ਖਾਰੇ ਪਾਣੀ ਦਾ ਸਵਾਦ ..

ਭੂਆ ਦੇ ਪਿੰਡ ਜਾਣ ਦਾ ਚਾਅ ਸਾਨੂੰ ਦੋਨਾਂ ਭਰਾਵਾਂ ਨੂੰ ਬੜਾ  ਸੀ। ਮੰਡੀ ਰੋੜਾ ਵਾਲੀ  ਲੰਘਦਿਆਂ ਹੀ ਅਸੀਂ ਸਕੂਟਰ ਪਿੰਡਾਂ ਵਿਚ ਦੀ ਪਾ ਲਿਆ। ਸੜਕਾਂ ਦੇ ਕਿਨਾਰੇ ਤੇ ਪਈਆਂ ਛਟੀਆਂ, ਰੂੜੀਆਂ ਦੇ ਲੱਗੇ ਢੇਰ ਤੇ ਹਰੇ ਭਰੇ ਰੁੱਖਾਂ ਦੀ ਖੁਸ਼ਬੋ ਨੇ ਅਹਿਸਾਸ ਦਵਾਇਆ ਕਿ ਅਸੀਂ ਨੇੜੇ ਤੇੜੇ ਹੀ ਆ। ਰਸਤੇ ‘ਚ ਬੈਲ ਗੱਡੀ ਤੇ ਇਕ ਬੀਬੀ ਨੂੰ ਬੈਠੇ ਦੇਖਿਆ ਤਾਂ ਮੈਨੂੰ ਯਾਦ ਆਈ ਜਦੋਂ ਮੈ ਇਸ ਤੋਂ ਪਹਿਲਾਂ ਭੂਆ ਕੋਲ ਆਇਆ ਸੀ ਤਾਂ ਮੈਂਨੂੰ ਭੂਆ ਨੇ ਰਸਤੇ ਚੋਂ ਹੀ ਮੋੜ ਕੇ ਬੈਲਗੱਡੀ ਤੇ ਬਿਠਾ ਲਿਆ ਤੇ ਆਖਿਆ ਤੇਰੀ ਖਾਤਰਦਾਰੀ ਬਾਅਦ ‘ਚ ਘਰੇ ਡੰਗਰ ਭੁੱਖੇ ਨੇ ਪੱਠੇ ਵੱਢਣੇ ਆ, ਲਵਪ੍ਰੀਤ ਸ਼ਹਿਰ ਗਿਆ ਆਥਣੇ ਆਉ।
ਰਸਤੇ ‘ਚ ਆਪਸੀ ਗੱਲਾਂ ਕਰਦੇ ਹੀ ਅਸੀਂ ਜਦੋਂ ਕੰਧ ਵਾਲਾ ਪਿੰਡ ਲੰਘੇ ਤੇ ਖਿਆਲ ਆਇਆ ਕਿ ਜੁਆਕਾਂ ਵਾਸਤੇ ਤਾਂ ਕੁਝ ਲਿਆ ਹੀ ਨਹੀਂ? ਭੂਆ ਹੁਰੀਂ ਜਦੋਂ ਵੀ ਸਾਡੇ ਕੋਲ ਆਉਂਦੇ ਤਾਂ ਕੁਝ ਨਾ ਕੁਝ ਖਾਣ ਨੂੰ ਜਰੂਰ ਲਿਆਉਂਦੇ।ਦਰਾਅਸਲ ਮੰਮੂਖੇੜੇ ਸਾਡੀ ਦੂਹਰੀ ਤੀਹਰੀ ਰਿਸ਼ਤੇਦਾਰੀ ਸੀ। ਪੁਰਾਣਾ ਸੱਭਿਆਚਾਰ ਏਥੋਂ ਦੇ ਲੋਕਾਂ ਨੇ ਸਾਂਭ ਕੇ ਰਖਿਆ ਹੋਇਆ ਹੈ। ਪਿੰਡ ‘ਚ ਵੜਦਿਆਂ ਸਾਰ ਹੀ ਜਦੋਂ  ਦੋ ਕੁੜੀਆਂ ਤੇ ਇਕ ਬੀਬੀ ਨੂੰ ਸਿਰ ਤੇ ਘੜਾ ਚੁੱਕ ਕੇ ਨਲਕੇ ਵੱਲ ਜਾਂਦੀਆਂ ਦੇਖਿਆ ਤਾਂ ਮੈ ਹੱਸ ਕੇ ਵੀਰੇ ਨੂੰ ਕਿਹਾ ਕਿ ਆਥਣ ਨੂੰ ਆਪਾਂ ਵੀ ਬਾਲਟੀਆਂ ‘ਚ ਪਾਣੀ ਭਰ ਕਿ ਲਿਆਉਣਾ ਹੈ। ਦਰਾਅਸਲ ਪਿੰਡ ਵਿੱਚ ਇਕ ਹੀ ਨਲਕਾ ਸੀ ਜਿਸਦਾ ਪਾਣੀ ਪੀਣ ਯੋਗ ਹੈ ਬਾਕੀ ਨਲਕਿਆਂ ਦਾ ਪਾਣੀ ਖਾਰਾ ਹੈ।
