ਖੇਤਾਂ ਦੇ ਪੁੱਤ

(ਸਮਾਜ ਵੀਕਲੀ)

“ਐਂ ਕਰੋ, ਜਲਦੀ ਨਾਲ਼ ਚਾਹ ਪੀ ਕੇ ,ਆਹ ਖਾਲ਼ ਕੱਢ ਦਿਓ,ਇੱਕ ਵੱਜ ਗਿਆ , ਢਾਈ ਵਜੇ ਪਾਣੀ ਵੱਢਣਾ ਆਪਾਂ ,ਮੈਂ ਪਿੱਛੇ ਗੇੜਾ ਮਾਰ ਆਵਾਂ , ਬਾਣੀਆਂ ਦੇ ਖੇਤ ਕੋਲ਼ੇ ਖਾਲ਼ ਦਾ ਬੈੱਡ ਲੀਕ ਕਰਦਾ ,ਪਿਛਲ਼ੇ ਹਫ਼ਤੇ ਵੀ ਬਾਰੀ ਖ਼ਰਾਬ ਹੋ ਗਈ ਸੀ ।”

ਚਰਨਾ ਕਾਹਲੀ -ਕਾਹਲੀ ਚਾਹ ਦੀਆਂ ਘੁੱਟਾਂ ਭਰਦਾ ਹੋਇਆ ਬੋਲਿਆ..

“ਬਾਈ….,ਰਾਮਦਾਸ ਪੰਦਰ੍ਹਾਂ ਕੁ ਮਿੰਟ ਮੰਗਦਾ ਸੀ, ਦਾਅਰੇ ,ਕਹਿੰਦਾ , ਪੱਠੇ ਰਮਾਉਣੇ ਆ ,!”

” ਦੇ ਦਿਆਂ ਗੇ ,ਉਹਨੂੰ ਕਹਿ ਦੀਂ ,ਬੀ ,ਲੋੜ ਵੇਲ਼ੇ ਕੰਮ ਤੇ ਆ ਜਾਇਆ ਕਰੇ , ਕਿੱਲਾ-ਡੇਢ ਕਿੱਲਾ ਪੈਲ਼ੀ ਆਲ਼ੇ ਨੂੰ ਗਵਾਂਡੀਆਂ ਨਾਲ਼ ਬਣਾ ਕੇ ਰੱਖਣੀ ਚਾਹੀਦੀ ਆ।” ਐਂਵੇ ਮਾਸਟਰ ਪਿੱਛੇ ਲੱਗਿਆ ਫਿਰਦਾ ,!”

“ਬਾਈ,ਮਾਸਟਰ ਏਹਦੀ ਪੈਲ਼ੀ ਲੈਣ ਨੂੰ ਫਿਰਦਾ !”

“ਚੱਲ ,ਵੇਖਾਂਗੇ ,ਤੁਸੀਂ ਐਂ ਕਰਿਓ ,ਆਹ ,ਟਾਹਲੀ ਤੋਂ ਅਗਲ਼ੇ ਕਿਆਰੇ ਦਾ ਮੂੰਹਾਂ ਨਵਾਂ ਕਰ ਦਿਓ , ਉੱਥੇ ਮੂੰਹੇ ਤੇ ਟਟੀਰੀ ਆਂਡੇ ਦੇਈ ਬੈਠੀ ਆ, ਨਾਲ਼ੇ ਉੱਥੇ ਕਰਮ ਡੇਢ ਕਰਮ ਖਾਲ਼ ਛੱਡ ਦਿਓ ਸੰਵਾਰਨਾ, ਐਂਵੇ ,ਖੜਕੇ ਨਾਲ਼ ਉੱਡ,ਜੂ ਗੀ!”

ਚਰਨਾ ਕਹੀ ਮੋਢੇ ਤੇ ਧਰ ਕੇ ਕਾਹਲ਼ੀ- ਕਾਹਲ਼ੀ ਮੋਘੇ ਵੱਲ ਨੂੰ ਹੋ ਗਿਆ ।

“ਚੱਲ ,ਚਾਚਾ ਕੱਢੀਏ , ਖਾਲ਼ ,ਤੂੰ ਐਂ ਕਰ ਪੈਲੇ ਪਾਛਿਓਂ ਲੱਗ ਜਾ ਏਧਰੋਂ ਮੈਂ ਲਿਆਉਣਾ ,ਹੁਣ ਵੱਟ ਸਿਰੇ ਲਾ ਕੇ ਈ ਢੂਈ ਚੱਕਾਂਗੇ।”
ਪਾਲਾ ਆਪਣੇ ਸੀਰੀ ਨੇਕ ਵੱਲ ਕਹੀ ਕਰਦਾ ਹੋਇਆ ਬੋਲਿਆ….

