ਗ਼ਲਤੀ ਦਾ ਅਹਿਸਾਸ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਸਲੋਨੀ ਤੀਸਰੀ ਜਮਾਤ ਵਿੱਚ ਪੜ੍ਹਦੀ ਸੀ। ਉਹ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸੀ। ਅੱਜ ਸੋਮਵਾਰ ਦਾ ਦਿਨ ਸੀ। ਉਹ ਸਕੂਲ ਜਾਣ ਲਈ ਤਿਆਰ ਹੋ ਗਈ।

ਰਸੋਈ ਵਿੱਚੋਂ ਉਸ ਦੇ ਮੰਮੀ ਨੇ ਆਵਾਜ਼ ਦਿੱਤੀ ,  ” ਸਲੋਨੀ ! ਪੁੱਤ ਰੋਟੀ ਖਾ ਲਓ।”

” ਆਈ , ਮੰਮੀ ਜੀ ! ” ਇਹ ਕਹਿ ਕੇ ਸਲੋਨੀ ਰਸੋਈ ਵਿੱਚ ਰੋਟੀ ਖਾਣ ਚਲੀ ਗਈ। ਉਸ ਦੀ ਮੰਮੀ ਜੀ ਨੇ ਉਸ ਦਾ ਟਿਫਨ ਵੀ ਤਿਆਰ ਕਰ ਦਿੱਤਾ। ਸਲੋਨੀ ਸਕੂਲ ਜਾਣ ਲਈ ਤਿਆਰ ਹੋ ਗਈ।

” ਚਲੋ ਸਕੂਲ ਚੱਲੀਏ , ਬੇਟਾ ” ,  ਉਸ ਦੀ ਮੰਮੀ ਨੇ ਸਕੂਲ ਜਾਣ ਲਈ ਇਸ਼ਾਰਾ ਕਰਦਿਆਂ ਕਿਹਾ।

ਸਲੋਨੀ ਅਚਾਨਕ ਰੋਣ ਲੱਗ ਪਈ।

” ਕੀ ਹੋਇਆ , ਮੇਰਾ ਪੁੱਤ ? ” , ਉਸਦੀ ਮੰਮੀ ਨੇ ਪਿਆਰ ਭਰੀ ਆਵਾਜ਼ ਵਿੱਚ ਪੁੱਛਿਆ।

ਪਰ ਸਲੋਨੀ ਕੁਝ ਨਾ ਬੋਲੀ ਤੇ ਰੋਂਦੀ ਰਹੀ।

ਫਿਰ ਥੋੜ੍ਹੀ ਦੇਰ ਬਾਅਦ ਉਸ ਨੇ ਅੱਗਿਓਂ ਹੌਲੀ ਜਿਹੇ ਜਵਾਬ ਦਿੱਤਾ, ” ਮੈਂ ਆਪਣਾ ਹੋਮਵਰਕ ਕਰਨਾ ਭੁੱਲ ਗਈ । ਹੁਣ ਮੈਂ ਆਪਣੇ ਮੈਡਮ ਜੀ ਨੂੰ ਕੀ ਜੁਆਬ ਦੇਵਾਂਗੀ ? ”

ਉਹ ਫਿਰ ਜ਼ੋਰ – ਜ਼ੋਰ ਦੀ ਰੋਣ ਲੱਗੀ।

ਉਸ ਦੀ ਮੰਮੀ ਨੇ ਕਿਹਾ, ” ਕੋਈ ਗੱਲ ਨਹੀਂ ਬੇਟਾ , ਮੈਂ ਤੁਹਾਡੇ ਮੈਡਮ ਜੀ ਨਾਲ ਗੱਲ ਕਰ ਲਵਾਂਗੀ।”

ਪਰ ਸਲੋਨੀ ਰੋਈ ਜਾ ਰਹੀ ਸੀ। ਉਸ ਦੀ ਮੰਮੀ ਨੇ ਉਸ ਦਾ ਹੋਮਵਰਕ ਕਰਨ ਦੀ ਕੋਸ਼ਿਸ਼ ਕੀਤੀ , ਪਰ ਉਸ ਨੂੰ ਆਪਣੀ ਮੰਮੀ ਦਾ ਕੀਤਾ ਕੰਮ ਪਸੰਦ ਨਹੀਂ ਆਇਆ। ਉਹ ਕਮਰੇ ਵਿੱਚ ਚਲੀ ਗਈ। ਮੈਡਮ ਜੀ ਵੱਲੋਂ ਦਿੱਤਾ ਹੋਮਵਰਕ ਹੁਣ ਉਹ ਸਾਫ – ਸੁਥਰੇ ਢੰਗ ਨਾਲ ਆਪ ਕਰਨ ਲੱਗੀ। ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ ; ਕਿਉਂਕਿ ਪਿਛਲੇ ਦਿਨ ਐਤਵਾਰ ਹੋਣ ਕਰਕੇ ਸਲੋਨੀ ਸਾਰਾ ਦਿਨ ਖੇਡਦੀ ਰਹੀ ਸੀ।

ਜਦੋਂ ਉਸ ਦੀ ਮੰਮੀ ਉਸ ਨੂੰ ਹੋਮਵਰਕ ਪੂਰਾ ਕਰ ਲੈਣ ਲਈ ਕਹਿੰਦੀ ਸੀ ਤਾਂ ਉਹ ਧਿਆਨ ਨਾ ਦਿੰਦੀ। ਸਗੋਂ ਉਸ ਨੇ ਸਾਰਾ ਦਿਨ ਆਪਣੇ ਆਲੇ – ਦੁਆਲੇ ਦੇ ਬੱਚਿਆਂ ਨਾਲ ਖੇਡ ਕੇ ਹੀ ਬਤੀਤ ਕਰ ਦਿੱਤਾ ਸੀ। ਥੱਕ ਜਾਣ ਕਾਰਨ ਉਹ ਹੋਮਵਰਕ ਕਰਨਾ ਭੁੱਲ ਗਈ ਤੇ ਛੇਤੀ ਹੀ ਉਸ ਨੂੰ ਨੀਂਦ ਆ ਗਈ ਸੀ।

ਹੁਣ ਉਸ ਦੀ ਮੰਮੀ ਨੇ ਵੀ ਉਸ ਨੂੰ ਇਸ ਬਾਰੇ ਸਮਝਾਇਆ ਤੇ ਉਸ ਨੂੰ ਉਸ ਦੇ ਸਕੂਲ ਛੱਡ ਆਈ। ਹੁਣ ਸਲੋਨੀ ਹਰ ਰੋਜ਼ ਸ਼ਾਮ ਨੂੰ ਆਪਣਾ ਹੋਮਵਰਕ ਪੂਰਾ ਕਰਦੀ ਤੇ ਖੁਸ਼ੀ – ਖੁਸ਼ੀ ਸਕੂਲ ਜਾਂਦੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ।

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356. 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਲਹਿਰਾਂ ਲਾਟਾਂ ਬਣੀਆਂ !
Next articleपरशुराम जयंती की प्रासंगिकता