ਖੋਜ ਸੁਲੇਖ

(ਸਮਾਜ ਵੀਕਲੀ)

ਜਾਅਲੀ ਖ਼ਬਰਗੀਰਾਂ ਦੇ ਗਿਰੋਹ ਤੋਂ ਕਿਵੇਂ ਬਚਣ ਆਮ ਲੋਕ?

ਏਸ ਵੇਲੇ ਹਰ ਓਹ ਵਿਹਲਾ, ਨਿਕੰਮਾ ਬੰਦਾ, ਆਪਣੀ ਜੇਬ ਵਿਚ ਪ੍ਰੈੱਸ ਜਾਂ ਪੱਤਰਕਾਰੀ ਦਾ ਕਾਰਡ ਚਾਹੁੰਦਾ ਹੈ, ਜੀਹਨੇ ਸਕੂਲ, ਕਾਲਜ ਵਿਚ ਕਦੇ ਮਨ ਲਾ ਕੇ ਪੜ੍ਹਾਈ ਨਈ ਕੀਤੀ ਹੁੰਦੀ। ਜੀਹਨੇ ਕਦੇ ਸ਼ੌਕ ਨਾਲ਼ ਕੋਈ ਰਸਾਲਾ, ਅਖ਼ਬਾਰ ਜਾਂ ਕਿਸੇ ਵਿਚਾਰਧਾਰਾ ਦਾ ਨਿੱਠ ਕੇ, ਅਧਿਐਨ ਨਹੀਂ ਕੀਤਾ ਹੁੰਦਾ, ਓਹ ਵੀ ਪੱਤਰਕਾਰ ਦੇ ਤੌਰ ਉੱਤੇ ਪਛਾਣ ਪੱਤਰ ਚਾਹੁੰਦਾ ਹੈ।

ਪੱਤਰਕਾਰੀ ਦੇ ਮਾਹਰਾਂ ਨਾਲ਼ ਗੱਲ ਕਰੀਏ ਤਾਂ, ਓਹ ਆਖਦੇ ਨੇ ਕਿ ਪੱਤਰਕਾਰ ਬਣਨ ਲਈ ਬੀ. ਏ. ਪਾਸ ਕਰਨ ਮਗਰੋਂ ਮੈਸ ਕਮਿਊਨੀਕੇਸ਼ਨ ਵਿਚ ਇਕ ਸਾਲ ਦਾ ਡਿਪਲੋਮਾ ਕੋਰਸ ਜਾਂ 2 ਸਾਲਾ ਡਿਗਰੀ ਕੋਰਸ ਕਰਨਾ ਪੈਂਦਾ ਹੈ ਫੇਰ ਵਿਅਕਤੀ ਪੇਸ਼ਾਵਰ ਪੱਤਰਕਾਰ ਕਹਾ ਸਕਦਾ ਹੁੰਦਾ ਹੈ।

ਦੂਜਾ ਤੇ ਆਸਾਨ ਤਰੀਕਾ ਹੈ ਹਰ ਰੋਜ਼ ਮਨ ਲਾ ਕੇ, ਕੋਈ ਅਖ਼ਬਾਰ ਪੜ੍ਹਣ ਦੀ ਆਦਤ ਪਾਉਣੀ। ਅਖ਼ਬਾਰ ਜਾਂ ਵੈੱਬਸਾਈਟ ਉੱਤੇ ਲੇਖ ਪੜ੍ਹ ਕੇ, ਦਰੁਸਤ ਜਾਣਕਾਰੀ ਦੇ ਰੂ ਬ ਰੂ ਹੋਣਾ, ਇੰਝ ਕੀਤੀਆਂ ਮਨੁੱਖ ਲਿੱਖਣ ਦਾ ਰਿਆਜ਼ ਕਰਨ ਲੱਗੇ ਤਾਂ ਕਿਸੇ ਨਾ ਕਿਸੇ ਅਖ਼ਬਾਰ, ਰਸਾਲੇ ਜਾਂ ਵੈੱਬ ਪਰਚੇ ਉੱਤੇ ਓਹਦੇ ਸੁਲੇਖ ਛਪਣ ਲੱਗਦੇ ਹਨ ਤੇ ਚੰਗੇ ਪਾਠਕ ਗ਼ਲਤੀਆਂ ਬਾਰੇ ਆਗਾਹ ਕਰ ਦਿੰਦੇ ਹਨ।

