ਗਰਮੀ ਦੌਰਾਨ ਕਪੂਰਥਲਾ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਪਾਣੀ ਦੀ ਕਿੱਲਤ – ਰਾਣਾ ਗੁਰਜੀਤ ਸਿੰਘ

ਪ੍ਰੀਤ ਨਗਰ ਵਿਖੇ ਨਵੇਂ ਵਾਟਰ ਪੰਪ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ। ਨਾਲ ਹਨ ਸੁਰਿੰਦਰ ਪਾਲ ਸਿੰੰਘ ਖਾਲਸਾ, ਆਦਰਸ਼ ਸ਼ਰਮਾ, ਮਨੋਜ ਭਸੀਨ ਅਤੇ ਹੋਰ।

ਕਪੂਰਥਲਾ, 22 ਜੂਨ (ਕੌੜਾ)-ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸਥਾਨਕ ਵਾਰਡ ਨੰਬਰ 19 ਪ੍ਰੀਤ ਨਗਰ ਵਿਖੇ 12.90 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਵਾਟਰ ਪੰਪ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਕਪੂਰਥਲਾ ਵਾਸੀਆਂ ਗਰਮੀ ਦੇ ਇਸ ਮੌਸਮ ਵਿਚ ਪਾਣੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨਾਂ ਨੂੰ ਪਾਣੀ ਦੀ ਵਧੀਆ ਅਤੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਵਾਟਰ ਪੰਪ ਇਕ ਹਫ਼ਤੇ ਵਿਚ ਚਾਲੂ ਹੋ ਜਾਵੇਗਾ ਅਤੇ ਇਸ ਨਾਲ ਪ੍ਰੀਤ ਨਗਰ ਤੋਂ ਇਲਾਵਾ ਸੰਤਪੁਰਾ, ਸੁੰਦਰ ਨਗਰ, ਨਰੋਤਮ ਵਿਹਾਰ ਅਤੇ ਦਸਮੇਸ਼ ਕਲੋਨੀ ਵਿਚ ਪਾਣੀ ਦੇ ਘੱਟ ਪ੍ਰੈਸ਼ਰ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨਾਂ ਦੱਸਿਆ ਕਿ ਸਾਬਕਾ ਕੌਂਸਲਰ ਸੁਰਿੰਦਰ ਪਾਲ ਸਿੰਘ ਖਾਲਸਾ ਅਤੇ ਰਣਜੀਤ ਕੌਰ ਖ਼ਾਲਸਾ ਵੱਲੋਂ ਇਲਾਕੇ ਦੀ ਇਹ ਸਮੱਸਿਆ ਉਨਾਂ ਦੇ ਧਿਆਨ ਵਿਚ ਲਿਆਂਦੀ ਗਈ ਸੀ।

ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਜਲੌਖਾਨਾ ਚੌਕ, ਮਾਡਲ ਟਾੳੂਨ ਅਤੇ ਅਫ਼ਸਰ ਕਲੋਨੀ ਵਿਖੇ ਵੀ 38.70 ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਤਿੰਨ ਨਵੇਂ ਵਾਟਰ ਪੰਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕਪੂਰਥਲਾ ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਰਾਂ ਨਾਲ ਵਚਨਬੱਧ ਹਨ ਅਤੇ ਹਮੇਸ਼ਾ ਕਪੂਰਥਲਾ ਵਾਸੀਆਂ ਨੂੰ ਹਰੇਕ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣ ਲਈ ਤੱਤਪਰ ਹਨ। ਇਲਾਕਾ ਵਾਸੀਆਂ ਵੱਲੋਂ ਇਸ ਸ਼ੁੱਭ ਕਾਰਜ ਲਈ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਕਾਰਜਸਾਧਕ ਅਫ਼ਸਰ ਆਦਰਸ਼ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸੀਨੀਅਰ ਆਗੂ ਵਿਕਾਸ ਸ਼ਰਮਾ, ਸਾਬਕਾ ਕੌਂਸਲਰ ਸਤਪਾਲ ਮਹਿਰਾ, ਮਾਸਟਰ ਵਿਨੋਦ ਸੂਦ, ਮਨਜਿੰਦਰ ਸਿੰਘ ਸਾਹੀ, ਨਗਰ ਨਿਗਮ ਦੇ ਐਸ. ਓ ਤਰਲੋਚਨ ਸਿੰਘ, ਗਗਨ ਵਾਲੀਆ, ਦਿਲਬਾਗ ਸਿੰਘ ਪ੍ਰੀਤ ਨਗਰ, ਦਰਸ਼ਨ ਬਾਜਵਾ, ਬੀਬੀ ਪੰਮੀ, ਹਰਨੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।

Previous articleਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਫਾਦਰ ਡੇਅ ਤੇ ਯੋਗਾ ਦਿਵਸ ਸਬੰਧੀ ਪ੍ਰਤੀਯੋਗਤਾ 
Next articleਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਬਜ਼ੁਰਗਾਂ ਅਤੇ ਬੱਚਿਆਂ ਲਈ ਸ਼ਖਤੀ ਨਾਲ ਹੋਮ ਕੁਆਰੰਟੀਨ ’ਤੇ ਜ਼ੋਰ