ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ

ਪੰਜਾਬ ਪੁਲੀਸ ਨੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦਾਂ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਚੋਹਲਾ ਸਾਹਿਬ ਪਿੰਡ ਤੋਂ ਗ੍ਰਿਫ਼ਤਾਰ ਕਰ ਕੇ ਵੱਡੀ ਸਾਜ਼ਿਸ਼ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਕੋਲੋਂ ਪੰਜ ਏਕੇ-47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਅਤੇ ਹੱਥਗੋਲੇ ਵੀ ਫੜੇ ਗਏ ਹਨ। ਇਹ ਚਾਰੇ ਦਹਿਸ਼ਤਗਰਦ ਮਾਰੂਤੀ ਸਵਿਫ਼ਟ ਕਾਰ (ਪੀਬੀ-65ਐਕਸ-8042) ਵਿਚ ਸਵਾਰ ਸਨ ਤੇ ਇਨ੍ਹਾਂ ਨੂੰ ਪਾਕਿਸਤਾਨ ਤੇ ਜਰਮਨੀ ਦੇ ਦਹਿਸ਼ਤੀ ਗਰੁੱਪਾਂ ਦੀ ਹਮਾਇਤ ਹਾਸਲ ਦੱਸੀ ਜਾਂਦੀ ਹੈ। ਦਹਿਸ਼ਤਗਰਦਾਂ ਦੀ ਪਛਾਣ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਆਕਾਸ਼ਦੀਪ ਸਿੰਘ ਉਰਫ ਆਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸਿੰਘ ਵਜੋਂ ਹੋਈ ਹੈ। ਇਹ ਪੂਰਾ ਅਪਰੇਸ਼ਨ ਪੰਜਾਬ ਪੁਲੀਸ ਦੇ ਕਾਊਂਟਰ ਖੁਫੀਆ ਪੁਲੀਸ ਦੇ ਏਆਈਜੀ ਕੇਤਨ ਬਲੀਰਾਮ ਪਾਟਿਲ ਦੀ ਅਗਵਾਈ ਹੇਠ ਹੋਰਨਾਂ ਟੀਮਾਂ ਨਾਲ ਮਿਲ ਕੇ ਚਲਾਇਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੂੰ ਸਰਹੱਦ ਪਾਰੋਂ ਅਤਿਵਾਦੀਆਂ ਨੇ ਡਰੋਨਾਂ ਦੀ ਮਦਦ ਨਾਲ ਹਥਿਆਰ ਪੁੱਜਦੇ ਕੀਤੇ ਹਨ। ਮੁੱਖ ਮੰਤਰੀ ਨੇ ਭਾਰਤੀ ਹਵਾਈ ਫੌਜ ਤੇ ਬੀਐੱਸਐੱਫ ਨੂੰ ਅਜਿਹੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤਣ ਲਈ ਕਿਹਾ ਹੈ। ਉਧਰ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਕੇਜ਼ੈੱਡਐੱਫ਼ ਮੈਂਬਰਾਂ ਨੂੰ ਹਥਿਆਰ ਪਾਕਿਸਤਾਨ ਅਧਾਰਿਤ ਜੇਹਾਦੀ ਗਰੁੱਪਾਂ ਅਤੇ ਖਾਲਿਸਤਾਨ ਹਮਾਇਤੀ ਗਰੁੱਪਾਂ ਵੱਲੋਂ ਪਹੁੰਚਾਏ ਜਾਪਦੇ ਹਨ ਤੇ ਇਨ੍ਹਾਂ ਦਾ ਮੁੱਖ ਨਿਸ਼ਾਨਾ ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਥਾਵਾਂ ਹਨ।
ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਪਾਕਿਸਤਾਨ ਅਧਾਰਿਤ ਰਣਜੀਤ ਸਿੰਘ ਉਰਫ ਨੀਟਾ ਅਤੇ ਜਰਮਨੀ ਰਹਿੰਦੇ ਉਹਦੇ ਸਾਥੀ ਗੁਰਮੀਤ ਸਿੰਘ ਉਰਫ ਬੱਗਾ ਉਰਫ ਡਾਕਟਰ ਦੀ ਹਮਾਇਤ ਹਾਸਲ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਦਹਿਸ਼ਤਗਰਦਾਂ ਵਿੱਚੋਂ ਬਾਬਾ ਬਲਵੰਤ ਸਿੰਘ ਅਤੇ ਆਕਾਸ਼ਦੀਪ ਦਾ ਅਪਰਾਧੀ ਪਿਛੋਕੜ ਹੈ ਤੇ ਉਨ੍ਹਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਹਨ।
ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮਾਨ ਸਿੰਘ, ਜੋ ਇਸ ਵੇਲੇ ਅਸਲਾ ਐਕਟ ਤੇ ਯੂਏਪੀਏ ਐਕਟ ਅਧੀਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ, ਨੇ ਗੁਰਮੀਤ ਸਿੰਘ ਉਰਫ ਬੱਗਾ ਦੇ ਕਹਿਣ ’ਤੇ ਆਕਾਸ਼ਦੀਪ ਸਿੰਘ ਨੂੰ ਭਰਤੀ ਕੀਤਾ ਸੀ। ਦੋਵੇਂ ਉਸ ਵੇਲੇ ਅੰਮ੍ਰਿਤਸਰ ਜੇਲ੍ਹ ਵਿੱਚ ਇਕੱਠੇ ਬੰਦ ਸਨ। ਹਥਿਆਰਾਂ ਦੀ ਖੇਪ ਹਾਸਲ ਕਰਨ ਵਾਲਾ ਬਾਬਾ ਬਲਵੰਤ ਸਿੰਘ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਅਤਿਵਾਦੀ ਗਰੁੱਪ ਦਾ ਮੈਂਬਰ ਹੈ, ਨੂੰ ਪਹਿਲਾਂ ਵੀ ਯੂਏਪੀਏ ਅਤੇ ਅਸਲਾ ਐਕਟ ਅਧੀਨ ਪੁਲੀਸ ਥਾਣਾ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

Previous articleਮਕਬੂਜ਼ਾ ਕਸ਼ਮੀਰ ਦੀ ਹੋਂਦ ਲਈ ਨਹਿਰੂ ਜ਼ਿੰਮੇਵਾਰ: ਸ਼ਾਹ
Next articleਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕਢਾਏ