੋਨੂੰ ਪੜ੍ਹਨਾ ਚਾਹੁੰਦਾ ਸੀ, ਸੋਨੂੰ ਨਾਲ ਹੀ ਪੀ.ਸੀ.ਐਸ ਦੀ ਤਿਆਰੀ ਕਰਨ ਲੱਗਾ। ਪੈਸੇ ਦੀ ਕਮੀ ਕਰਕੇ ਉਸਦੀ ਪੜ੍ਹਾਈ ਵਿਚ ਬਹੁਤ ਸਮੱਸਿਆ ਆਈ ਪਰ ਹਿੰਮਤ ਨਾ ਹਾਰੀ।

ਕੁਲਵੰਤ ਨੇ ਸਿਫਾਰਿਸ਼ ਦੇ ਜਰੀਏ ਜਸਵਿੰਦਰ ਨੂੰ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ। ਜਸਵਿੰਦਰ ਆਪਣੇ ਨੌਕਰੀ ਲੱਗਣ ਦੀ ਖੁਸ਼ੀ ਸੋਨੂੰ ਦੇ ਪਰਿਵਾਰ ਨਾਲ ਸਾਂਝੀ ਕਰਨ ਲਈ ਆਪਣੇ ਪਿਤਾ ਨੂੰ ਮਨਾ ਸੋਨੂੰ ਦੇ ਘਰ ਲੈ ਗਿਆ। ਸੋਨੂੰ ਦੇ ਘਰ ਪਹੁੰਚਿਆ ਤਾਂ ਦੋਵੇਂ ਇਕ ਦੂਜੇ ਨੂੰ ਦੇਖ ਬਹੁਤ ਖੁਸ਼ ਹੋਏ ਤੇ ਸੋਨੂੰ ਜਸਵਿੰਦਰ ਨੂੰ ਕਹਿਣ ਲੱਗਾ ਕਿ ਮੈਂ ਸੁਣਿਆ ਤੂੰ ਭਰਤੀ ਹੋ ਗਿਆ ਹੈ ਫਾਰਮ ਤਾਂ ਮੈਂ ਵੀ ਭਰੇ ਸਨ, ਦੋੜ ਵੀ ਪਾਸ ਕਰ ਲਈ ਸੀ ਤੇ ਪੇਪਰ ਦੇ ਦਿੱਤਾ ਪਰ ਪਤਾ ਨਹੀਂ ਮੇਰਾ ਨੰਬਰ ਨਹੀਂ ਆਇਆ। ਚੱਲ ਕੋਈ ਨਾ ਬਹੁਤ ਵਧੀਆ ਹੋਇਆ, ਤੈਨੂੰ ਟਾਇਮ ਨਾਲ ਨੌਕਰੀ ਮਿਲ ਗਈ । ਹਰਨਾਮ ਵੀ ਜਸਵਿੰਦਰ ਨੂੰ ਵਧਾਈ ਦਿੰਦਾ ਹੋਇਆ ਕਹਿੰਦਾ ਕਿ ਤੁਸੀਂ ਦੋਵੇਂ ਬਹੁਤ ਸਿਆਣੇ ਹੋ ਪਹਿਲਾ ਜੋ ਵੀ ਹੋਇਆ ਛੱਡੋ ਅੱਗੇ ਤੋਂ ਆਪਸ ਵਿੱਚ ਮਿਲਦੇ ਰਿਹਾ ਕਰੋ। ਜਸਵਿੰਦਰ ਦਾ ਪਿਤਾ ਇਹ ਸਬ ਕੁਝ ਸੁਣ ਰਿਹਾ ਸੀ ਤੇ ਕਹਿਣ ਲੱਗਾ ਕਿ ਠੀਕ ਐ ਆਪ ਤਾ ਤੁਹਾਡਾ ਮੁੰਡਾ ਵਿਹਲੜ ਹੈ ਤੇ ਮੇਰੇ ਮੁੰਡੇ ਦਾ ਵੀ ਧਿਆਨ ਭਟਕਾਊ, ਨਾਲੇ ਜੇ ਮੈ ਇਹਨੂੰ ਨਾ ਪੜਾਉਦਾ ਤਾਂ ਇਨੇ ਵੀ ਸੋਨੂੰ ਵਾਂਗ ਵਿਹਲੇ ਰਹਿਣਾ ਸੀ। ਸਾਡਾ ਤੇ ਤੁਹਾਡਾ ਜਮੀਨ ਅਸਮਾਨ ਦਾ ਫਰਕ ਹੈ ਜੱਸੇ ਦੇ ਕਹਿਣ ਤੇ ਮੈਂ ਤੁਹਾਡੇ ਘਰ ਆ ਗਿਆ।

