ਗੁਰੂ ਨਾਨਕ ਦੇ ਰਾਹ ਤੇ ਕੰਡੇ ਨਾ ਵਿਛਾਉ !

– ਸ. ਦਲਵਿੰਦਰ ਸਿੰਘ ਘੁੰਮਣ
                   ਪੰਜ ਸਦੀਆਂ ਪਹਿਲਾਂ ਇਤਿਹਾਸਕ ਘਟਨਾ ਵਾਪਰੀ ਕਿ ਵਿਉਪਾਰ ਲਈ ਇਕੱਠੀ ਕੀਤੀ ਸਾਰੀ ਮਾਇਆ ਨੂੰ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਦਿੱਤੀ ਹੋਵੇ। ਇਹ ਉਹ ਮਹਾਨ ਪ੍ਰਥਾ ਬਣੀ ਕਿ ਕਿਸੇ ਵੀ ਮਨੁੱਖ ਦੀ ਭੁੱਖ ਮਿਟਾਈ ਜਾ ਸਕਦੀ ਹੈ ਬਿਨਾਂ ਭੇਦ ਭਾਵ ਦੇ। ਗੁਰੂ ਨਾਨਕ ਦੇਵ ਜੀ ਦੇ ਵੀਹ ਰੁਪਏ ਦਾ ਲੰਗਰ ਅਜ ਸਾਰੀ ਦੁਨੀਆਂ ਵਿੱਚ ਵਰਤ ਰਿਹਾ ਹੈ। ਪਿਛਲੇ ਤਕਰੀਬਨ ਸੱਤਰ ਸਾਲਾਂ ਦੀ ਦੋ ਵਕਤੀ ਅਰਦਾਸ ਵਿੱਚ ਵਿੱਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਵਾਹਿਗੁਰੂ ਅਗੇ ਫਰਿਆਦ ਕੀਤੀ ਜਾਂਦੀ ਰਹੀ ਹੈ। ਪਿਛਲੇ ਸਾਲ ਵਿੱਚ ਸਿਆਸੀ ਘਟਨਾ ਕ੍ਰਮ ਵਿੱਚ ਧਾਰਮਿਕ ਅਸਥਾਨਾਂ ਦੇ ਲਾਂਘੇ ਦੀ ਗੱਲ ਨੂੰ ਬੂਰ ਪਿਆ ਕਿ ਹੁਣ ਤਕਰੀਬਨ ਸਾਰੀਆਂ ਤਿਆਰੀਆਂ ਨੇਪੜੇ ਚੜੀਆਂ ਹਨ। ਪਰ ਸਰਕਾਰਾਂ ਵਲੋਂ ਨਾ ਮਿਲਵਰਤਣ ਦੇ ਸਹਿਯੋਗ ਕਾਰਨ ਕਈ ਅੜਿੱਕੇ ਬਣਦੇ ਜਾ ਰਹੇ ਹਨ। ਲਾਂਘੇ ਲਈ ਫੀਸ ਦੇ ਵੀਹ ਡਾਲਰਾਂ ਨੇ ਸਰਕਾਰਾਂ ਦੀ ਸਿਆਸੀ ਬਿਆਨੀ ਜੰਗ ਨੇ ਨਿਰਾਸ਼ਾ ਪੈਦਾ ਕੀਤੀ। ਵੀਜਾ, ਪਾਸਪੋਰਟ ਦੀ ਘੁੰਮਣ ਘੇਰੀ, ਹੋਰ ਅਨੇਕਾਂ ਗੁੰਝਲਾਂ ਬਣੀਆਂ ਹਨ। ਚਾਹੀਦਾ ਤਾਂ ਇਹ ਸੀ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਸੀ ਤਾਲਮੇਲ ਵਿੱਚ ਰਹਿੰਦਿਆਂ ਤੇ ਗੁਰੂ ਪਾਤਸ਼ਾਹ ਦੇ ਪੰਜ ਸੌ ਪੰਜਾਹ ਸਾਲਾ ਸਮਾਗਮ ਧੁੰਮ ਧਾਮ ਨਾਲ ਮਨਾਏ ਜਾਂਦੇ। ਪਰ ਸਦੀਵੀ ਰਹਿਣ ਵਾਲੀ ਖਿੱਚੋਤਾਨ ਇਥੇ ਵੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੇ ਭਰਪੂਰ ਸਹਿਯੋਗ ਤੋ ਇਨਕਾਰੀ ਨਹੀਂ ਹੋਇਆ ਜਾ ਸਕਦਾ ਹੈ।
