ਖੋਖੇ ਢਾਹੁਣ ’ਤੇ ਵਕੀਲ ਹੋਏ ਲੋਹੇ-ਲਾਖੇ

ਬਠਿੰਡਾ- ਜ਼ਿਲ੍ਹਾ ਕਚਹਿਰੀ ਕੋਲ ਬਣਾਏ ਵਕੀਲਾਂ ਦੇ ਖੋਖਿਆਂ ਨੂੰ ਢਾਹੁਣ ਕਾਰਨ ਵਕੀਲਾਂ ’ਚ ਭਾਰੀ ਰੋਸ ਹੈ। ਇਸੇ ਰੋਹ ਦੇ ਚਲਦਿਆਂ ਅੱਜ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਦੀ ਅਗਵਾਈ ਵਿੱਚ ਵਕੀਲਾਂ ਨੇ ਪੁਲੀਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਸੜਕਾਂ ’ਤੇ ਉਤਰਨ ਦੀ ਚਿਤਾਵਨੀ ਦਿੱਤੀ ਹੈ।
ਐਡਵੋਕੇਟ ਰਣਜੀਤ ਸਿੰਘ ਜਲਾਲ ਨੇ ਆਖਿਆ ਕਿ ਜੇਕਰ ਵਕੀਲ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਸਕਦੇ ਹਨ ਤਾਂ ਉਨ੍ਹਾਂ ਨੂੰ ਇਨਸਾਫ ਆਪਣੇ ਲਈ ਵੀ ਲੈਣਾ ਆਉਂਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਪੁਲੀਸ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰ ਦੇਣਗੇ। ਦੱਸਣਯੋਗ ਹੈ ਕਿ ਜ਼ਿਲ੍ਹਾ ਕਚਹਿਰੀਆਂ ਅੱਗੇ ਪਿਛਲੇ ਕਈ ਵਰ੍ਹਿਆਂ ਤੋਂ ਕੁਝ ਗਰੀਬ ਦੁਕਾਨਦਾਰਾਂ ਵੱਲੋਂ ਰੋਜ਼ੀ ਰੋਟੀ ਲਈ ਆਪਣਾ ਧੰਦਾ ਚਲਾਇਆ ਜਾ ਰਿਹਾ ਸੀ, ਇਸੇ ਥਾਂ ’ਤੇ ਟਾਈਪਿਸਟ, ਅਸ਼ਟਾਮ ਤੇ ਟਿਕਟ ਵਿਕਰੇਤਾ ਵੀ ਬੈਠਦੇ ਸਨ ਅਤੇ ਕਰੀਬ ਇੱਕ ਦਰਜਨ ਵਕੀਲਾਂ ਨੇ ਆਪਣੇ ਚੈਂਬਰ ਵੀ ਬਣਾਏ ਹੋਏ ਸਨ। ਐਤਵਾਰ ਨੂੰ ਭਾਰੀ ਪੁਲੀਸ ਫੋਰਸ ਦੀ ਹਾਜ਼ਰੀ ’ਚ ਮਿੰਟਾਂ ’ਚ ਉਸਾਰੀਆਂ ਢਾਹ ਦਿੱਤੀਆਂ ਗਈਆਂ।
ਐਡਵੋਕੇਟ ਜਲਾਲ ਨੇ ਆਖਿਆ ਕਿ ਪੁਲੀਸ ਨੂੰ ਬਾਰ ਐਸੋਸੀਏਸ਼ਨ ਨੂੰ ਸੂਚਿਤ ਕਰਨਾ ਚਾਹੀਦਾ ਸੀ। ਐਡਵੋਕੇਟ ਐਮ ਐਮ ਬਹਿਲ ਨੇ ਆਖਿਆ ਕਿ ਪੁਲੀਸ ਜਾਂ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਦੋਂਕਿ ਨਿਯਮਾਂ ਮੁਤਾਬਕ ਪਹਿਲਾਂ ਦੱਸਿਆ ਜਾਣਾ ਜ਼ਰੂਰੀ ਹੈ। ਐਡਵੋਕੇਟ ਕੰਵਲਜੀਤ ਸਿੰਘ ਕੁਟੀ ਨੇ ਆਖਿਆ ਕਿ ਪੁਲੀਸ ਅਫਸਰ ਅਮਨ ਕਾਨੂੰਨ ਦੀ ਸਥਿਤੀ ਸੰਭਾਲਣ ਦੀ ਥਾਂ ਬੇਲੋੜੇ ਕੰਮਾਂ ’ਚ ਸਮਾਂ ਨਸ਼ਟ ਕਰ ਰਹੇ ਹਨ। ਐਡਵੋਕੇਟ ਮਨਪ੍ਰੀਤ ਸਿੰਘ ਬਰਾੜ ਨੇ ਆਖਿਆ ਕਿ ਕਿ ਜੇ ਪੁਲੀਸ ਨੇ ਗੱਲ ਨਾ ਸੁਣੀ ਤਾਂ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਪੁਲੀਸ ਖਿਲਾਫ ਮਤਾ ਪਾਸ ਕੀਤਾ ਜਾਵੇਗਾ ਅਤੇ ਪੁਲੀਸ ਅਫਸਰਾਂ ਖ਼ਿਲਾਫ਼ ਸ਼ਹਿਰ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣਗੇ।

Previous articleਨੀਰਵ ਮੋਦੀ ਖ਼ਿਲਾਫ਼ ਨਵੇਂ ਸਿਰਿਓਂ ਚਾਰਜਸ਼ੀਟ ਦਾਖ਼ਲ
Next articleਮਹਿਲ ਵੱਲ ਜਾਂਦੇ ਮੁਲਾਜ਼ਮਾਂ ਨੂੰ ਪੁਲੀਸ ਨੇ ਰਾਹ ’ਚ ਰੋਕਿਆ