ਚਲਦੇ ਆ ਤੁਸੀਂ ਆਪਣੇ ਘਰ ਤੇ ਮੈਂ ਆਪਣੇ।

ਕਿਤੇ ਕਿਤੇ ਜਸਵਿੰਦਰ ਸੋਚਦਾ ਮੈਂ ਗਲਤੀ ਕਰ ਲਈ ਮੇਰੇ ਕਰਕੇ ਭਲੇਮਾਣਸਾਂ ਦੀ ਵਾਰ ਵਾਰ ਬੇਇੱਜਤੀ ਹੋਈ। ਜਦੋਂ ਉਸਤੋਂ ਰਿਹਾ ਨਾ ਗਿਆ ਤਾਂ ਆਪਣੇ ਬਾਪ ਨੂੰ ਕਹਿੰਦਾ ਕਿ ਤੁਸੀਂ ਠੀਕ ਨਹੀਂ ਕੀਤਾ?
ਜਸਵਿੰਦਰ ਹੈਰਾਨ ਤਾ ਉਦੋਂ ਹੋਇਆ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੇ ਪਿਤਾ ਨੇ ਸੋਨੂੰ ਦੀ ਜਗ੍ਹਾ ਮੈਨੂੰ ਭਰਤੀ ਕਰਵਾਇਆ। ਮਹਿਕਮੇ ‘ਚ ਨੰਬਰ ਵੀ ਮੇਰੇ ਨਾਲੋਂ ਵੱਧ। ਜਸਵਿੰਦਰ ਬੇਹੱਦ ਬਹੁਤ ਦੁਖੀ ਸੀ।

ਸਮਾਂ ਬੀਤਿਆ….
ਸੋਨੂੰ ਦੇ ਘਰ ਡਾਕ ਰਾਹੀ ਪੈਸੇ ਆਉਣ ਲੱਗੇ। ਡਾਕੀਆ ਦਸਤਖਤ ਕਰਵਾ ਕੇ ਚਲਾ ਜਾਵੇ ਪਰ ਕੁਝ ਦਸਿਆ ਨਾ ਕਰੇ।

ਕਰੀਬ ਛੇ ਮਹੀਨਿਆਂ ਬਾਅਦ ਸੋਨੂੰ ਦੀ ਮਿਹਨਤ ਕਾਰਨ ਆਸਾਂ ਦਾ ਬੂਰ ਪਿਆ ਤੇ ਉਹ ਪੀ.ਸੀ.ਐਸ. ਪਾਸ ਕਰ ਗਿਆ ਤੇ ਉਸਨੂੰ ਪ੍ਰਤੀਤ ਹੋਣ ਲੱਗਿਆ ਜਿਵੇਂ ਉਹਨੇ ਸਾਰਾ ਜਹਾਨ ਜਿੱਤ ਲਿਆ ਹੋਵੇ।
ਉਸਦੇ ਅੰਦਰ ਦਾ ਸੁਖ ਸ਼ਾਤਮਈ ਸ਼ੋਰ ਦੀਆਂ ਕਿਲਕਾਰੀਆਂ ਮਾਰ ਰਿਹਾ ਸੀ ਤੇ ਆਪਣੇ ਆਪ ਦੀ ਪਹਿਚਾਣ ਇਕ ਅਫਸਰ ਦੇ ਤੌਰ ਤੇ ਕਰਨ ਲੱਗਾ। ਸੋਚਣ ਲੱਗਾ ਕਿ ਪੈਸੇ ਦੀ ਤੰਗੀ ਦੇ ਨਾਲ ਨਾਲ ਲੋਕਾਂ ਦੇ ਮੇਹਣਿਆ ਦਾ ਵੀ ਜਵਾਬ ਦਊ।