                   ਅੱਜ ਸਿੱਖਾ ਦੀ ਸਿਰਮੌਰ ਸੰਸਥਾ ਗੁਰੂਦਆਰਾ ਪ੍ਬੰਧਕ ਕਮੇਟੀ ਆਪਣੇ ਫਰਜ਼ਾਂ ਤੋ ਭੱਜੀ ਲਗਦੀ ਹੈ। ਪੰਜਾਬ ਵਿੱਚ ਸਿੱਖਾਂ ਦੀ, ਪੰਥ ਦੀ ਪਾਰਟੀ ਅਖਵਾਉਣ ਵਾਲੀ ਪਾਰਟੀ ਨੇ ਆਪਣੀ ਖੁਰ ਰਹੀ ਸਾਖ਼ ਨੂੰ ਬਚਾਉਣ ਦੇ ਮੌਕੇ ਗੁਆਕੇ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁੱਝ ਨਹੀਂ ਕੀਤਾ। ਜਦੋਂ ਹਰ ਸਿੱਖ ਦੀ ਤਮੰਨਾ ਦਰਸ਼ਨਾ ਦੀ ਹੈ ਜੋ ਵੀਹ ਡਾਲਰ ਖਰਚ ਕੇ ਵੀ ਜਾਣਾ ਚਾਹੁੰਦਾ ਹੈ। ਪਰ ਸਿਆਸੀ ਪਿੱੜ ਵਿੱਚ ਫੋਕੀ ਰਾਜਨੀਤੀ ਤੋ ਸਿਵਾਏ ਕੁਝ ਨਹੀਂ। ਸਧਾਰਨ ਸਰਧਾਲੂਆਂ ਨੂੰ ਸਿਆਸਤ ਤੋ ਵੱਖੀ ਕਰਨੀ ਚਾਹੀਦੀ ਹੈ। ਸਿੱਖਾ ਨੂੰ ਆਪਣੀ ਅਰਦਾਸ ਕਰਨ ਅਤੇ ਸੋਧਣ ਦਾ ਮੌਕਾ ਮਿਲਿਆ ਹੈ। ਗੁਰੂ ਆਸ਼ੇ ਨੂੰ ਸਮਰਪਿਤ ਹੋ ਕੇ ਇਹ ਯਾਤਰਾਵਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਹ ਨਹੀ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਕੱਟੜ ਜਮਾਤਾਂ ਦੇ ਵਿਰੋਧ ਦੇ ਬਾਵਜੂਦ ਅਰਬਾਂ ਰੁਪਏ ਕੋਲੋਂ ਲਾ ਕੇ ਜਮੀਨਾਂ ਖਰੀਦੀਆਂ, ਗੁਰੂਦਆਰੇ ਦੀਆਂ ਇਮਾਰਤਾਂ ਅਤੇ ਲਾਂਘੇ ਲਈ ਸ਼ਾਨਦਾਰ ਮਾਰਗ ਬਣਾਏ ਹਨ। ਸਾਡੇ ਸਹਿਯੋਗ ਦੀ ਵੱਡੀ ਉਮੀਦ ਹੋਣੀ ਚਾਹੀਦੀ ਹੈ।
                   ਗੁਰੂ ਨਾਨਕ ਦੇਵ ਜੀ ਦਾ ਜੀਵਨ ਅਸਾਧਾਰਨ ਸੀ ਜਿਨ੍ਹਾਂ ਨਾਲ ਦੁਨੀਆਂ ਵਿੱਚ ਵੱਖ ਵੱਖ ਫਿਲਾਸਫੀਆਂ ਦਾ ਉਤਾਰਾ ਹੋਇਆ।

ਕਿਸੇ ਨੇ ਕਿਹਾ ” ਗੁਰੂ ਨਾਨਕ, ਬਾਬਾ ਨਾਨਕ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ ਅਤੇ ਕਿਸੇ ਨੇ ਨਾਨਕ ਵਲੀ, ਇਹ ਨਾਮ ਸਨ ਸ਼ਰਧਾ ਦੇ, ਪਿਆਰ ਦੇ, ਮੁਹੱਬਤ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪੋ ਆਪਣੀ ਭਾਵਨਾ ਨਾਲ ਪੁਕਾਰਿਆ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਉਪਕਾਰੀ ਪੰਧ ਦੀ ਵਿਲੱਖਣਤਾ ਕਿਸੇ ਹੋਰ ਵਿੱਚ ਨਹੀਂ ਸੀ। ਇਸ ਸੋਚ ਦੀ, ਪੰਧ ਦੀ, ਨਿਰਵੈਰਤਾ ਦੀ, ਨਿਡਰਤਾ ਦੀ ਕਿਤੇ ਕੋਈ ਮਿਸਾਲ ਭਾਲਿਆਂ ਨਹੀ ਮਿਲਦੀ।
“ਸਤਿਗੁਰ ਨਾਨਕ ਪ੍ਗਟਿਆ ਮਿਟੀ ਧੁੰਦ ਜਗ ਚਾਨਣ ਹੋਆ ।।
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ।।”
                ਸਿੱਖ ਧਰਮ ਦੇ ਬਾਨੀ ਦੇ ਜਨਮ ਨਾਲ ਦੁਨੀਆਂ ਤੇ ਪਸਰੇ ਘੋਰ ਜ਼ੁਲਮ, ਅਨਿਆਂ, ਕੂੜ ਦੇ ਪਸਾਰੇ ਨੂੰ ਖਤਮ ਕਰਨ ਦੀ ਸਿਧਾਂਤਕ ਸੋਚ ਦਾ ਨਾਓ ਗੁਰੂ ਨਾਨਕ ਦੇਵ ਸੀ। ਜਿਸ ਸਦਕਾ ਦੁਨੀਆਂ ਵਿੱਚੋ ਗੈਰ ਇਕਲਾਖੀ ਧੁੰਦ ਖਤਮ ਹੋ ਕੇ ਸੱਚ, ਨਿਰਭਉ ਤੇ ਨਿਰਵੈਰ ਦੇ ਚਾਨਣ ਦਾ ਪਸਾਰਾ ਹੋਇਆ। ਜਿਸ ਦਾ ਕੋਈ ਖੇਤਰੀ ਜਾਂ ਭਾਸ਼ਾਈ ਜਾਂ ਧਾਰਮਿਕ ਚਲ ਰਹੀਆਂ ਰਵਾਇਤਾਂ ਵਿੱਚ ਬੱਝਣਾ ਉਦੇਸ਼ ਨਹੀਂ ਸੀ। ਸਗੋਂ ਵਕਤੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਦੁਨੀਆਂ ਨੂੰ ਗਿਆਨ, ਵਿਗਿਆਨ ਰਾਹੀਂ ਲੋਕਾਈ ਦਾ ਪਾਰ ਉਤਾਰਾ ਕਰਨਾ ਸੀ। ਪਰਿਵਾਰਕ ਧਾਰਮਿਕ ਪਰੰਪਰਾ ਦਾ ਵਿਰੋਧੀ ਬਣਕੇ ਜਨੇਊ ਦੀ ਮੁਖਾਲਫਤ ਕੀਤੀ ਕਿ ਇਹ ਧਾਗਾ ਜਦੋ ਵੀ ਟੁੱਟੇਗਾ, ਨਵਾਂ ਪਹਿਨਣਾ ਪਵੇਗਾ! ਗੰਦੇ ਹੋਣ ਦੀ ਸੁਰਤ ਵਿੱਚ ਧੋਣਾ ਪਵੇਗਾ! ਪਰ ਮੈ ਗਿਆਨ ਰੂਪੀ ਜਨੇਊ ਪਾਉਣਾ ਚਾਹੁੰਦਾ ਹਾਂ ਜੋ ਨਾ ਟੁੱਟੇ, ਨਾ ਗੰਦਾ ਹੋਵੇ, ਨਾ ਹੀ ਸੜੇਗਾ।
“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥”