ਆਂਢ ਗੁਆਂਢ ਦੀ ਲੜਾਈ ਦੇਖਣ ਨੂੰ ਮਿਲੀ ਜਿਸ  ‘ਚ ਔਰਤਾਂ ਦਾ ਵੱਧ ਚੜ੍ਹ ਕੇ ਬੋਲਣਾ, ਕਹੀਆਂ, ਗੰਡਾਸਿਆਂ ਨਾਲ ਲੜਾਈਆਂ ਕਰਨੀਆਂ, ਨਿੱਕੇ ਨਿੱਕੇ ਜਵਾਕਾਂ ਦਾ ਅੱਗੇ ਹੋ ਕੇ ਲੜਾਈ ‘ਚ ਹਿੱਸਾ ਲੈਣਾ ਤੇ ਭੱਦੇ ਸ਼ਬਦਾਂ ਨਾਲ ਇਕ ਦੂਜੇ ਦਾ ਸਤਿਕਾਰ ਕਰਨਾ ਇਹ ਦਰਸਾਉਂਦਾ ਸੀ ਜਿਵੇਂ ਇਨ੍ਹਾਂ ਦੇ ਪੁਰਖਿਆਂ ਨੇ ਪੱਕਾ ਜੰਗਾਂ ਯੁੱਧਾ ਚ ਹਿੱਸਾ ਲਿਆ ਹੋਵੇਗਾ।ਇਸਤਰੀਆਂ ਨਾਲ ਗਾਲੀ ਗਲੋਚ ਕਰਦਿਆਂ ਕੁੱਟਮਾਰ ਕਰਨੀ ਇਥੋਂ ਦੇ ਬਹਾਦਰ ਮਰਦਾਂ ਦੀ ਨਿਸ਼ਾਨੀ ਨੂੰ ਦਰਸਾਉਂਦਾ ਸੀ ।ਭੂਆ ਆਖਣ ਲੱਗੀ ਇਹ ਸਾਰਾ ਕੁਝ ਆਪਣੇ ਵੀ ਬੜਾ ਚਲਦਾ ਰਿਹਾ। ਅਸੀਂ ਜਦੋਂ ਨਵੀਆਂ ਨਵੀਆਂ ਵਿਆਹੀਆਂ ਆਈਆਂ ਸਨ।ਕੁੱਟਮਾਰ ਗਾਲੀ ਗਲੋਚ ਅਸੀਂ ਵੀ ਦੇਖੇ ਪਰ ਪੇਕੇ  ਦਸਿਆ ਕਰਦੀਆਂ ਕਿ ਅਸੀਂ ਬਹੁਤ ਖੁਸ਼ ਹਾਂ ।ਮੈ ਆਖਿਆ ਭੂਆ ! “ਧੰਨ ਜਿਗਰਾ ਐ ਤੁਹਾਡਾ ਸਾਡੇ ਤਾਂ ਗੁਆਂਢ ‘ਚ ਇਕ ਬੰਦੇ ਨੇ ਆਪਣੀ ਜਨਾਨੀ ਦੇ ਪੇਕਿਆਂ ਨੂੰ ਥੋੜਾ ਬੁਰਾ ਕੀ  ਕਿਹਾ  ਉਹ ਤਾਂ  ਚੱਕ ਕੇ ਥੈਲਾ ਪੇਕਿਆਂ ਨੂੰ ਤੁਰ ਪਈ , ਅਖੇ ਮੈ ਨਹੀਂ ਏਥੇ ਰਹਿਣਾ ਸਾਡੇ ਵੀਰ ਤੇ ਮਾਪਿਆਂ ਨੂੰ ਮਾੜਾ ਕਿਉਂ ਕਿਹਾ”। ਪਿੰਡ ਦੀ ਫਿਰਨੀ ਤੋਂ ਨਿਆਣੇ ਆਵਦੀ ਮਾਂ ਨੂੰ ਮੋੜ ਕੇ ਲਿਆਏ।ਅੱਜ ਕੱਲ ਦੀਆਂ ਕੁੜੀਆਂ ਬੁੜੀਆ  ਨਹੀ ਹੁਣ ਇਹ ਸਭ ਸਹਿੰਦੀਆਂ ।