ਵੱਟ ਕੱਢ ਕੇ ਘਾਹ ਚੁਗਦੇ ਹੋਏ ਨੇਕ ਨੇ ਪੁੱਛਿਆ “ਨਾ ਪਾਲਿਆ ,ਆਹ ਮਾਸਟਰ ਦਾ ਆਵਦੇ ਤਾਏ ਕਿਆਂ ਨਾਲ਼ ਕੀ ਰੌਲ਼ਾ ਪੈ ਗਿਆ? ,ਸੁਣਿਆ ਕੱਲ੍ਹ ਪੰਚੈਤ ਵੀ ਹੋਈ ਸੀ!”

“ਓਹ ਚਾਚਾ, ਰੌਲ਼ਾ ਕਾਹਦਾ ,ਮਾਸਟਰ ਦੇ ਪਿਓ ਨੇ ਸਾਰੀ ਉਮਰ ਪੈਲ਼ੀ ‘ ਚ ਪੈਰ ਨੀ ਧਰਿਆ ,ਮਾਸਟਰ ,ਬਾਹਰ ਪੜ੍ਹਦਾ ਰਿਹਾ ਤੇ ਵਾਹਣ ਪੰਦਰ੍ਹਾਂ-ਸੋਲ਼ਾਂ ਸਾਲ ਉਹਦੇ ਤਾਏ ਨੇ ਈ ਵਾਹਿਆ , ਹਿੱਸੇ ਤੇ, ਉਹਨੇ ਹੌਲ਼ੀ – ਹੌਲ਼ੀ ਸਾਂਝੀ ਵੱਟ ਦੋ- ਢਾਈ ਕਰਮਾਂ ਆਵਦੇ ‘ ਚ ਰਲ਼ਾ ਲੀ , ਹੁਣ ਤਾਏ ਤੋਂ ਕੰਮ ਨੀ ਹੁੰਦਾ ,ਮੁੰਡਾ ਉਹਨੇ ਬਾਹਰ ਭੇਜਤਾ, ,ਮਾਸਟਰ ਵਗਿਆ ਚਲਾਕ, ਇਹਦੇ ਤਾਏ ਨੇ ਮੁੰਡਾ ਬਾਹਰ ਭੇਜਣ ਵੇਲ਼ੇ ਮਾਸਟਰ ਨੂੰ ਆਹ ਸੱਤ ਕਿੱਲੇ ਵਾਹਣ ਪੰਜ ਸਾਲਾਂ ਲਈ ਵੀਹ ਲੱਖ ‘ਚ ਗਹਿਣੇ ਦੇਤਾ ਸੀ,

ਮਾਸਟਰ ਨੇ ਕੀ ਕੀਤਾ ਬੀ ,ਪਰਸੋਂ ਸਾਰਾ ਵਾਹਣ ਵਾਹ ਕੇ ਇੱਕ ਕਰਤਾ ,ਵਿੱਚੇ ਵੱਟ ਰਲ਼ਾਤੀ , ਏਹਦੇ ਤਾਏ ਨੂੰ ਜਦੋਂ ਪਤਾ ਲੱਗਿਆ ਉਹਦੇ ਭਾਅ ਦੀ ਬਣਗੀ ਬੀ ਜੇਹੜਾ ਡੇਢ -ਦੋ ਕਨਾਲਾਂ ਦਾ ਉਹਨੇ ਪੰਦਰ੍ਹਾਂ- ਵੀਹ ਸਾਲਾਂ ‘ ਚ ਲਾਹਾ ਲਿਆ ਸੀ ,ਮਾਸਟਰ ਨੇ ਦੋ ਦਿਨਾਂ ‘ ਚ ਬਰਾਬਰ ਕਰਤਾ!”

” ਨਾ ,ਕੱਲ੍ਹ ਪੰਚੈਤ ‘ ਚ ਕੀ ਨਿੱਬੜੀ!”

” ਨਿਬੜਨੀ ਕੀ ਆ ਤਾਇਆ ! ਪੜ੍ਹਿਆ- ਲਿਖਿਆ ਬੰਦਾ ਕੀਹਨੂੰ ਦਬਾਲ਼ ਆ ਭਲ਼ਾ ,ਮਾਸਟਰ ਕਹਿੰਦਾ ਬੀ ਤਾਇਆ ,”ਤੂੰ ਤਾਂ ਐਵੇਂ ਗੱਲ ਬਦਾਈ ਜਾਨਾ ,ਮੈਂ ਕੇਹੜਾ ਜ਼ਮੀਨ ਢਿੱਡ ਤੇ ਧਰ ਕੇ ਕਿਤੇ ਲੈ ਗਿਆ,ਤੂੰ ਮੈਨੂੰ ਈ ਕਹਿ ਦੇਂਦਾ!”

“ਦੇਖੋ, ਸਰਪੰਚ ਸਾਹਬ ,ਜ਼ਮੀਨ ਪੰਜ ਸਾਲ ਮੈਂ ਵਾਹੁਣੀ ਆ, ਮੈਂ ਲਾਉਣਾ ਉੱਥੇ ਝੋਨਾ ,ਮੈਂ ਕਿੱਲੇ-ਕਿੱਲੇ ਦੇ ਲੰਮੇ ਕਿਆਰੇ ਪਾ ਤੇ ,ਜਿੱਦੇ ਟੈਮ ਪੂਰਾ ਹੋ ਗਿਆ ,ਤਾਇਆ ਮੇਰੇ ਪੈਸੇ ਦੇ ਦੂ ਤੇ ਅੱਧ ‘ ਚ ਭਰਾਵੀ ਵੱਟ ਪਾ ਲੂ!”

