ਗੁਲਦਾਊਦੀ ਨਾਲ ਮਹਿਕੀ ਪੀਯੂ ਦੀ ਫਿਜ਼ਾ

ਪੰਜਾਬ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਵੱਲੋਂ ਲਾਇਆ ਜਾਣ ਵਾਲਾ 6 ਰੋਜ਼ਾ ਗੁਲਦਾਊਦੀ ਸ਼ੋਅ ਅੱਜ ਪ੍ਰੋ. ਆਰ.ਸੀ. ਪੌਲ ਗਾਰਡਨ ਵਿਚ ਸ਼ੁਰੂ ਹੋ ਗਿਆ। ਇਹ 12ਵਾਂ ਗੁਲਦਾਉੂਦੀ ਸ਼ੋਅ ਹੈ। ਸੋਨਾਲੀ, ਸਪਨਾ, ਮੁਸ਼ਤਕ, ਪਰਵੀਨ, ਮਹਾਤਮਾ, ਡੋਰਿਸ, ਫਰੈਸ਼ਮੈਨ ਵਰਗੀਆਂ ਗੁਲਦਾਊਦੀ ਦੀਆਂ ਕਿਸਮਾਂ ਨਾਲ ਪੀਯੂ ਦੀ ਫਿਜ਼ਾ ਮਹਿਕ ਉੱਠੀ ਹੈ। ਸ਼ੋਅ ਦਾ ਉਦਘਾਟਨ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਵੱਲੋਂ ਕੀਤਾ ਗਿਆ। ਉਨ੍ਹਾਂ ਸ਼ੋਅ ਵਿਚ ਸ਼ਾਮਿਲ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਸ਼ਲਾਘਾ ਕੀਤੀ ਅਤੇ ਖਿੱਚ ਦਾ ਕੇਂਦਰ ਬਣੇ ਫੋਟੋ ਪੁਆਇੰਟ ’ਤੇ ਜਾ ਕੇ ਫੋਟੋ ਖਿਚਵਾਈ। ਇਸ ਮੌਕੇ ਪੀ.ਯੂ. ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਆਰ.ਸੀ. ਸੋਬਤੀ, ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ,ਯੂਨੀਵਰਸਿਟੀ ਪ੍ਰੈੱਸ ਦੇ ਮੈਨੇਜਰ ਜਤਿੰਦਰ ਮੌਦਗਿਲ, ਪ੍ਰੋ. ਹਰਸ਼ ਨਈਅਰ, ਪ੍ਰੋ. ਆਰ.ਕੇ. ਸਿੰਗਲਾ, ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਅਸ਼ਵਨੀ ਕੌਲ, ਪ੍ਰੋ. ਕੇਸ਼ਵ ਮਲਹੋਤਰਾ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਪ੍ਰੋ. ਸੋਬਤੀ ਨੇ ਆਪਣੇ ਕਾਰਜਕਾਲ ਦੌਰਾਨ ਪ੍ਰੋ. ਆਰ.ਸੀ. ਪੌਲ ਗਾਰਡਨ ਬਣਵਾਇਆ ਸੀ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਸ਼ੰਕਰਜੀ ਝਾਅ ਦੀ ਅਗਵਾਈ ਵਿਚ ਸ਼ੁਰੂ ਹੋਏ ਸ਼ੋਅ ਦੇ ਉਦਘਾਟਨ ਮੌਕੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਬਾਗਬਾਨੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਨਾ ਸਿਰਫ਼ ਅਕਾਦਮਿਕ ਅਤੇ ਖੇਡਾਂ, ਸਗੋਂ ਵਾਤਾਵਰਨ ਸੰਭਾਲ ਵਿਚ ਵੀ ਉੱਚ ਮਿਆਰ ਤੈਅ ਕੀਤੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ਼ ਯੂਨੀਵਰਸਿਟੀ ਦੀ ਹੀ ਨਹੀਂ ਸਗੋਂ ਟਰਾਈਸਿਟੀ ਦਾ ਇੱਕ ਵਿਸ਼ਾਲ ਪ੍ਰੋਗਰਾਮ ਹੈ। ਪੰਜਾਬ ਯੂਨੀਵਰਸਿਟੀ ਬਾਗਬਾਨੀ ਵਿਭਾਗ ਦੇ ਡਿਵੀਜ਼ਨਲ ਇੰਜੀਨੀਅਰ ਅਨਿਲ ਠਾਕੁਰ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵਿਭਾਗ ਵੱਲੋਂ ਸ਼ੋਅ ਨੂੰ ਹੋਰ ਮਨਮੋਹਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤਹਿਤ ਇਹ ਸ਼ੋਅ ਬਸੰਤ ਰੁੱਤ ਦੀ ਸ਼ੁਰੂਆਤ ਮੌਕੇ ਕਰਵਾਇਆ ਜਾ ਰਿਹਾ ਹੈ। ਸ਼ੋਅ ਵਿਚ ’ਵਰਸਿਟੀ ਅਧਿਕਾਰੀਆਂ ਵਿਚੋਂ ਡਾ. ਗੁਰਪ੍ਰੀਤ ਸਿੰਘ, ਪ੍ਰੋ. ਤੀਰਥਾਂਕਰ ਭੱਟਾਚਾਰੀਆ, ਪ੍ਰੋ. ਰਵਨੀਤ ਕੌਰ, ਰੇਣੂਕਾ ਬੀ. ਸਲਵਾਨ, ਹਨੀ ਠਾਕੁਰ ਆਦਿ ਨੇ ਵੀ ਆਪਣੇ ਗਾਰਡਨ ਦੇ ਗੁਲਦਾਊਦੀ ਦੇ ਬੂਟੇ ਪ੍ਰਦਰਸ਼ਿਤ ਕੀਤੇ ਹਨ।

Previous article‘Changes in Article 370 only possible at J&K people’s instance’
Next articleRajasthan to provide protection to whistleblowers