‘ਗਊ’ ਤੇ ‘ਓਮ’ ਸ਼ਬਦਾਂ ਨਾਲ ਕਈਆਂ ਦੇ ਵੱਜਦਾ ਹੈ ‘ਕਰੰਟ’: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੇ ਆਪਣੇ ਉਨ੍ਹਾਂ ਆਲੋਚਕਾਂ ’ਤੇ ਜੰਮ ਕੇ ਵਰ੍ਹੇ ਜੋ ਕਹਿੰਦੇ ਹਨ ਕਿ ‘ਓਮ’ ਤੇ ‘ਗਊ’ ਦਾ ਜ਼ਿਕਰ ਭਾਰਤ ਨੂੰ ਪਿਛਾਂਹ ਖਿੱਚ ਕੇ 16ਵੀਂ-17ਵੀਂ ਸਦੀ ’ਚ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਦੇਸ਼ ਦਾ ਨੁਕਸਾਨ ਕਰਨ ’ਤੇ ਤੁਲੇ ਹੋਏ ਹਨ। ਮੋਦੀ ਨੇ ਕਿਹਾ ਕਿ ਅਫ਼ਰੀਕਾ ਵਿਚ ਇਕ ਮੁਲਕ ਹੈ ਰਵਾਂਡਾ ਤੇ ਉਨ੍ਹਾਂ ਉੱਥੇ ਦੇਖਿਆ ਕਿ ਸਰਕਾਰ ਪਿੰਡਾਂ ਨੂੰ ਗਊਆਂ ਦਿੰਦੀ ਹੈ, ਇਸ ਸ਼ਰਤ ਦੇ ਨਾਲ ਕਿ ਜਦ ਗਊ ਪਹਿਲੀ ਵੱਛੀ ਦੇਵੇਗੀ ਤਾਂ ਉਹ ਸਰਕਾਰ ਨੂੰ ਸੌਂਪੀ ਜਾਵੇਗੀ। ਅਗਾਂਹ ਇਹ ਉਨ੍ਹਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਗਊ ਨਹੀਂ ਹੈ। ਇਸ ਤਰ੍ਹਾਂ ਇਕ ਲੜੀ ਚੱਲਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਦਾ ਮਕਸਦ ਹੈ ਕਿ ਰਵਾਂਡਾ ਦੇ ਹਰ ਘਰ ਵਿਚ ਗਊ ਹੋਵੇ, ਦੁੱਧ ਹੋਵੇ ਤੇ ਪਸ਼ੂ ਪਾਲੇ ਜਾਣ। ਇਹੀ ਉੱਥੇ ਅਰਥਵਿਵਸਥਾ ਦਾ ਆਧਾਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਸਾਡੇ ਮੁਲਕ ਵਿਚ ਕੁਝ ਲੋਕਾਂ ਦੇ ਜਦ ‘ਓਮ’ ਸ਼ਬਦ ਕੰਨਾਂ ’ਚ ਪੈਂਦਾ ਹੈ, ‘ਉਨ੍ਹਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ’। ਇਸੇ ਤਰ੍ਹਾਂ ‘ਗਊ’ ਸ਼ਬਦ ਨਾਲ ਹੈ। ਮੋਦੀ ਨੇ ਕਿਹਾ ਕਿ ਪਸ਼ੂਧਨ ਬਿਨਾਂ ਕਿਸੇ ਦੇਸ਼ ਦੇ ਆਰਥਿਕਤਾ ਵਿਕਾਸ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਲੋਕਾਂ ਨੂੰ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਦਾ ਤਿਆਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਵਾਤਾਵਰਨ ਲਈ ਖ਼ਤਰਾ ਹੈ। ਇਹ ਪਸ਼ੂਧਨ ਤੇ ਮੱਛੀਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਮੋਦੀ ਇੱਥੇ ‘ਸਵੱਛਤਾ ਹੀ ਸੇਵਾ’ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਮੋਦੀ ਮਹਿਲਾਵਾਂ ਨਾਲ ਜ਼ਮੀਨ ’ਤੇ ਬੈਠੇ ਤੇ ਕੂੜੇ ਵਿਚੋਂ ਪਲਾਸਟਿਕ ਵੱਖ ਕਰਨ ’ਚ ਮਦਦ ਕੀਤੀ। ਉਨ੍ਹਾਂ ਇਸ ਮੌਕੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਕੌਮੀ ਪੱਧਰ ਦਾ ਪ੍ਰੋਗਰਾਮ ਲਾਂਚ ਕੀਤਾ। ਇਸ ਪ੍ਰੋਗਰਾਮ ਤਹਿਤ ਕਰੋੜਾਂ ਪਸ਼ੂਆਂ ਦਾ 12,652 ਕਰੋੜ ਰੁਪਏ ਦੀ ਲਾਗਤ ਨਾਲ ਟੀਕਾਕਰਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕੌਮੀ ਮਸਨੂਈ ਗਰਭਦਾਨ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੋਇਡਾ ’ਚ ਸੰਯੁਕਤ ਰਾਸ਼ਟਰ ਨਾਲ ਜੁੜੇ ‘ਸੀਓਪੀ’ ਸੰਮੇਲਨ ’ਚ ਵੀ ਮੋਦੀ ਨੇ ਇਕਹਿਰੀ ਪਲਾਸਟਿਕ ਦੀ ਵਰਤੋਂ ਰੋਕਣ ਦਾ ਸੱਦਾ ਦਿੱਤਾ ਸੀ।

Previous articleਬੈਂਸ ਵਿਵਾਦ: ਪੀਸੀਐੱਸ ਅਧਿਕਾਰੀਆਂ ਵੱਲੋਂ ਕਲਮਛੋੜ ਹੜਤਾਲ
Next articleਚੰਦਰਬਾਬੂ ਨਾਇਡੂ ਅਤੇ ਪੁੱਤਰ ਘਰ ’ਚ ਨਜ਼ਰਬੰਦ