ਗ਼ਜ਼ਲ / ਮਲਕੀਤ ਮੀਤ

ਮਲਕੀਤ ਮੀਤ

(ਸਮਾਜ ਵੀਕਲੀ)

ਮੋਢੇ ਤੇ ਦਾਤੀਆਂ, ਪੱਲੀਆਂ, ਦੇਵਾਂਗੇ ਧਰਨੇ ਦਿੱਲੀਏ !
ਅੰਨਦਾਤੇ ਪਹਿਲਾਂ ਵਾਂਗੂ, ਹੁਣ ਨਹੀਂਓਂ ਮਰਨੇ ਦਿੱਲੀਏ !

ਮੰਡੀਆਂ ਵਿੱਚ ਰੁਲੀਆਂ ਫ਼ਸਲਾਂ, ਚੌਂਕਾਂ ਵਿੱਚ ਪੱਗਾਂ ਦਿੱਲੀਏ,
ਸੋਕੇ ਨੇ ਫ਼ਸਲ ਮਾਰ ‘ਤੀ, ਡਾਹਡੇ ਦੁੱਖ ਜਰਨੇ ਦਿੱਲੀਏ !

ਦਿੱਲੀਏ ਸ਼ਰੇਆਮ ਹੋ ਗੀਆਂ, ਨੀਂ ਤੇਰੀਆਂ ਲੂੰਬੜ-ਚਾਲਾਂ,
ਅੱਗ ਦੇ ਦਰਿਆ ਵੀ ਤੇਰੇ, ਪਾਣੀਂ ਵਾਂਗ ਤਰਨੇ ਦਿੱਲੀਏ !

ਛਕੀਆਂ ਸਲਫ਼ਾਸ,’ਤੇ ਜ਼ਹਿਰਾਂ, ਫਾਹੇ ਵੀ ਗਲਾਂ ‘ਚ ਪਾਏ,
ਦਿਲ ਵਿੱਚ ਜੋ ਭਾਂਬੜ ਮੱਚਦੇ, ਤੇਰੇ ਤੇ ਵਰ੍ਹਨੇਂ ਦਿੱਲੀਏ !

ਅਸਾਂ ਹੀ ਅਡਵਾਇਰ ਫੁੰਡਿਆ, ਸਾਨੂੰ ਅਜ਼ਮਾ ਨਾ ਦਿੱਲੀਏ !
ਡਰ ਲੱਥੈ ਚਿਰ ਤੋਂ ਸਾਡਾ, ਬਣ ਗਏ ਆਂ ਡਰਨੇ ਦਿਲੀਏ !

ਮਿਹਨਤ ਹੈ ਰੱਤ ਤੋਂ ਗਾਹੜੀ, ਅਣਖੀਲੀ ਪਾਣ ਚੜ੍ਹੀ ਐ,
ਜੋ ਕਿ ਅਸੀਂ ਚਾਹੁੰਦੇ ਨਹੀਂ ਆਂ, ਪੈਣੇ ਕੰਮ ਕਰਨੇ ਦਿੱਲੀਏ !

ਸੱਪਾਂ ਦੀਆਂ ਸਿਰੀਆਂ ਫੇਹ ਕੇ, ਪੁੱਤਾਂ ਵਾਂਗ ਪਾਲੀਆਂ ਫਸਲਾਂ,
ਜਿਨਸਾਂ ਦਾ ਸ਼ੋਸ਼ਨ ਚਾਹੇਂ, ਪਾਉਣੈਂ ਤੈਨੂੰ ਪੜ੍ਹਣੇ ਦਿੱਲੀਏ !

Previous articleRationalism in the Times of Covid
Next articleਸੋਚ