ਪੀ.ਸੀ.ਐਸ. ਪਾਸ ਕਰਨ ਤੇ ਇਲਾਕੇ ਦੇ ਡੀ.ਐਸ.ਪੀ. ਦਾ ਇੰਚਾਰਜ ਉਸਨੂੰ ਮਿਲ ਗਿਆ ਜਿੱਥੇ ਜਸਵਿੰਦਰ ਦਾ ਪਿਤਾ ਨੌਕਰੀ ਕਰਦਾ ਸੀ। ਪਹਿਲੇ ਦਿਨ ਹੀ ਦੋਨਾਂ ਦੀ ਮੁਲਾਕਾਤ ਹੋਈ ਤੇ ਜਸਵਿੰਦਰ ਦਾ ਪਿਤਾ ਸੋਨੂੰ ਨਾਲ ਅੱਖ ਨਹੀਂ ਸੀ ਮਿਲਾ ਰਿਹਾ ਫਿਰ ਵੀ ਸਲੂਟ ਮਾਰ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਕੁਲਵੰਤ ਨੇ ਜਦ ਸਾਰੀ ਗੱਲ ਜਸਵਿੰਦਰ ਨੂੰ ਦੱਸੀ ਤਾ ਉਸਦੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ।

ਜਸਵਿੰਦਰ ਛੁੱਟੀ ਲੈ ਆਪਣੇ ਜਿਗਰੀ ਦੋਸਤ ਨੂੰ ਮਿਲਣ ਲਈ ਗਿਆ। ਪਰ ਜਦੋਂ ਪਤਾ ਲੱਗਾ ਜਸਵਿੰਦਰ ਆਇਆ ਤਾਂ ਜਸਵਿੰਦਰ ਦੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕਹੋ ਕਿ ਇੰਤਜ਼ਾਰ ਕਰਨ। ਇਹ ਸੁਣ ਜਸਵਿੰਦਰ ਨੂੰ ਲੱਗਾ ਕਿ ਉਸਨੂੰ ਹਜੇ ਵੀ ਮੇਰੇ ਨਾਲ ਗੁੱਸਾ ਹੈ ਉਹ ਬਾਹਰ ਬੈਠਾ ਘੰਟਾ ਭਰ ਡੀ.ਐਸ.ਪੀ. ਦੇ ਬੁਲਾਉਣ ਦੀ ਉਡੀਕ ਕਰਦਾ ਰਿਹਾ। ਘੰਟੀ ਵੱਜਦੀ ਹੈ ਗੰਨਮੈਨ ਜਸਵਿੰਦਰ ਨੂੰ ਸਾਹਬ ਨਾਲ ਮਿਲਣ ਲਈ ਬੁਲਾਉਂਦਾ ਹੈ ਤਾਂ ਜਸਵਿੰਦਰ ਖੁਸ਼ੀ ਨਾਲ ਦਫਤਰ ਵਿੱਚ ਵੜ੍ਹ ਸੋਨੂੰ ਨੂੰ ਹੱਥ ਮਿਲਾਉਣ ਲਈ ਅੱਗੇ ਵਧਦਾ ਹੈ ਕਿ ਸੋਨੂੰ ਖੜ੍ਹਾ ਹੋ ਕਹਿਣ ਲੱਗਦਾ ਕਿ ਤੈਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਅਫਸਰਾਂ ਨੂੰ ਪਹਿਲਾ ਸਲੂਟ ਮਾਰੀਦਾ ਫਿਰ ਕੋਈ ਗੱਲ ਕਰੀਦੀ ਐ। ਏਨੇ ਨੂੰ ਫਾਇਲ ਸਾਇਨ ਕਰਵਾਉਣ ਕੁਲਵੰਤ ਦਫਤਰ ਆ ਪੁੱਜਾ ਜਸਵਿੰਦਰ ਨੇ ਉਸਨੂੰ ਵੀ ਅੰਦਰ ਬੁਲਾ ਲਿਆ।

ਅਫਸਰ ਬਣੇ ਸੋਨੂੰ ਨੇ ਖਰੀਆਂ ਖਰੀਆਂ ਨਾਲ ਸਵਾਗਤ ਕੀਤਾ।

ਆਕੜ ਭਰੇ ਬੋਲਾਂ ਨਾਲ ਕੁਲਵੰਤ ਨੂੰ ਕਿਹਾ, “ਕੁਲਵੰਤ ਸਿਆਂ ਵਰਦੀ ਪੁਲਿਸ ਦੀ ਪਹਿਨੀ ਹੈ ਪਰ ਏਨੀ ਵੀ ਤਮੀਜ ਨਹੀ ਕਿ ਅਫਸਰ ਨਾਲ ਗੱਲ ਕਰਨ ਤੋਂ ਪਹਿਲਾਂ ਸਿਲਊਟ ਮਾਰੀ ਦੀ ਆ।”
ਬਿਨਾਂ ਗੱਲ ਕੀਤੇ ਸੋਨੂੰ ਡੀ ਐਸ ਪੀ ਅੱਗੇ ਤੁਰਦੇ ਬਣੇ।

