‘ਗੁੱਡ ਫਰਾਈਡੇਅ’ ਦੀਆਂ ਮੁਬਾਰਕਾਂ ਦੇਣ ’ਤੇ ਟਰੰਪ ਨੂੰ ਰਗੜੇ

ਵਾਸ਼ਿੰਗਟਨ  (ਸਮਾਜਵੀਕਲੀ)  – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆਂ ਭਰ ਦੇ ਲੋਕਾਂ ਨੂੰ ‘ਗੁੱਡ ਫਰਾਈਡੇਅ’ ਦੀਆਂ ਵਧਾਈਆਂ ਦੇ ਦਿੱਤੀਆਂ ਜਿਸ ਤੋਂ ਖਫ਼ਾ ਹੋਏ ਟਵਿੱਟਰ ਦੇ ਵਰਤੋਂਕਾਰਾਂ ਨੇ ਰਾਸ਼ਟਰਪਤੀ ਦੀ ਖੂਬ ਆਲੋਚਨਾ ਕੀਤੀ।

ਟਰੰਪ ਨੇ ਬੀਤੇ ਦਿਨ ਟਵੀਟ ਕੀਤਾ, ‘ਸਭ ਨੂੰ ਗੁੱਡ ਫਰਾਈਡੇਅ ਦੀਆਂ ਬਹੁਤ ਬਹੁਤ ਮੁਬਾਰਕਾਂ।’ ਬਹੁਤ ਸਾਰੇ ਲੋਕਾਂ ਨੇ ਇਸ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਕੋਲ ਮੁੱਢਲੀ ਜਾਣਕਾਰੀ ਦੀ ਘਾਟ ਹੈ। ਇੱਕ ਵਿਅਕਤੀ ਨੇ ਟਵੀਟ ਕੀਤਾ, ‘ਇੱਕ ਹੋਰ ਮਿਸਾਲ ਕੀ ਤੁਹਾਨੂੰ ਈਸਾਈ ਧਰਮ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਗੁੱਡ ਫਰਾਈਡੇਅ ਕੋਈ ਖੁਸ਼ੀ ਵਾਲਾ ਦਿਨ ਨਹੀਂ ਹੈ। ਐਤਵਾਰ ਤੱਕ ਈਸਟਰ ਦੀ ਉਡੀਕ ਕਰੋ।’

ਇਕ ਹੋਰ ਟਵਿੱਟਰ ਨੇ ਲਿਖਿਆ, ‘ਇਹ ਇਸਾਈਆਂ ਲਈ ਦੁੱਖ ਦਾ ਦਿਨ ਹੈ। ਇਸ ਲਈ ਹੈੱਪੀ ਫਰਾਈਡੇਅ ਨਾ ਕਹੋ।’ ਇੱਕ ਹੋਰ ਵਿਅਕਤੀ ਨੇ ਟਵੀਟ ਕੀਤਾ, ‘ਜੇ ਤੁਸੀਂ ਕਦੀ ਅਸਲ ’ਚ ਚਰਚ ਗਏ ਹੋਵੋ ਤਾਂ ਤੁਹਾਨੂੰ ਪਤਾ ਲੱਗੇ ਕਿ ਚਰਚ ਦੇ ਸਾਲ ’ਚ ਇਹ ਦਿਹਾੜਾ ਸਭ ਤੋਂ ਦੁੱਖ ਭਰਿਆ ਦਿਨ ਮੰਨਿਆ ਜਾਂਦਾ ਹੈ।’

ਜ਼ਿਕਰਯੋਗ ਹੈ ਕਿ ਗੁੱਡ ਫਰਾਈਡੇਅ ਵਾਲੇ ਦਿਨ ਈਸਾ ਮਸੀਹ ਨੂੰ ਸੂਲੀ ਚੜ੍ਹਾਇਆ ਗਿਆ ਸੀ। ਇਸ ਲਈ ਦੁਨੀਆਂ ਭਰ ’ਚ ਈਸਾਈ ਭਾਈਚਾਰਾ ਇਸ ਦਿਨ ਨੂੰ ਸ਼ੋਕ ਦਿਹਾੜੇ ਵਜੋਂ ਮਨਾਉਂਦਾ ਹੈ। ਇਸ ਤੋਂ ਤੀਜੇ ਦਿਨ ਐਤਵਾਰ ਨੂੰ ਈਸਟਰ ਨੂੰ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਈਸਾ ਮਸੀਹ ਮੁੜ ਜਿਉਂਦੇ ਹੋ ਗਏ ਸੀ।

Previous article17 more corona deaths, 187 new cases, in Maha, lockdown on till April 30
Next articleਉਰੂਗਵੇ ’ਚ ਫਸੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਨਾਗਰਿਕ ਵਤਨ ਰਵਾਨਾ