ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਵੀ ਖੋਲ੍ਹਿਆ ਜਾਵੇ: ਜਥੇਦਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਿਆ ਜਾਵੇ। ਉਹ ਅੱਜ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਰੱਖੇ ਉਦਘਾਟਨੀ ਸਮਾਗਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਵੇਂ ਭਾਰਤੀ ਸਿੱਖਾਂ ਵਾਸਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰਿਆਂ ਵਾਸਤੇ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾਵੇ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਇਸ ਵੇਲੇ ਸਿੱਖਾਂ ਦੀ ਆਬਾਦੀ ਲਗਪਗ ਦਸ ਹਜ਼ਾਰ ਹੈ ਅਤੇ ਇਹ ਸਿੱਖ ਵੀ ਭਾਰਤ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਵਸਦੇ ਸਿੱਖਾਂ ਦੀ ਮੰਗ ਵੀ ਪੂਰੀ ਕੀਤੀ ਜਾਵੇ। ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਲਈ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਿਸ਼ੇਸ਼ ਤੌਰ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਅਤੇ ਦੋਵਾਂ ਮੁਲਕਾਂ ਦੀ ਤਰੱਕੀ ਦੀ ਅਰਦਾਸ ਕੀਤੀ। ਇਸੇ ਦੌਰਾਨ ਗੁਰਦੁਆਰਾ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਬਿਨਾਂ ਵੀਜ਼ਾ ਪਹਿਲੀ ਵਾਰ ਦਰਸ਼ਨ ਦੀਦਾਰ ਕਰ ਕੇ ਪਰਤੇ ਸਿੱਖ ਸ਼ਰਧਾਲੂਆਂ ਨੇ ਪਾਕਿਸਤਾਨ ਵਿਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਸਿੱਖ ਸ਼ਰਧਾਲੂਆਂ ਨੇ ਲਾਂਘਾ ਖੋਲ੍ਹਣ ਲਈ ਦੋਵਾਂ ਦੇਸ਼ਾਂ ਦੀ ਵੀ ਸ਼ਲਾਘਾ ਕੀਤੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਪਸੀ ਮੌਕੇ ਆਖਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਉਹ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਹਨ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਾਲੇ ਪਾਸੇ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰ ਕਰਨ ਮਗਰੋਂ ਦੋਵਾਂ ਸਰਕਾਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪਾਕਿਸਤਾਨ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਉਦਘਾਟਨੀ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਮੁੱਖ ਮਹਿਮਾਨ ਦੀ ਥਾਂ ਨਿਮਾਣੇ ਸਿੱਖ ਵਜੋਂ ਜਾਣ ਨੂੰ ਤਰਜੀਹ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੱਜ ਗੁਰਦੁਆਰਾ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਕਰ ਕੇ ਉਹ ਪ੍ਰਸੰਨ ਹਨ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਉਧਰ ਉਦਘਾਟਨੀ ਸਮਾਗਮ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।

Previous articleਸਾਂਝੀਵਾਲਤਾ ਦਾ ਹੋਕਾ ਦੇ ਰਹੇ ਨੇ ਬੀਹਲਾ ਵਾਸੀ
Next articleਨਵਾਜ਼ ਸ਼ਰੀਫ ਨੂੰ ਇਲਾਜ ਲਈ ਅੱਜ ਲੰਡਨ ਲਿਜਾਇਆ ਜਾਵੇਗਾ