              ਗੁਰੂ ਨਾਨਕ ਦੇਵ ਜੀ ਨੇ ਨਨਕਾਣੇ ਤੋ ਨਿਕਲ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਸੁਧਾਰ ਲਹਿਰ ਰੂਪੀ ਯਾਤਰਾਵਾਂ ਕੀਤੀਆਂ। ਹਰ ਧਰਮ ਨੂੰ ਸਮਝਣ ਲਈ ਉਨ੍ਹਾਂ ਦੇ ਕੇਂਦਰੀ ਅਸਥਾਨਾ ਬਨਾਰਸ, ਮੱਕਾ, ਯੂਰੋਸਲਮ, ਵੈਟੀਕਨ ਸਮੇਤ ਹੋਰ ਥਾਵਾਂ ਤੇ ਗਏ। ਸਾਰੇ ਭਾਰਤ ਵਿੱਚ ਘੁੰਮਦਿਆਂ ਹਿੰਦੂ ਤੀਰਥ ਅਸਥਾਨ ਬਨਾਰਸ ਜਾ ਕੇ ਪਖੰਡ, ਵਹਿਮ ਭਰਮ, ਅੰਧਵਿਸ਼ਵਾਸ ਨੂੰ ਖਤਮ ਕਰਨ ਲਈ ਲੋਕਾਂ ਨੂੰ ਦਲੀਲੀ ਸੋਚ ਨਾਲ ਸਮਝਾਇਆ। ਪਾਣੀ, ਅੱਗ, ਸੂਰਜ ਮਨੁੱਖੀ ਜਰੂਰਤਾ ਦੇ ਸਾਧਨ ਹਨ ਪਰਮਾਤਮਾ ਨਹੀ। ਵਿਦੇਸ਼ੀ ਯਾਤਰਾਵਾਂ ਦੌਰਾਨ ਤਿੱਬਤ, ਨਿਪਾਲ, ਇਰਾਨ, ਇਰਾਕ ਅਤੇ ਇਸਲਾਮ ਧਰਮ ਦੇ ਕੇਂਦਰੀ ਅਸਥਾਨ ਮੱਕਾ ਮਦੀਨਾ ਤੱਕ ਗਏ। ਧਾਰਮਿਕ ਕੱਟੜਤਾ ਤੇ ਸਖਤ ਕਟਾਸ ਕੀਤੀ। ਰਬ ਸਭ ਥਾਂ ਹੈ। ਕੋਈ ਦਿਸ਼ਾ ਖਾਸ ਨਹੀ। ਇਲਾਕਾ, ਕਬੀਲਾ, ਦੇਸ਼ ਕਿਸੇ ਧਰਮ ਦੀ ਹੱਦ ਨਹੀਂ ਬੰਨ ਸਕਦਾ। ਰੱਬ ਸਰਬ ਵਿਆਪਕ ਹੈ। ਇਹਨਾਂ ਸਭ ਯਾਤਰਾਵਾਂ ਦਾ ਮਕਸਦ ਨਿਵੇਕਲੇ, ਨਿਆਰੇ ਸਿੱਖ ਧਰਮ ਦੀ ਸਥਾਪਨਾ ਕਰਨਾ ਸੀ ਤਾਂ ਕਰਕੇ ਦੁਨੀਆਂ ਵਿੱਚ ਵਸਦੇ ਬਾਕੀ ਧਰਮ, ਜਾਤਾਂ, ਪਰੰਪਰਾਵਾਂ ਨੂੰ ਸਮਝਿਆ ਜਾ ਸਕੇ। ਆਪਣੇ ਜੀਵਨ ਜਾਂ ਆਪਣੀਆਂ ਯਾਤਰਾਵਾਂ ਦੌਰਾਨ ਹਮੇਸ਼ਾ ਭਗਤੀ ਲਹਿਰ ਵਿੱਚ ਰਹੇ। ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਤੋ ਲੇ ਕੇ ਹਰ ਥਾਂ ਭਗਤਾਂ, ਸਾਧੂਆਂ, ਸੰਤ, ਫਕੀਰਾਂ, ਸਾਂਈ, ਵਲੀਆਂ ਦੀ ਸੰਗਤ ਕੀਤੀ ਉਥੇ ਨਾਲ ਨਾਲ ਬਾਣੀ ਉਚਾਰੀ ਅਤੇ ਹੋਰ ਸੂਫੀਆਂ, ਸੰਤਾਂ ਦੀ ਬਾਣੀ ਇਕੱਠੀ ਕੀਤੀ।
                ਦੋ ਵਕਤ ਹਰ ਸਿੱਖ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ  ਸਰਬੱਤ ਦਾ ਭਲਾ” ਦੀ ਅਰਦਾਸ ਕਰਦਾ ਹੈ। ਦੀਨ ਦੁਨੀਆਂ ਵਿੱਚ ਸਭ ਦਾ ਜੀਵਨ ਸੁਖਾਵਾਂ ਹੋਵੇ। ਸਭ ਲਈ ਅਮਨ ਚੈਨ, ਭਰਾਤਰੀ ਭਾਈਚਾਰਾ ਹੋਵੇ। ਇਕ ਦੂਜੇ ਨਾਲ ਵਿਰੋਧ ਖਤਮ ਹੋਵੇ।