ਮਿੱਠੀ ਜੁਬਾਨ ਨਾਲ ਗੱਲਾਂ ਕਰਦੇ ਲੋਕ ਏਥੇ ਬਹੁਤ ਘੱਟ ਦੇਖੇ। ਪਾਣੀ ਦੀ ਸਮੱਸਿਆ ਕਾਰਨ ਹੀ ਇਥੋਂ ਦੇ ਲੋਕ ਨਰਮਾਂ ਤੇ ਬਾਗਾਂ ਦੀ ਖੇਤੀ ਕਰਦੇ ਸਨ। ਟਿਊਬਵੈਲ ਤਾਂ ਦੇਖਣ ਨੂੰ ਮਿਲਦਾ ਹੀ ਨਹੀਂ ਸੀ।
ਖੇਤ ‘ਚ ਲੱਗੇ ਨਲਕੇ ਤੋਂ ਜਦੋਂ ਲਵਪ੍ਰੀਤ ਨੂੰ ਪਾਣੀ ਪੀਂਦੇ ਦੇਖਿਆ  ਤਾਂ ਮੈਂ  ਆਖਿਆ ” ਲਿਆ ਦੋ ਘੁੱਟ ਮੈ ਵੀ ਪੀ ਲਵਾਂ”। ਮੈਨੂੰ ਕਹਿਣ ਲੱਗਿਆ, ਨਹੀਂ! “ਤੂੰ ਘਰੋਂ ਹੀ ਪਾਣੀ ਪੀ ਲਵੀਂ ਇਸ ਨਲਕੇ ਦਾ ਪਾਣੀ ਖਾਰਾ ਐ ਤੇ ਅਸੀਂ ਗਿਝੇ ਆ ਪੀਣਾ”, ਸ਼ਾਇਦ ਸਾਡੇ ਲੋਕਾਂ ਦੇ ਸੁਭਾਅ ਵੀ ਖਾਰੇ ਪਾਣੀ ਵਾਂਗ ਕੌੜਾ ਹੋਇਆ ਪਿਆ ਹੈ। ਲੜਾਈ ਝਗੜੇ ਤਾਂ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਦੇ ਹਨ। ਮੈ ਪੁੱਛਿਆ ਇਥੋਂ ਦੇ ਲੋਕ  ਏਨਾ ਕੌੜਾ ਕਿਉਂ ਬੋਲਦੇ ਨੇ? ਆਖਣ ਲੱਗਾ ਜੀਤਿਆ “ਤੂੰ ਚਾਰ ਦਿਨਾਂ ਬਾਅਦ ਚਲੇ ਜਾਣਾ ਅਸੀਂ ਗਿਝੇ ਹੋਏ ਆ”। ਕਸੂਰ ਏਥੋਂ ਦੇ ਲੋਕਾਂ ਦਾ ਨਹੀਂ ਅਸਲ ਵਿੱਚ ਏਥੋਂ ਦੇ ਲੋਕਾਂ ਨੇ ਰਹਿਣਾ ਤੇ ਸਹਿਣਾ ਸਿੱਖ ਲਿਆ ਹੈ। ਚਾਹ ਨਾਲ ਭੂਜੀਆ ਬਦਾਨਾ ਦੋਨੋਂ ਹੀ ਚੰਗੇ ਲਗਦੇ ਨੇ ਸੁਣਿਆ ਇਕੱਲੇ ਮਿੱਠੇ ਨਾਲ ਸ਼ੂਗਰ ਹੋਣ ਲੱਗ ਪੈਂਦੀ ਐ।
ਸੁਰਜੀਤ ਸਿੰਘ ‘ਦਿਲਾ ਰਾਮ’
ਫਿਰੋਜ਼ਪੁਰ।
ਸੰਪਰਕ +91 99147-22933
Previous articleEminent humanist rationalist Dr Vijayam passes away
Next articleआर.सी.एफ. शटडाउन के बाद तीव्र वापसी की ओर अग्रसर