ਗੋਆ: ਦਲ ਬਦਲਣ ਵਾਲੇ ਵਿਧਾਇਕ ਮੰਤਰੀ ਬਣੇ

ਫਾਰਵਰਡ ਪਾਰਟੀ ਦੇ ਤਿੰਨ ਅਤੇ ਇੱਕ ਆਜ਼ਾਦ ਵਿਧਾਇਕ ਦੀ ਮੰਤਰੀ ਮੰਡਲ ’ਚੋਂ ਛੁੱਟੀ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਕੈਬਨਿਟ ਵਿੱਚ ਰੱਦੋਬਦਲ ਕਰਦਿਆਂ ਸਰਕਾਰ ਵਿੱਚ ਸ਼ਾਮਲ ਗੋਆ ਫਾਰਵਰਡ ਪਾਰਟੀ ਦੇ ਤਿੰਨ ਵਿਧਾਇਕਾਂ ਅਤੇ ਇੱਕ ਆਜ਼ਾਦ ਵਿਧਾਇਕ ਨੂੰ ਮੰਤਰੀਆਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਅਤੇ ਪਿਛਲੇ ਹਫ਼ਤੇ ਭਾਜਪਾ ਵਿੱਚ ਸ਼ਾਮਲ ਹੋਏ 10 ਕਾਂਗਰਸੀ ਵਿਧਾਇਕਾਂ ਵਿੱਚੋਂ ਚਾਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ। ਰਾਜਪਾਲ ਮ੍ਰਿਦੁਲ ਸਿਨਹਾ ਨੇ ਅੱਜ ਰਾਜ ਭਵਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਨਵੇਂ ਮੰਤਰੀਆਂ ਵਿੱਚ ਗੋਆ ਅਸੈਂਬਲੀ ਦੇ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਮਾਈਕਲ ਲੋਬੋ, ਵਿਧਾਇਕ ਚੰਦਰਕਾਂਤ ਕਾਵਲੇਕਰ, ਜੈਨੀਫਰ ਮੋਨਸਿਰੇਟ ਤੇ ਫਿਲਿਪ ਨੇਰੀ ਰੌਡਰਿਗਜ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗੋਆ ਫਾਰਵਰਡ ਪਾਰਟੀ (ਜੀਐਫਪੀ) ਦੇ ਤਿੰਨਾਂ ਮੰਤਰੀਆਂ—ਉਪ ਮੁੱਖ ਮੰਤਰੀ ਵਿਜੈ ਸਰਦੇਸਾਈ, ਜਲ ਸਰੋਤਾਂ ਬਾਰੇ ਮੰਤਰੀ ਵਿਨੋਦ ਪਾਲਕੇਰ, ਦਿਹਾਤੀ ਵਿਕਾਸ ਬਾਰੇ ਮੰਤਰੀ ਜਯੇਸ਼ ਸਲਗਾਓਂਕਰ ਅਤੇ ਆਜ਼ਾਦ ਵਿਧਾਇਕ ਤੇ ਮਾਲ ਮੰਤਰੀ ਰੋਹਨ ਖਾਉਂਟੇ ਨੂੰ ਕੈਬਨਿਟ ਤੋਂ ਲਾਂਭੇ ਕਰ ਦਿੱਤਾ। ਕਾਂਗਰਸ ਦੇ 10 ਵਿਧਾਇਕਾਂ ਵਲੋਂ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਗੋਆ ਦੀ 40 ਮੈਂਬਰੀ ਵਿਧਾਨ ਸਭਾ ਵਿੱਚ ਹੁਣ ਭਾਜਪਾ ਮੈਂਬਰਾਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਇਸ ਸਮਰਥਨ ਤੋਂ ਬਾਅਦ ਮਜ਼ਬੂਦ ਹੋਈ ਭਗਵਾਂ ਪਾਰਟੀ ਦੇ ਮੁੱਖ ਮੰਤਰੀ ਸਾਵੰਤ ਨੇ ਸੂਬੇ ਦੀ ਖੇਤਰੀ ਪਾਰਟੀ ਜੀਐਫਪੀ ਨੂੰ ਸਰਕਾਰ ’ਚੋਂ ਲਾਂਭੇ ਕਰਨ ਦਾ ਫੈਸਲਾ ਕੀਤਾ। ਕਾਬਿਲੇਗੌਰ ਹੈ ਕਿ ਇਸ ਖੇਤਰੀ ਪਾਰਟੀ ਨੇ 2017 ਵਿੱਚ ਮਨੋਹਰ ਪਰੀਕਰ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਤਿੰਨ ਮਹੀਨੇ ਪਹਿਲਾਂ ਮੁੱਖ ਮੰਤਰੀ ਬਣੇ ਸਾਵੰਤ ਨੇ ਕੈਬਨਿਟ ਵਿੱਚ ਇਹ ਦੂਜੀ ਰੱਦੋ-ਬਦਲ ਕੀਤੀ ਹੈ।

Previous articleਚੀਨ ਨੇ ਲੱਦਾਖ ’ਚ ਘੁਸਪੈਠ ਨਹੀਂ ਕੀਤੀ: ਰਾਵਤ
Next articleਵਿਸ਼ਵ ਕੱਪ: ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