ਗੰਭੀਰ ਸਥਿਤੀ ’ਚ ਹਾਂ-ਪੱਖੀ ਭੂਮਿਕਾ ਨਿਭਾਅ ਸਕਦਾ ਹੈ ਭਾਰਤ: ਜੈਸ਼ੰਕਰ

ਨਵੀਂ ਦਿੱਲੀ (ਸਮਾਜਵੀਕਲੀ): ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਆਪਣੀ ਸੀਟ ਸੁਰੱਖਿਅਤ ਕਰਨ ਦੀ ਮੁਹਿੰਮ ਆਰੰਭ ਕਰਦਿਆਂ ਅੱਜ ਆਪਣੀਆਂ ਪਹਿਲਕਦਮੀਆਂ ਸਾਹਮਣੇ ਰੱਖ ਦਿੱਤੀਆਂ ਹਨ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਅਜਿਹੇ ਸਮੇਂ ਇੱਕ ‘ਸਕਾਰਾਤਮਕ ਆਲਮੀ ਭੂਮਿਕਾ’ ਨਿਭਾਅ ਸਕਦਾ ਹੈ ਜਦੋਂ ਕੋਵਿਡ-19 ਮਹਾਮਾਰੀ ਤੇ ਇਸ ਦੇ ਗੰਭੀਰ ਆਰਥਿਕ ਪ੍ਰਭਾਵ ਪੂਰੀ ਦੁਨੀਆਂ ਦੀ ਪ੍ਰੀਖਿਆ ਲੈਣਗੇ।

ਜੈਸ਼ੰਕਰ ਨੇ 17 ਜੂਨ 2020 ਨੂੰ ਨਿਰਧਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦੀਆਂ ਚੋਣਾਂ ’ਚ ਸੀਟ ਸੁਰੱਖਿਅਤ ਕਰਨ ਦੀ ਅਾਪਣੀ ਅਗਲੀ ਮੁਹਿੰਮ ਤਹਿਤ ਭਾਰਤ ਦੀਆਂ ਪਹਿਲਕਦਮੀਆਂ ਦਰਸਾਉਣ ਲਈ ਇੱਥੇ ਇੱਕ ਸਮਾਗਮ ਦੌਰਾਨ ਕਿਤਾਬਚਾ ਰਿਲੀਜ਼ ਕੀਤਾ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਸਮੂਹ ਦੇ ਇੱਕਲੌਤੇ ਹਮਾਇਤ ਪ੍ਰਾਪਤ ਮੈਂਬਰ ਵਜੋਂ ਭਾਰਤ ਦੇ ਉਮੀਦਵਾਰ ਦੇ ਤੌਰ ’ਤੇ ਸਫ਼ਲ ਹੋਣ ਦੀ ਪੂਰੀ ਸੰਭਾਵਨਾ ਹੈ।

ਜੈਸ਼ੰਕਰ ਨੇ ਕਿਹਾ, ‘ਸੁਰੱਖਿਆ ਕੌਂਸਲ ’ਚ ਅਸੀਂ 10 ਸਾਲ ਪਹਿਲਾਂ ਚੁਣੇ ਗਏ ਸੀ। ਅਸੀਂ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਦੀਆਂ ਚਾਰ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਤਣਾਅ ਵਧਣ ਕਾਰਨ ਕੌਮਾਂਤਰੀ ਸ਼ਾਸਨ ਦੀ ਆਮ ਪ੍ਰਕਿਰਿਆ ਵੱਧ ਦਬਾਅ ਝੱਲ ਰਹੀ ਹੈ। ਰਵਾਇਤੀ ਤੇ ਗ਼ੈਰ-ਰਵਾਇਤੀ ਸੁਰੱਖਿਆ ਚੁਣੌਤੀਆਂ ਜਾਰੀ ਹਨ। ਅਤਿਵਾਦ ਅਜਿਹੀ ਸਮੱਸਿਆਵਾਂ ਦੀ ਵੱਡੀ ਮਿਸਾਲ ਹੈ।’ ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਤੇ ਇਸ ਦੇ ਗੰਭੀਰ ਵਿੱਤੀ ਪ੍ਰਭਾਵ ਸਾਰੀ ਦੁਨੀਆਂ ਦੀ ਪ੍ਰੀਖਿਆ ਲੈਣਗੇ। ਅਜਿਹੀ ਸਥਿਤੀ ’ਚ ਭਾਰਤ ਇੱਕ ਸਕਾਰਾਤਮਕ ਭੂਮਿਕਾ ਨਿਭਾਅ ਸਕਦਾ ਹੈ।

Previous articleਜੇ ਪਾਕਿਸਤਾਨ ਨਾ ਹੁੰਦਾ …
Next articleਪਰਵਾਸੀ ਮਜ਼ਦੂਰਾਂ ਨੂੰ ਪਹੁੰਚਾਉਣ ਲਈ 15 ਦਿਨ ਦਾ ਸਮਾਂ ਦੇਣ ’ਤੇ ਵਿਚਾਰ