ਇਸ ਤਰ੍ਹਾਂ ਦੇ ਵਰਤਾਰੇ ਨੂੰ ਜਸਵਿੰਦਰ ਭਲੀਭਾਂਤ ਸਮਝਦਾ ਸੀ। ਪਰ ਕਿਤੇ ਕਿਤੇ ਸੋਚਦਾ ਕਿ ਇਸ ਤਰ੍ਹਾਂ ਜਲੀਲ ਵੀ ਨਹੀਂ ਸੀ ਕਰਨਾ ਚਾਹੀਦਾ।

ਸਮਾਂ ਬੀਤਿਆ .
ਇਕ ਦਿਨ ਡੀ ਐਸ ਪੀ ਨੇ ਕੁਲਵੰਤ ਦੀ ਨਾਕੇ ਤੇ ਕਿਸੇ ਤੋਂ ਰਿਸ਼ਵਤ ਲੈਣ ਦੀ ਖਬਰ ਬਾਰੇ ਸੁਣਿਆਂ ਤਾਂ ਜਲਦ ਹੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਦਰਅਸਲ ਨਾਕੇ ਤੇ ਟੱਕਰੇ ਕਿਸੇ ਵਿਅਕਤੀ ਨੇ ਕੁਲਵੰਤ ਦੇ ਪੈਸੇ ਦੇਣੇ ਸੀ। ਇਸ ਪੈਸੇ ਦੇਣ ਦੀ ਪ੍ਰਕਿਰਿਆ ਨੂੰ ਕੈਮਰੇ ਵਿੱਚ ਕੈਦ ਕਰ ਹੌਲਦਾਰ ਸੁਲੱਖਣ ਸਿੰਘ ਨੇ ਡੀ ਐਸ ਪੀ ਨੂੰ ਸੁਨੇਹਾ ਭੇਜਿਆ ਸੀ।

ਕੁਲਵੰਤ ਅਣਜਾਣ ਸੀ। ਡੀ ਐਸ ਪੀ ਨੇ ਸਖਤ ਕਾਰਵਾਈ ਕਰਦਿਆਂ ਐਸ ਐਸ ਪੀ ਨੂੰ ਖਤ ਲਿਖ ਭੇਜਿਆ ਕਿ ਕਲਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰਦਿਆਂ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।

ਇਸ ਘਟਨਾ ਦਾ ਜਦ ਜਸਵਿੰਦਰ ਨੂੰ ਇਲਮ ਹੋਇਆ ਤਾਂ ਉਸਨੇ ਡੀ ਐਸ ਪੀ ਸੋਨੂੰ ਨੂੰ ਮਿਲਣਾ ਚਾਹਿਆ ਪਰ ਅਗੋਂ ਨਾ ਮਿਲਣ ਦਾ ਜਵਾਬ ਮਿਲਿਆ।
ਜਸਵਿੰਦਰ ਨੇ ਘਰ ਪਹੁੰਚ ਕੀਤੀ। ਸੋਨੂੰ ਦੇ ਮਾਂ ਪਿਓ ਨੂੰ ਦੱਸਿਆ ਕਿ ਉਨ੍ਹਾਂ ਨੂੰ ਧੋਖੇ ਨਾਲ ਫਸਾਇਆ ਜਾ ਰਿਹਾ ਹੈ। ਉਹ ਕਦੇ ਰਿਸ਼ਵਤ ਨਹੀ ਲੈ ਸਕਦੇ।
ਪਰ ਉਨ੍ਹਾਂ ਵੀ ਜਸਵਿੰਦਰ ਦੀ ਇਕ ਨਾ ਸੁਣੀ। ਅਗੇ ਤੋਂ ਉਸਨੂੰ ਨੂੰ ਘਰ ਨਾ ਆਉਣ ਦੀ ਅਪੀਲ ਕੀਤੀ। ਜਸਵਿੰਦਰ ਅਦਾਲਤ ਵਿੱਚ ਪਿਤਾ ਦੇ ਨਿਰਦੋਸ਼ ਹੋਣ ਤੇ ਸਬੂਤ ਨਾ ਪੇਸ਼ ਕਰ ਸਕਿਆ।
ਡੀ ਐਸ ਪੀ ਦੀ ਪੁਰਜ਼ੋਰ ਸਿਫਾਰਸ਼ ਤੇ ਅਦਾਲਤੀ ਕਾਰਵਾਈ ਦੇ ਵਿਚ ਵੀ ਕੁਲਵੰਤ ਦੋਸ਼ੀ ਪਾਇਆ ਗਿਆ ।