ਸਰਪੰਚ ਆਹਦਾ ,”ਦੇਖ ਬਲਵੀਰ ਸਿਆਂ ,ਮਾਸਟਰ ਨੇ ਕੁਛ ਗ਼ਲਤ ਨੀ ਕੀਤਾ ,ਜਿੱਦੇ ਥੋਡਾ ਟੈਮ ਪੂਰਾ ਹੋ ਗਿਆ ਜੇ ਜਿਉਂਦੇ ਰਹੇ ਤਾਂ ਮੈਨੂੰ ਸੱਦ ਲਿਓ,ਮਿਣ ਕੇ ਅੱਧ ‘ ਚ ਥੋਡੀ ਵੱਟ ਪੈ ਜੂ! ਤੇਰਾ ਡੰਗਾਂ ਵੀ ਸਾਰਿਆ ,ਯਰ!ਉਹਨੇ!”

ਹੁਣ , ਬਲਵੀਰੇ ਦੇ ਦਿਲ ਦੀਆਂ ਕੌਣ ਜਾਣੇ ….
ਹਾ ਹਾ ਹਾ …..

“ਉਏ ਦੰਦ ਕੱਢੀ ਜਾਨੇ ਓਂ, ਛੇਤੀ ਕਰੋ ,ਦਸ ਮਿੰਟ ਰਹਿ ਗੇ ਪਾਣੀ ਵੱਢਣ ‘ਚ ਅੱਜ ਸੂਆ ਬੀ ਪੂਰਾ ਚੜ੍ਹਿਆ !”

ਚਰਨਾ ਮੂੰਹੇਂ ਆਲ਼ਾ ਬੰਨ੍ਹ ਤਕੜਾ ਕਰਦਾ ਹੋਇਆ ਬੋਲਿਆ,

“ਤਾਇਆ ,ਐਂ ਕਰ ਤੂੰ ,ਬਾਣੀਆਂ ਦੇ ਮੱਥੇ ਚਲਾ ਜਾ, ਉੱਥੇ ਡਰ ਆ ,ਪਾਣੀ ਟੁੱਟਣ ਦਾ ਤੇ ਪਾਲੇ ਤੂੰ ਪੱਠੇ ਵੱਢ ਲਾ…ਇੱਕ ਓਹ ਸਿਰੇ ਆਲ਼ੇ ਕਿਆਰੇ ਨੂੰ ਮੂੰਹਾਂ ਕਰਦੇ ਇੱਕ ਆਹ ਟਾਹਲੀ ਆਲ਼ੇ ਨੂੰ…. ਮੈਂ ਪਾਣੀ ਵੱਢ ਕੇ ਜਾਣਾ ਛੇਤੀ ,ਅੱਜ ਸ਼ਾਮ ਨੂੰ ਦਿੱਲੀ ਧਰਨੇ ਤੇ ਜਾਣ ਦੀ ਬੀ ਵਾਰੀ ਆ ਆਪਣੀ, ਮੈਂ ਸੱਤ- ਅੱਠ ਦਿਨ ਲਾ ਕੇ ਈ ਆਊਂਗਾ! ,ਤੁਸੀਂ ਪਾਣੀ ਲਾ ਕੇ ਆਜਿਓ …ਮੈਂ ਪੱਠੇ ਲੈ ਕੇ ਚਲਾ ਜਾਨਾ,ਨਾਲ਼ੇ, ਰਾਮਦਾਸ ਦੇ ਪੱਠੇ ਲਵਾ ਦਿਓ ….ਚਰਨਾ ਮੋਬਾਈਲ ਤੇ ਟੈਮ ਵੇਖਦਾ ਹੋਇਆ ਬੋਲਿਆ ……

 

 

 

ਜਗਸੀਰ ਸਿੰਘ ਝੁੰਬਾ

ਅੰਗਰੇਜ਼ੀ ਮਾਸਟਰ
ਸਮਸਸਸ ਰਾਏ – ਕੇ -ਕਲਾਂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਿੱਠੜਾ ਕਾਲਜ ਦੇ ਵਿਦਿਆਰਥੀਆਂ ਫੈਸ਼ਨ ਡਿਜ਼ਾਈਨਿੰਗ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ
Next article20 ਹਜ਼ਾਰ ਪ੍ਰਤੀ ਏਕੜ ਦੇ ਮੁਕਾਬਲੇ 10 ਹਜ਼ਾਰ ਪ੍ਰਤੀ ਏਕੜ ਦੇ ਰਹੇ ਹਨ ਬੋਲੀਕਾਰ ਬੋਲੀ