ਗੁਰਸਾਂਝ ਦਾ ਸੁਆਂਝਣਾ

ਕੇਵਲ ਸਿੰਘ ‘ਰੱਤੜਾ’

(ਸਮਾਜ ਵੀਕਲੀ)

ਬੱਚਾ ਤੇ ਬੂਟਾ ਇੱਕੋ ਜਹੇ ਹੁੰਦੇ ਨੇ ।
ਲੈ ਕੇ ਆਉਂਦੇ ਨੇ ਖੁਸ਼ੀਆਂ ਤੇ ਖੁਸ਼ਬੂ
ਆਮਦ ਦੇ ਨਾਲ ।

ਹੌਲੀ ਹੌਲੀ ਵਾਲ ਤੇ ਪੱਤੀਆਂ ਆਉਂਦੀਆਂ,
ਹੱਥਾਂ ਦੀ ਛੋਹ ਨਾਲ ਮਿਲੇ
ਸਕੂਨ, ਕਿਆ ਕਮਾਲ ।

ਘਰਾਂ ਵਿੱਚ ਬਸ, ਆਉਂਦੇ ਜਾਂਦੇ,
ਗੱਲਬਾਤ ਕਰਦੇ, ਤੁਰਦੇ ਫਿਰਦੇ
ਰਹੇ ਉੁਹਨਾਂ ਤੇ ਨਜ਼ਰ, ਦੇਈਏ ਦੁੱਧ, ਪਾਣੀ
ਤੇ ਬਾਕੀ ਸੰਭਾਲ ।

ਨੰਨਾ ਬੱਚਾ ਢਿੱਲਾ ਹੋਵੇ, ਜਾਂ
ਬੂਟੇ ਦਾ ਰੰਗ ਫਿੱਕਾ ਹੋਵੇ ਤਾਂ
ਫ਼ਿਕਰ ਨਾਲ ਉੁੱਠਦੇ ਕਈ ਸਵਾਲ ।
ਬੱਚਾ ਪਹਿਲਾਂ ਅਤੇ ਟੱਬਰ ਬਾਅਦ ਵਿੱਚ,
ਜਦੋਂ ਕੋਈ ਪਿਆਰਾ, ਪੁੱਛਦੈ ਹਾਲ ਚਾਲ ।

ਪਰ ਬੂਟਾ ਇੰਨਾ ਖੁਸ਼ਕਿਸਮਤ ਨਹੀਂ ਹੁੰਦਾ।
ਸਿਰਫ ਮਾਲਕ ਹੀ ਰੱਖੇ, ਉਸਦਾ ਖਿਆਲ ।

ਬੱਚੇ ਦੇ ਕਾਲਾ ਟਿੱਕਾ ਲੱਗਦਾ, ਬੁਰੀ ਨਜ਼ਰ ਤੋਂ
ਪਰ ਬੂਟਾ ਨਹੀਂ ਰੱਖਦਾ ਨਜ਼ਰਾਂ ਦਾ ਖਿਆਲ ।

ਬੂਟਾ ਸਿਰਫ਼ ਰੋ ਸਕਦਾ, ਹੰਝੂ ਪਰੋ ਸਕਦਾ, ਉਦੋਂ
ਜਦੋਂ ਅਵਾਰਾ ਡੰਗਰਾਂ ਦਾ ਝੁੰਡ, ਜਾਂ ਕੋਈ ਈਰਖਾਲੂ
ਉਹਦੇ ਪੱਤੇ ਤੇ ਫੁੱਲ ਮਰੋੜ ਸੁੱਟਦਾ ।

ਸੁਆਂਝਣੇ ਦਾ ਬੂਟਾ, ਅਸਾਂ ਪੋਤੀ ਗੁਰਸਾਂਝ ਦੇ ਨਾਂ ਤੇ ਲਾਇਆ
ਜਦੋਂ ਗਿਆ ਮੁਰਝਾਇਆ, ਹੱਥ ਜ਼ਾਲਮਾਂ ਦੇ ਆਇਆ,
ਸਾਡਾ ਮਨ ਭਰ ਆਇਆ ।
ਸਾਡਾ ਮਨ ਭਰ ਆਇਆ ।

– ਕੇਵਲ ਸਿੰਘ ‘ਰੱਤੜਾ’

Previous articleਜਿੰਦਗੀ ਤੇ ਛੱਲੀ
Next articleਹਾਥਰਸ ਦੀ ਬੇਟੀ – ਮੇਰਾ ਗੁਨਾਹ ਕੀ ?