ਜਸਵਿੰਦਰ ਆਪਣੀ ਦੋਸਤੀ ਨੂੰ ਯਾਦ ਕਰਨ ਲਗਿਆ। ਮਨ ਹੀ ਮਨ ਸੋਚਦਾ ਕਿ ਸਾਡੀ ਦੋਸਤੀ ਦੀ ਮਿਸਾਲ ਤਾਂ ਸਾਰੀ ਦੁਨੀਆਂ ਨੇ ਦੇਣੀ ਸੀ ਪਰ ਸ਼ਾਇਦ ਮੈ ਚੰਗਾ ਦੋਸਤ ਨਹੀਂ ਬਣ ਸਕਿਆ।
ਜ਼ਮਾਨਤ ਆਉਣ ਤੇ ਜਦ ਪਿਤਾ ਘਰ ਆਇਆ ਤਾਂ ਪੁਤ ਦੇ ਗਲ ਲਗ ਰੋਇਆ ਮੈਨੂੰ ਮਾਫ ਕਰੀਂ ਮੈਨੂੰ ਤੇਰੇ ਦੋਸਤ ਨੂੰ ਸਮਝਣ ਵਿੱਚ ਬਹੁਤ ਵੱਡੀ ਭੁਲ ਹੋਈ।
ਅਗਲੀ ਸਵੇਰ ਜਸਵਿੰਦਰ ਨੇ ਆਪਣੇ ਪਿਤਾ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ ਤਾਂ ਭੁਬਾਂ ਮਾਰ ਮਾਰ ਰੋਇਆ।
ਇਸ ਦੁਖੀ ਸਮੇਂ ‘ਚ ਉਸ ਨਾਲ ਕੋਈ ਵੀ ਨਾ ਖੜਿਆ।

ਸਮਾਂ ਬੀਤਿਆ ..
ਸੋਨੂੰ ਨੂੰ ਜਦ ਜਸਵਿੰਦਰ ਦੇ ਪਿਤਾ ਦੇ ਮਰ ਜਾਣ ਦੀ ਖਬਰ ਮਿਲੀ ਤਾਂ ਉਸਨੇ ਕੋਈ ਅਫਸੋਸ ਜਾਹਰ ਨਾ ਕੀਤਾ ਸਗੋਂ ਮਾਂ ਪਿਓ ਨੂੰ ਆਖਿਆ ਕਿ ਉਸਦੇ ਪਾਪ ਦਾ ਘੜਾ ਭਰ ਚੁਕਿਆ ਸੀ।
ਇਕ ਦਿਨ ਫਿਰ ਆਗਿਆਤ ਨਾਂ ਤੇ ਉਸਦੇ ਘਰ ਖਤ ਆਇਆ। ਉਸ ਦਿਨ ਸੋਨੂੰ ਘਰ ਹੀ ਸੀ। ਖਤ ਬੇਸ਼ੱਕ ਕਿਸੇ ਅਜਨਬੀ ਦਾ ਸੀ ਪਰ ਖਤ ਵਿਚਲੇ ਬੋਲਾਂ ਨੇ ਅਹਿਸਾਸ ਕਰਵਾਇਆ ਕਿ ਇਹ ਕਿਸ ਨੇ ਲਿਖਿਆ….

