ਖੱਬੇ ਪੱਖੀ ਜਥੇਬੰਦੀਆਂ ਵੱਲੋਂ ਦਿੱਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ’ਤੇ ਦਿੱਲੀ ਸਰਕਾਰ ਵੱਲੋਂ ਦੇਸ਼ਧ੍ਰੋਹ ਦਾ ਕੇਸ ਦਰਜ ਦੀ ਮਨਜ਼ੂਰੀ ਦੇਣ ਅਤੇ ਬੀਤੇ ਦਿਨੀਂ ਦਿੱਲੀ ਵਿਚ ਵਾਪਰੀ ਹਿੰਸਾ ਖਿਲਾਫ਼ ਅੱਜ ਇੱਥੇ ਸੈਕਟਰ-17 ’ਚ ਖੱਬੇ ਪੱਖੀ ਜਥੇਬੰਦੀਆਂ ਸੀਪੀਆਈ, ਆਰਐਮਪੀਆਈ (ਪਾਸਲਾ ਗਰੁੱਪ), ਸੀਪੀਆਈ ਐਮਐਲ (ਲਿਬਰੇਸ਼ਨ) ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਸੱਜਣ ਸਿੰਘ, ਕਾਮਰੇਡ ਕੰਵਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਐਨ.ਆਰ.ਸੀ. ਅਤੇ ਐਨ.ਪੀ.ਆਰ. ਵਰਗੇ ਕਾਨੂੰਨਾਂ ਨਾਲ ਦੇਸ਼ ਦੀ ਧਰਮ ਨਿਰਪੱਖਤਾ ਨੂੰ ਭਾਰੀ ਠੇਸ ਪਹੁੰਚਾਈ ਅਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਜੇ.ਐਨ.ਯੂ. ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ’ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮਨਜ਼ੂਰੀ ਦੇ ਕੇ ਮੋਦੀ ਸਰਕਾਰ ਦਾ ਪੱਖ ਪੂਰਿਆ ਹੈ ਜਿਸ ਨਾਲ ਵਿਦਿਆਰਥੀ ਜਗਤ ਵਿਚ ਵੀ ਰੋਸ ਦੀ ਲਹਿਰ ਹੈ। ਉਨ੍ਹਾਂ ਕੇਜਰੀਵਾਲ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਸੀ.ਏ.ਏ., ਐਨ.ਸੀ.ਆਰ. ਅਤੇ ਐਨ.ਪੀ.ਆਰ. ਵਰਗੇ ਕਾਨੂੰਨਾਂ ਨੂੰ ਕਾਲ਼ੇ ਕਾਨੂੰਨ ਗਰਦਾਨਦਿਆਂ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਅਜਿਹੇ ਕਾਲੇ ਕਾਨੂੰਨ ਪਾਸ ਕਰਕੇ ਸ਼ਾਂਤੀ ਭੰਗ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਵਿਚ ਸ਼ਾਂਤੀ ਦੀ ਬਹਾਲੀ ਲਈ ਕੰਮ ਕੀਤੇ ਜਾਣ। ਸੱਜਣ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਨ੍ਹਾਂ ਦੀ ਸਰਕਾਰ ਬਣਾਉਣ ਵਿਚ ਦਿੱਲੀ ਵਾਸੀ ਤੇ ਹਰ ਫਿਰਕੇ, ਮਜ਼੍ਹਬ ਦੇ ਲੋਕਾਂ ਦਾ ਸਹਿਯੋਗ ਰਿਹਾ ਹੈ ਪਰ ਹੁਣ ਕਨ੍ਹੱਈਆ ਦੇ ਮਾਮਲੇ ਵਿਚ ਮਨਜ਼ੂਰੀ ਦੇ ਕੇ ਉਨ੍ਹਾਂ ਆਪਣੀ ਸ਼ਖਸੀਅਤ ਦੇ ਉਲਟ ਕੰਮ ਕੀਤਾ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸੀਏਏ ਨੂੰ ਧਰਮ ਨਿਰਪੱਖ ਦੇਸ਼ ਦੇ ਲੋਕਾਂ ਉਤੇ ਥੋਪ ਰਹੀ ਹੈ। ਇਸ ਮੌਕੇ ਦੇਵੀ ਦਿਆਲ ਸ਼ਰਮਾ, ਹਰਭਜਨ ਸਿੰਘ, ਮਹਿੰਦਰਪਾਲ ਸਿੰਘ, ਗੁਰਨਾਮ ਕੰਵਲ, ਵਿਦਿਆਰਥੀ ਜਥੇਬੰਦੀ ਏ.ਆਈ.ਐਸ.ਐਫ. ਤੋਂ ਹਰਸ਼ ਅਤੇ ਆਇਸਾ ਤੋਂ ਵੀ ਵਿਦਿਆਰਥੀ ਆਗੂ ਹਾਜ਼ਰ ਸਨ।

Previous articleਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਵੱਲੋਂ ਸਾਂਝੀਵਾਲਤਾ ਦੀ ਮਿਸਾਲ ਪੇਸ਼
Next articleਕਰੋਨਾਵਾਇਰਸ: ਦੁਨੀਆਂ ਭਰ ਵਿੱਚ 85 ਹਜ਼ਾਰ ਪੀੜਤ