ਗੰਭੀਰ ਨੇ ਦਿੱਲੀ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਗੌਤਮ ਗੰਭੀਰ ਨੇ ਅੱਜ ਦਿੱਲੀ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡ ਦਿੱਤਾ ਹੈ। ਉਸ ਦੀ ਥਾਂ ਨਿਤੀਸ਼ ਰਾਣਾ ਨੂੰ ਇਹ ਜ਼ਿੰਮੇਵਾਰੀ ਸੌਂਪ ਗਈ ਹੈ। ਗੰਭੀਰ ਨੇ ਟਵੀਟ ਕੀਤਾ, ‘‘ਹੁਣ ਕਿਸੇ ਨੌਜਵਾਨ ਨੂੰ ਕਪਤਾਨੀ ਸੌਂਪਣ ਦਾ ਵੇਲਾ ਆ ਗਿਆ ਹੈ। ਇਸ ਲਈ ਡੀਡੀਸੀਏ ਚੋਣਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭੂਮਿਕਾ ਲਈ ਮੇਰੇ ਨਾਮ ’ਤੇ ਵਿਚਾਰ ਨਾ ਕਰਨ। ਮੈਂ ਮੈਚ ਜਿੱਤਣ ਲਈ ਪਿੱਛੇ ਤੋਂ ਨਵੇਂ ਕਪਤਾਨ ਦੀ ਮਦਦ ਕਰਾਂਗਾ।’’
24 ਸਾਲ ਦਾ ਰਾਣਾ ਮੱਧਕ੍ਰਮ ਦਾ ਬੱਲੇਬਾਜ਼ ਹੈ, ਜਿਸ ਨੇ ਹੁਣ ਤਕ 24 ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 46.29 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਧਰੁਵ ਸ਼ੋਰੇ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸੀਨੀਅਰ ਕ੍ਰਮ ਦੇ ਇਸ ਬੱਲੇਬਾਜ਼ ਨੇ ਹੁਣ ਤੱਕ 21 ਘਰੇਲੂ ਸ਼੍ਰੇਣੀ ਮੈਚ ਖੇਡੇ ਹਨ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਗੌਤਮ ਨੇ ਸੂਬੇ ਦੀ ਟੀਮ ਦੇ ਮੁੱਖ ਚੋਣਕਾਰ ਅਮਿਤ ਭੰਡਾਰੀ ਨੂੰ ਦੱਸਿਆ ਕਿ ਉਹ ਕਪਤਾਨੀ ਛੱਡਣਾ ਚਾਹੁੰਦਾ ਹੈ। ਉਸ ਨੇ ਕਿਸੇ ਨੌਜਵਾਨ ਖਿਡਾਰੀ ਨੂੰ ਇਹ ਜ਼ਿੰਮੇਵਾਰੀ ਸੌਂਪਣ ਨੂੰ ਕਿਹਾ ਹੈ। ਨਿਤੀਸ਼ ਰਾਣਾ ਟੀਮ ਦੀ ਅਗਵਾਈ ਕਰੇਗਾ, ਜਦਕਿ ਧਰੁਵ ਸ਼ੋਰੇ ਉਸ ਦੇ ਨਾਲ ਉਪ ਕਪਤਾਨ ਰਹੇਗਾ।’’
ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 12 ਨਵੰਬਰ ਤੋਂ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਖੇਡੇਗੀ। ਗੰਭੀਰ ਨੂੰ ਸੈਸ਼ਨ ਦੇ ਸ਼ੁਰੂ ਵਿੱਚ ਦਿੱਲੀ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸ ਦੀ ਅਗਵਾਈ ਵਿੱਚ ਟੀਮ ਨੇ ਵਿਜੈ ਹਜ਼ਾਰੇ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖ਼ੁਦ ਲਗਪਗ 500 ਦੌੜਾਂ ਬਣਾਈਆਂ। ਪਤਾ ਚੱਲਿਆ ਹੈ ਕਿ 37 ਸਾਲ ਦੇ ਗੰਭੀਰ ਨੇ ਇਸ ਲਈ ਅੱਗੇ ਕਪਤਾਨ ਦੇ ਅਹੁਦੇ ’ਤੇ ਨਾ ਬਣੇ ਰਹਿਣ ਦਾ ਫ਼ੈਸਲਾ ਕੀਤਾ, ਕਿਉਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਇਸ ਸੈਸ਼ਨ ਵਿੱਚ ਸਾਰੇ ਪਹਿਲੀ ਸ਼੍ਰੇਣੀ ਦੇ ਮੈਚ ਖੇਡੇਗਾ ਜਾਂ ਨਹੀਂ। ਗੰਭੀਰ ਦਾ ਕਪਤਾਨੀ ਛੱਡਣ ਦਾ ਫ਼ੈਸਲਾ ਇਸ ਗੱਲ ਦਾ ਸੰਕੇਤ ਵੀ ਹੈ ਕਿ ਉਹ ਲੰਮਾ ਸਮਾਂ ਕ੍ਰਿਕਟ ਨਹੀਂ ਖੇਡੇਗਾ, ਪਰ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਗ਼ੈਰਮੌਜੂਦਗੀ ਵਿੱਚ ਦਿੱਲੀ ਨੂੰ ਗੰਭੀਰ ਦੀ ਬਹੁਤ ਲੋੜ ਪਵੇਗੀ।

Previous articleਸ਼ੁਭੰਕਰ ਨੇ ਬੈਡਮਿੰਟਨ ਟੂਰਨਾਮੈਂਟ ਜਿੱਤਿਆ
Next articleਬਾਬਰ ਆਜ਼ਮ ਨੇ ਕੋਹਲੀ ਦਾ ਰਿਕਾਰਡ ਤੋੜਿਆ