ਪਰ ਏਸ ਤੋਂ ਉਲਟ ਹੋ ਰਿਹੈ, ਇਮਾਨਦਾਰ ਬਣਨ ਵਿਚ ਕਿਸੇ ਦੀ ਦਿਲਚਸਪੀ ਨਹੀਂ ਹੈ। ਅਜੋਕੇ ਵਕ਼ਤ ਵਿਚ ਸਮਾਜ ਵਿਚ ਬਿਨਾਂ ਅਧਿਐਨ ਤੇ ਬਿਨਾਂ ਮਿਹਨਤ ਕੀਤਿਆਂ ਮੁੰਡੇ /ਕੁੜੀਆਂ “ਸਫਲ” ਹੋਣਾ ਚਾਹੁੰਦੇ ਨੇ. ਸਫਲ ਤੋਂ ਮੁਰਾਦ ਹੈ ਕਿ ਓਹ ਮੋਟੀ ਕਮਾਈ ਕਰਨਾ ਲੋਚਦੇ ਨੇ, ਪਰ ਮਿਹਨਤ ਕਰਨੀ ਜਾਂ ਨਿੱਠ ਕੇ ਪੜ੍ਹਣ ਦਾ ਖਿਆਲ ਉਨ੍ਹਾਂ ਨੂੰ ਹਜ਼ਮ ਨਈ ਹੁੰਦਾ.. !

ਪੰਚਾਂ ਤੇ ਸਰਪੰਚਾਂ ਨੂੰ ਲੁੱਟਣ ਤੁਰੇ ਠੱਗ

ਪਿੱਛੇ ਜਿਹੇ ਸਾਡੇ ਪਿੰਡ ਰਾਊਵਾਲੀ ਵਿਚ ਕੁਝ ਡੀ. ਜੇ. ਡਾਂਸਰਾਂ ਤੇ ਅਵਾਰਾਗਰਦ ਨੌਜਵਾਨ ਤੁਰੇ ਫਿਰਦੇ ਵੇਖੇ ਸਨ। ਇਹ ਮੁੰਡੇ ਕੁੜੀਆਂ ਲੁੱਧਿਆਣੇ ਵਿਚ ਦਫਤਰ ਬਣਾ ਕੇ ਬੈਠੇ ਕੂਕਾ ਨਾਂ ਦੇ ਜਾਅਲੀ ਪੱਤਰਕਾਰ ਦੇ ਏਜੰਟ ਸਨ। ਇਨ੍ਹਾਂ ਨੇ ਹਰ ਪੰਚ ਤੋਂ ਪੰਜ ਹਜਾਰ ਰੁਪਏ ਲਏ ਤੇ ਹਰ ਸਰਪੰਚ ਤੋਂ 10 ਹਜਾਰ ਰੁਪਏ, ਓਹਦੀ ਫੋਟੋ, ਪਿੰਡ ਵਿਚ ਕੀਤੇ ਗਏ ਕੰਮ, ਮੰਗਾਂ ਦਾ ਵੇਰਵਾ ਲਿਆ ਸੀ। ਇਹ ਤਾਂ ਹੈ ਮਿਹਨਤ ਦਾ ਕੰਮ ਪਰ ਸਥਿਤੀ ਦਾ ਅਸਲੀ ਪੱਖ ਇਹ ਹੈ ਕਿ ਇਹ ਮੁੰਡੇ ਤੇ ਕੁੜੀਆਂ ਪੈਸੇ ਲੈ ਕੇ ਛੁਪਣ ਹੋ ਜਾਂਦੇ ਹਨ ਤੇ ਕੋਈ ਸੋਵੀਨਾਰ, ਰਸਾਲਾ ਵਗੈਰਾ ਕਦੇ ਨਹੀਂ ਛਾਪਦੇ, ਪੰਚ ਤੇ ਸਰਪੰਚ ਹੱਥ ਮੱਲਦੇ ਰਹਿ ਜਾਂਦੇ ਹਨ।

