ਗਣਤੰਤਰ ਦਿਵਸ ?

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

(1)
ਕਿਸੇ ਦੱਸਿਆ ਕਿ ਸਕੂਲ ਚ,
ਛੱਬੀ ਜਨਵਰੀ ਮਨਾਈ ਗਈ।
ਤੇ ਗਿਆਨ ਜਾਂ ਜਾਣਕਾਰੀ,
ਸੰਵਿਧਾਨ ਬਾਰੇ ਸਮਝਾਈ ਗਈ ।
ਵੱਡੀ ਜਮਾਤਾਂ ਦੇ ਵਿਦਿਆਰਥੀ,
ਮੋਟਰਸਾਈਕਲਾਂ ਤੇ ਸਵਾਰ ਸਨ।
ਬਿਨਾਂ ਲਾਇਸੈਂਸ ਤੇ ਹੈਲਮੇਟ ਤੋਂ,
ਬੈਠੇ ਵੀ ਚਾਰ ਚਾਰ ਸਨ।
ਹਾਸੇ ਠੱਠੇ ਕਰ ਲਟਕ ਕੇ ਬੈਠੇ,
ਇੱਕ ਦੂਜੇ ਨੂੰ ਫੜ ਫੜ ਸੀ।
ਕਿਸੇ ਘਰੇ ਜਾਂ ਰਾਹ ਨਾ ਟੋਕਿਆ,
ਫਿਰ ਸਕੂਲੇ ਕੀਹਦਾ ਡਰ ਸੀ।
ਮੁੱਖ ਅਧਿਆਪਕ ਜੀ ਆਮ ਵਾਂਗ,
ਕਾਰ ਵਿੱਚ ਆਏ ਸਨ ।
ਜਿਹਨਾਂ ਗੇਟ ਖੁਲਵਾਉਣ ਲਈ ਦੂਰੋਂ ਹੀ,
ਪ੍ਰੈਸ਼ਰ ਹਾਰਨ ਵਜਾਏ ਸਨ।
ਨਿੱਤ ਹੀ ਗੱਡੀ ਪਾਰਕ ਕਰਕੇ,
ਛਾਲ਼ ਮਾਰ ਬਾਹਰ ਆਉਂਦੇ ਨੇ।
ਬਹੁਤੀ ਦੇਰ ਲੱਗਣ ਨੂੰ ਕਿਹੜਾ ਕਦੇ,
ਸੀਟ ਬੈਲਟ ਲਾਉਂਦੇ ਨੇ।
ਕਿਉਂਕਿ ਪੜ੍ਹਾਈ ਤਾਂ ਬੱਸ,
ਲਿਖਤੀ ਪ੍ਰੀਖਿਆਵਾਂ ਲਈ ਜਰੂਰੀ ਐ।
ਨਾਲੇ ਅੱਜ ਦੇ ਦਿਨ ਵੀ ਰਸਮੀ ਭਾਸ਼ਣ,
ਤੇ ਤਾੜੀਆਂ ਈ ਮਜਬੂਰੀ ਐ।
               (2)
ਇੱਕ ਹੋਰ ਸੁਣਿਆ ਬਈ ਕਈਂ ਦਿਨਾ ਤੋਂ,
ਮਾਸਟਰਾਂ ਦੇ ਚਿਹਰੇ ਤੇ ਹਾਸਾ ਨਾ ਦਿਖਿਆ ਹੈ।
ਕਿਉਂਕਿ ਛੇ ਛੇ ਮਹੀਨੇ ਤਨਖਾਹ ਰੋਕਣੀ,
ਪਤਾ ਨਹੀਂ ਕਿਹੜੇ ਸੰਵਿਧਾਨ ਚ ਲਿਖਿਆ ਹੈ।
ਸੁਣਿਆ ਕਾਫੀ ਦਿਨਾਂ ਤੋਂ ਮਿਡ ਡੇ ਮੀਲ ਦਾ,
ਖਰਚਾ ਵੀ ਪੱਲਿਉਂ ਕਰ ਰਹੇ ਨੇ।
ਗਣਤੰਤਰ ਦਿਵਸ ਦੇ ਸਮਾਗਮ ਦਾ,
ਬਜਟ ਵੀ ਰਲਮਿਲ ਕੇ ਜਰ ਰਹੇ ਨੇ।
ਉੰਝ ਭਾਵੇਂ ਸਮਰਥਕਾਂ, ਚਾਪਲੂਸਾਂ ਤੇ,
ਘੜੰਮ ਚੌਧਰੀਆਂ ਦਾ ਲੁਕਵਾਂ ਜਿਹਾ ਪ੍ਰਚਾਰ ਐ।
ਕਿ ਪੰਜਾਬ ਚ ‘ਰਾਈਟ ਟੂ ਐਜੂਕੇਸ਼ਨ’ ਅਤੇ,
‘ਰਾਈਟ ਟੂ ਫੂਡ’ ਦੀ ਜਨਮ-ਦਾਤੀ ਸਰਕਾਰ ਐ।
ਜਨਮ-ਦਾਤੀ ਸਰਕਾਰ ਐ।
ਜਨਮ-ਦਾਤੀ ਸਰਕਾਰ ਐ।
ਜਨਮ-ਦਾਤੀ ਸਰਕਾਰ ਐ।
                         ਰੋਮੀ ਘੜਾਮੇਂ ਵਾਲਾ।
                         98552-81105
Previous articleਲੋਕ ਲਹਿਰਾਂ ਦੀ ਉਸਾਰੀ ਵਿੱਚ ਜੁਝਾਰੂ ਕਲਮਾਂ ਦੀ ਭੂਮਿਕਾ ਅਹਿਮ: ਗੁਰਦਿਆਲ ਨਿਰਮਾਣ
Next articleIFIICC eyes strengthening business ties with India, UAE, Israel