ਖਤ ਵਿਚਲੇ ਬੋਲ ਸਨ , ਮੇਰੇ ਅਜ਼ੀਜ ਕਿਸੇ ਵੇਲੇ ਮੇਰੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ ਪਰ ਅਜ ਉਹ ਨਾ ਰਹੀ। ਜਦ ਮੈਨੂੰ ਇਹ ਪਤਾ ਲਗਿਆ ਸੀ ਕਿ ਤੇਰੀ ਜਗ੍ਹਾ ਮੈਨੂੰ ਨੌਕਰੀ ਮਿਲੀ ਮੈ ਬੇਹੱਦ ਰੋਇਆ, ਹੱਸਿਆ ਨਹੀ ਪਰ ਮੈ ਕੁਝ ਨਾ ਕਰ ਸਕਿਆ। ਅਫਸਰ ਬਣਨ ਤੋਂ ਪਹਿਲਾਂ ਆਉਂਦੇ ਡਾਕ ਰਾਹੀ ਪੈਸੇ ਜਰੂਰ ਭੇਜਿਆ ਕਰਨੇ ਕਿ ਇਸ ਤੇ ਮੇਰੇ ਮਿੱਤਰ ਦਾ ਹੱਕ ਹੈ। ਜਦ ਤੂੰ ਅਫਸਰ ਬਣਨ ਲਈ ਪੇਪਰ ਦਿੱਤਾ ਤਾਂ ਤੇਰਾ ਪੇਪਰ ਵੀ ਮੈ ਹੀ ਚੈੱਕ ਕੀਤਾ ਸੀ ਕਿ ਮੇਰਾ ਦੋਸਤ ਅਫਸਰ ਬਣੂ। ਜਦ ਤੇਰੇ ਅਫਸਰ ਰੈਂਕ ਚੁਣੇ ਜਾਣ ਦੀ ਖਬਰ ਮਿਲੀ ਤਾਂ ਮੈ ਬੜੇ ਚਾਵਾਂ ਨਾਲ ਤੈਨੂੰ ਮਿਲਣ ਆਇਆ ਸੀ। ਮੇਰਾ ਬਾਪ ਏਨਾ ਵੀ ਮਾੜਾ ਨਹੀ ਸੀ। ਗਲਤੀ ਦਾ ਅਹਿਸਾਸ ਉਸਨੇ ਸਭ ਦੱਸ ਕੇ ਕੀਤਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ। ਪਰ ਮੁਸ਼ਕਿਲ ਸਮੇਂ ‘ਚ ਤੂੰ ਇਕ ਵਾਰ ਵੀ ਨਹੀਂ ਸੁਣੀ। ਸੋਚਦਾ ਸੀ ਕਿ ਇਹ ਸਮਾਂ ਤੇਰਾ ਹੈ ਸ਼ਾਇਦ ਤੂੰ ਸਬਕ ਸਿਖਾਉਣ ਲਈ ਕਰ ਰਿਹਾ ਪਰ ਤੇਰੇ ਇਸ ਘਮੰਡ ਨੇ ਤਾਂ ਮੇਰੀ ਜਿੰਦਗੀ ਹੀ ਬਰਬਾਦ ਕਰ ਦਿੱਤੀ। ਤੂੰ ਇਕ ਸਲੂਟ ਤੇ ਮੈਨੂੰ ਟੋਕਿਆ ਸੀ ਮੈ ਹਰ ਰੋਜ ਤੇਰੀ ਸੋਚ ਨੂੰ ਸਲੂਟ ਮਾਰਦਾ ਹਾਂ, ਫਿਰ ਮਿਲਾਂਗੇ।

ਖਤ ਪੜ੍ਹ ਸੋਨੂੰ ਰੋਇਆ ਤੇ ਉਸੇ ਸਮੇਂ ਜਸਵਿੰਦਰ ਦੇ ਘਰ ਗਿਆ। ਪਰ ਪਤਾ ਲੱਗਾ ਕਿ ਪਿਉ ਪੁੱਤ ਦੁਨੀਆਂ ਤੋਂ ਚਲ ਵੱਸੇ। ਜਸਵਿੰਦਰ ਦੀ ਮਾਂ ਨੇ  ਸੋਨੂੰ ਨੂੰ ਸਲੂਟ ਮਾਰਿਆ ਤੇ ਕਿਹਾ ਕਿ ਮੇਰਾ ਪੁੱਤ ਆਖਦਾ ਸੀ ਮਾਂ ਜਦੋਂ ਵੀ ਸਾਬ ਕਿਤੇ ਮਿਲੇ ਮੇਰੇ ਹਿੱਸੇ ਦਾ ਸਲੂਟ ਮਾਰ ਦੇਣਾ….

Previous articleChennai police yet to serve me with FIR copy: Retd Justice Karnan
Next articleBiden leads Trump nationwide by 12 points: Poll