ਗ਼ੈਰ ਕਾਨੂੰਨੀ ਪ੍ਰਕਾਸ਼ਨ ਦੇ ਨਾਂ ਉੱਤੇ ਲੱਖਾਂ /ਕਰੋੜਾਂ ਦੀ ਠੱਗੀ

ਇਕ ਸਰਪੰਚ ਵਿਚਾਰਾ ਕਿਸੇ ਠੱਗ ਪਬਲੀਸ਼ਰ ਹੱਥੋਂ ਠੱਗਿਆ ਗਿਆ ਤੇ ਬਿੱਟੂ ਨਾਂ ਦੇ ਕਾਰ ਵੇਚਕ ਨੇ, ਉਸਨੂੰ ਮੇਰੇ ਨਾਲ ਮਿਲਾ ਦਿੱਤਾ। ਓਸ ਠੱਗ ਦੇ ਏਜੰਟ ਗ੍ਰਾਮ ਪੰਚਾਇਤ ਤੋਂ ਛਾਪੇ ਜਾਣ ਵਾਲੇ ਇਸ਼ਤਿਹਾਰ ਲਈ 23 ਹਜਾਰ ਰੁਪਏ ਲੈ ਗਏ ਸਨ। ਯੂ ਟਿਊਬ ਚੈਨਲ ਉੱਤੇ ਬਾਈਟ ਵਿਖਾਉਣ ਲਈ 5 ਹਜਾਰ ਰੁਪਏ ਲੈ ਗਏ।

ਪਰ ਫੇਰ ਕਿਸੇ ਨੇ ਵੀ ‘ਦਰਸ਼ਨ’ ਦੇਣ ਦੀ ਖੇਚਲ ਨਾ ਕੀਤੀ। ਅਸੀਂ ਓਸ ਪਬਲੀਸ਼ਰ ਨੂੰ ਫੋਨ ਲਾਇਆ ਤਾਂ ਓਹ ਸ਼ਰਮ ਮੰਨ ਕੇ ਥੋੜ੍ਹਾ ਜਰਕ ਗਿਆ ਤੇ ਇਕ ਗ਼ੈਰ ਪ੍ਰਵਾਨਤ ਮੈਗਜ਼ੀਨ ਉੱਤੇ ਗ੍ਰਾਮ ਪੰਚਾਇਤ ਦੀਦਾਵਰਪੁਰ (ਨਾਮ ਬਦਲ ਦਿੱਤੈ) ਦਾ ਇਸ਼ਤਿਹਾਰ ਛਾਪ ਲਿਆਇਆ… ਤਾਂ ਕਿਤੇ ਪੰਚਾਂ ਸਰਪੰਚਾਂ ਦੇ ਸਾਹ ਵਿਚ ਸਾਹ ਆਇਆ ਸੀ।

ਠੱਗੀ ਦਾ ਧੰਦਾ ਬਣਾ ਦਿੱਤਾ ਪਵਿੱਤਰ ਪੇਸ਼ੇ ਨੂੰ !