“ਨਾ ਕੋਈ ਹਿੰਦੂ, ਨਾ ਮੁਸਲਮਾਨ।” ਗੁਰੂ ਜੀ ਨੇ ਸਮਝਾਇਆ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡ ਦਿਉ। ਪ੍ਰਮਾਤਮਾ ਨੂੰ ਸਾਰੀ ਲੋਕਾਈ ਵਿਚ ਦੇਖੋ। ਇਕ ਅਕਾਲਪੁਰਖ ਨੂੰ ਹੀ ਯਾਦ ਕਰੋ ਜੋ ਸਭ ਅੰਦਰ ਵਸ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਨਿਡਰਤਾ ਇਸ ਕਦਰ ਰਹੀ, ਜਦੋ ਬਾਬਰ ਜ਼ੁਲਮ ਕਰ ਰਿਹਾ ਸੀ ਤਾਂ ਉਸ ਨੂੰ “ਬਾਬਰ ਜ਼ਾਬਰ” ਕਿਹਾ। ਹਕੂਮਤੀ ਡਰ ਭਉ ਨੂੰ ਵੰਗਾਰਿਆ ਕਿ ਤੂੰ ਜ਼ੁਲਮ ਕਰ ਰਿਹਾ ਹੈ ਜੋ ਮਨੁੱਖਤਾ ਵਿਰੋਧੀ ਹੈ। ਰੱਬ ਦੇ ਭੈਅ ਵਿੱਚ ਰਹਿ। ਭਾਵੇਂ ਕਿ ਗੁਰੂ ਸਾਹਿਬ ਨੂੰ ਵੀ ਜੇਲ੍ਹ ਵਿੱਚ ਡਕ ਦਿੱਤਾ ਗਿਆ। ਪਰ ਉਥੇ ਵੀ ਮਨੁੱਖਤਾ ਦੇ ਸੱਚੇ ਮਾਰਗ ਦੀ ਗਲ ਕੀਤੀ।
             ਗੁਰੂ ਜੀ ਨੇ ਕਿਰਤ ਕਰੋ, ਨਾਮ ਜੱਪੋ, ਵੰਡ ਛਕੋ ਦਾ ਵੱਡਾ ਹੌਕਾ ਦਿੱਤਾ। ਜਿਸ ਵਿੱਚ ਇਨਸਾਨ ਗ੍ਰਹਿਸਥੀ ਜੀਵਨ ਵਿੱਚ ਕਿਰਤ ਕਰਦਿਆਂ ਵਾਹਿਗੁਰੂ ਦਾ ਨਾਮ ਜੱਪ ਸਕਦਾ ਹੈ। ਕਮਾਈ ਹੋਈ ਦਸਾਂ ਨਹੁੰਆਂ ਦੀ ਕਿਰਤ ਵਿੱਚੋ ਜਰੂਰਮੰਦਾਂ ਵਿੱਚ ਵੰਡਕੇ ਛਕਣ ਦੀ ਪ੍ਰੇਰਨਾ ਕੀਤੀ। ਗੁਰੂ ਨਾਨਕ ਦੇਵ ਜੀ ਆਪ ਖੁਦ ਸਾਰੀ ਉਮਰ ਕਿਰਤ ਕੀਤੀ। ਰੱਬ ਦੀ ਮਹਿਮਾਂ, ਉਸਤਤਿ ਕੀਤੀ ਅਤੇ ਵੰਡ ਛਕਣ ਦੀ ਰੀਤ ਚਲਾਈ। ਆਪ ਖੁਦ ਕਰਤਾਰਪੁਰ ਵਿੱਚ ਆਖਰੀ ਸਮੇਂ ਖੇਤੀਬਾੜੀ ਕਰਕੇ ਜੀਵਨ ਨਿਰਬਾਹ ਕੀਤਾ। ਇਸੇ ਅਸਥਾਨ ਦੇ ਲਾਂਘੇ ਨਾਲ ਸਿੱਖਾਂ ਅਤੇ ਨਾਨਕ ਲੇਵਾ ਸੰਗਤਾਂ ਲਈ ਦਰਸ਼ਨਾ ਦਾ ਰਾਹ ਖੁੱਲੇਗਾ। ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਭਾਈਚਾਰਕ ਸਾਂਝ ਵਧੇਗੀ।
Previous articleਸੁਖਬੀਰ, ਮਜੀਠੀਆ ਤੇ ਹੋਰਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ
Next articleਮੀਂਹ ਦੇ ਬਾਵਜੂਦ ਨਨਕਾਣੇ ’ਚ ਸ਼ਰਧਾ ਦਾ ਸੈਲਾਬ