ਖਿਡੌਣੇ ਬਣਾਉਣ ’ਚ ਪਲਾਸਟਿਕ ਦੀ ਘੱਟ ਵਰਤੋਂ ਹੋਵੇ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਖਿਡੌਣੇ ਬਣਾਉਣ ਵਾਲੀਆਂ ਸਨਅਤਾਂ ਨੂੰ ਕਿਹਾ ਹੈ ਕਿ ਉਹ ਖਿਡੌਣਿਆਂ ’ਚ ਪਲਾਸਟਿਕ ਦੀ ਘੱਟ ਵਰਤੋਂ ਕਰਨ। ਇੰਡੀਆ ਟੁਆਇ ਮੇਲਾ 2021 ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਖਿਡੌਣੇ ਬਣਾਉਣ ’ਚ ਕੱਚੇ ਮਾਲ ਦੀ ਵਰਤੋਂ ’ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਸਕੇ।

ਉਨ੍ਹਾਂ ਕਿਹਾ,‘‘ਮੈਂ ਮੁਲਕ ਦੇ ਖਿਡੌਣੇ ਬਣਾਉਣ ਵਾਲਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਅਜਿਹੇ ਖਿਡੌਣੇ ਤਿਆਰ ਕਰਨ ਜੋ ਵਾਤਾਵਰਨ ਅਤੇ ਦਿਮਾਗੀ ਤੌਰ ’ਤੇ ਬਿਹਤਰ ਹੋਣ। ਕੀ ਅਸੀਂ ਖਿਡੌਣਿਆਂ ’ਚ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ? ਅਜਿਹੇ ਮਾਲ ਦੀ ਵਰਤੋਂ ਕਰੋ ਜਿਸ ਨੂੰ ਰੀਸਾਈਕਲ ਕੀਤਾ ਜਾ ਸਕੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਭਾਰਤੀ ਖਿਡੌਣੇ ਕੁਦਰਤੀ ਅਤੇ ਵਾਤਾਵਰਨ ਪੱਖੀ ਮਾਲ ਨਾਲ ਬਣਦੇ ਹਨ ਅਤੇ ਇਨ੍ਹਾਂ ’ਚ ਵਰਤੇ ਜਾਂਦੇ ਰੰਗ ਵੀ ਕੁਦਰਤੀ ਅਤੇ ਸੁਰੱਖਿਅਤ ਹੁੰਦੇ ਹਨ।

‘ਅਜਿਹੀਆਂ ਕੋਸ਼ਿਸ਼ਾਂ ਨਾਲ ਅਸੀਂ ਟੁਆਇ ਸਨਅਤ ਨੂੰ ਹੋਰ ਵਿਕਸਤ ਕਰ ਸਕਦੇ ਹਾਂ।’ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਹੋਰ ਹੁਨਰ ’ਚ ਸੁਧਾਰ ਲਈ ਖਿਡੌਣਿਆਂ ਦੀ ਅਹਿਮ ਭੂਮਿਕਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ’ਚ ਖੇਡਾਂ ਅਤੇ ਸਰਗਰਮੀਆਂ ’ਤੇ ਆਧਾਰਿਤ ਸਿੱਖਿਆ ’ਤੇ ਜ਼ੋਰ ਦਿੱਤਾ ਗਿਆ ਹੈ। ਟੁਆਇ ਮੇਲਾ 2 ਮਾਰਚ ਤੱਕ ਚੱਲੇਗਾ।

Previous articleਰੰਜਨ ਗੋਗੋਈ ਖ਼ਿਲਾਫ਼ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਦੇਣ ਤੋਂ ਇਨਕਾਰ
Next articleਭਾਰਤ ਦੇ ਕਰਜ਼ ਹੇਠ ਦਬਿਆ ਹੋਇਆ ਹੈ ਅਮਰੀਕਾ