ਇਕ ਜਾਅਲੀ ਖ਼ਬਰਕਾਰ ਦੱਸ ਰਿਹਾ ਸੀ ਕਿ ਓਹ ਪੰਚਾਂ, ਸਰਪੰਚਾਂ, ਆਈਲਟਸ ਵਾਲੇ ਏਜੰਟਾਂ ਕੋਲ ਮਹਿਲਾ ਏਜੰਟ ਭੇਜ ਕੇ ਹਰ ਸਾਲ 50 ਲੱਖ ਰੁਪਏ ਇਕੱਤਰ ਕਰਦਾ ਹੈ। ਪੱਚੀ ਫ਼ੀਸਦੀ ਕਮਿਸ਼ਨ ਦੇ ਕੇ, ਓਹ 80 ਸਫ਼ਿਆਂ ਦਾ ਸੋਵੀਨਾਰ ਛਾਪ ਕੇ ਪੰਚਾਂ, ਸਰਪੰਚਾਂ ਤੇ ਆਈਲਟਸ ਵਾਲੇ ਏਜੰਟਾਂ ਨੂੰ ਡਾਕ ਜ਼ਰੀਏ ਭੇਜ ਦਿੰਦਾ ਹੈ। ਏਸ ਤਰ੍ਹਾਂ ਸਰਕਾਰ ਤੋਂ ਪ੍ਰਵਾਨਗੀ ਲਏ ਬਿਨਾਂ ਓਹ ਲੱਖਾਂ ਰੁਪਏ ਜਮ੍ਹਾ ਕਰ ਲੈਂਦਾ ਹੈ।

ਸਵੇਰੇ ਸਾਜਰੇ ਉੱਠ ਕੇ ਤੁਰ ਪੈਂਦੇ ਨੇ ਸ਼ਿਕਾਰ ਲੱਭਣ

ਬਹੁਤ ਸਾਰੇ ਜਾਅਲੀ ਪਬਲੀਸ਼ਰ ਆਪਣੇ ਏਜੰਟਾਂ ਨੂੰ ਸਵੇਰੇ ਸਾਜਰੇ ਉਠਾ ਕੇ ਗਾਹਕਾਂ ਦੇ ਘਰਾਂ ਤੇ ਡੇਰਿਆਂ ਵੱਲ ਭੇਜ ਦਿੰਦੇ ਹਨ। ਸਵੇਰੇ ਨੀਂਦ ਤੋਂ ਉੱਠਿਆ ਮਨੁੱਖ, ਦਰ ਉੱਤੇ ਆਏ ਸਵਾਲੀ ਨੂੰ ਖਾਲੀ ਹੱਥ ਨਹੀਂ ਭੇਜਦਾ ਸਗੋਂ ਖ਼ੈਰ ਪਾ ਹੀ ਦਿੰਦਾ ਹੈ। ਏਸ ਤਰ੍ਹਾਂ ਇਹ ਠੱਗ ਅਨਸਰ, ਮਹਿਲਾ ਏਜੰਟਾਂ ਨੂੰ ਵੀ ਨਾਲ ਲੈ ਲੈਂਦੇ ਹਨ। ਲੁਧਿਆਣਾ ਵਿਚ ਅਜਿਹੇ ਕਈ ਫਰੌਡ ਕੇਸ ਟਰੇਸ ਕੀਤੇ ਗਏ ਹਨ। ਅਜਿਹੇ ਠੱਗਾਂ ਨੇ ਪੱਤਰਕਾਰੀ ਪੇਸ਼ਾ ਬਦਨਾਮ ਕੀਤਾ ਹੈ। ਨਵੇਂ ਖ਼ੁਲਾਸੇ ਕਦੇ ਫੇਰ ਕਰਾਂਗੇ, ਤੱਦ ਤਕ ਲਈ ਦਿਓ ਆਗਿਆ।

 

 

 

 

 

ਯਾਦਵਿੰਦਰ 
ਸੰਪਰਕ : +9194653 29617
ਸਰੂਪ ਨਗਰ, ਰਾਉਵਾਲੀ, ਜਲੰਧਰ

Previous articleਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਪ੍ਰੀਵਾਰ ਵਲੋਂ ਆਈ ਵੱਡੀ ਖਬਰ – ਬੇਟੇ ਅਲਾਪ ਸਿਕੰਦਰ ਨੇ ਦਿੱਤੀ ਇਹ ਜਾਣਕਾਰੀ
Next articleसुरेश चंद्र बोध और उनकी पत्नी जयंती को अंबेडकर सोसायटी द्वारा सम्मानित किया