ਖਹਿਰਾ ਨੇ ਨਾਟਕੀ ਢੰਗ ਨਾਲ ਅਸਤੀਫ਼ਾ ਵਾਪਸ ਲਿਆ

ਆਮ ਆਦਮੀ ਪਾਰਟੀ (ਆਪ) ਵਿਚੋਂ ਮੁਅੱਤਲ ਕੀਤੇ ਅਤੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਾਟਕੀ ਢੰਗ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਲਿਖ ਕੇ ਕਿਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਂਦੇ ਹਨ। ਸ੍ਰੀ ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਣ ਅਤੇ ‘ਆਪ’ ਤੋਂ ਅਸਤੀਫਾ ਦੇਣ ਦੇ ਬਾਵਜੂਦ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਕਾਰਨ ਵਿਰੋਧੀ ਪਾਰਟੀਆਂ ਨੇ ਉਸ ਉਪਰ ਸਿਆਸੀ ਹਮਲਾ ਤੇਜ਼ ਕਰ ਦਿੱਤਾ ਹੈ।
ਸ੍ਰੀ ਖਹਿਰਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੂੰ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹੀ ਢੰਗ ਨਾਲ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹਿਆ ਸੀ, ਜਿਸ ਕਾਰਨ ਉਸ ਨੇ ਪਾਰਟੀ ਅੰਦਰ ਰਹਿ ਕੇ ਲੜਾਈ ਲੜਨ ਦਾ ਫੈਸਲਾ ਕੀਤਾ ਸੀ। ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਨੂੰ ਹਲਕਾ ਭੁਲੱਥ ਦੇ ਲੋਕਾਂ ਨੇ ਵਿਧਾਇਕ ਬਣਾਇਆ ਹੈ ਅਤੇ ਹਲਕੇ ਦੇ ਲੋਕ ਨਹੀਂ ਚਾਹੁੰਦੇ ਕਿ ਉਹ ਅਸਤੀਫਾ ਦੇਣ, ਇਸ ਲਈ ਉਸ ਨੇ ਆਪਣਾ ਅਸਤੀਫਾ ਵਾਪਸ ਲਿਆ ਹੈ। ਉਸ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ਵਿਚ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ। ‘ਆਪ’ ਵਿਚੋਂ ਮੁਅੱਤਲ ਕਰਨ ਦਾ ਉਸ ਨੂੰ ਅੱਜ ਤਕ ਕੋਈ ਪੱਤਰ ਨਹੀਂ ਮਿਲਿਆ ਹੈ।
ਦੱਸਣਯੋਗ ਹੈ ਕਿ ਜਦੋਂ ‘ਆਪ’ ਹਾਈਕਮਾਂਡ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਕੇ ਵਕੀਲ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ ਤਾਂ ਉਸ ਨੇ ਬਗਾਵਤ ਕਰ ਕੇ ‘ਆਪ’ ਦੀ ਦਿੱਲੀ ਹਾਈਕਮਾਨ ਕੋਲੋਂ ਪੰਜਾਬ ਇਕਾਈ ਦੀ ਖੁਦਮੁਖਤਿਆਰੀ ਲੈਣ ਦਾ ਝੰਡਾ ਚੁੱਕਿਆ ਸੀ। ਬਗਾਵਤ ਕਰਨ ਵੇਲੇ ਇਕ ਸਮੇਂ ਉਸ ਨਾਲ ਵਿਧਾਇਕ ਰੁਪਿੰਦਰ ਰੂਬੀ, ਜੈ ਕਿਸ਼ਨ ਰੋੜੀ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਕਮਾਲੂ ਵੀ ਸਨ। ਖਹਿਰਾ ਨੇ ਬਾਗੀ ਧੜੇ ਵੱਲੋਂ ਅਗਸਤ 2018 ਦੌਰਾਨ ਬਠਿੰਡਾ ਵਿਚ ‘ਆਪ’ ਵਿਰੁੱਧ ਵਿਸ਼ਾਲ ਕਨਵੈਨਸ਼ਨ ਵੀ ਕੀਤੀ ਸੀ, ਜਿਸ ਵਿੱਚ ਉਸ ਨੇ ਵੱਡੇ ਐਲਾਨ ਕੀਤੇ ਸਨ। ਪਹਿਲੇ ਪੜਾਅ ਵਿਚ ਹੀ ਵਿਧਾਇਕ ਰੁਪਿੰਦਰ ਰੂਬੀ ਤੇ ਰੋੜੀ ਨੇ ਖਹਿਰਾ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾਉਣ ਕਾਰਨ ਕੰਵਰ ਸੰਧੂ, ਕਮਾਲੂ, ਮਾਨਸ਼ਾਹੀਆ, ਜੱਗਾ ਅਤੇ ਪਿਰਮਲ ਸਿੰਘ ਨੇ ਉਸ ਤੋਂ ਦੂਰੀਆਂ ਬਣਾ ਲਈਆਂ ਸਨ। ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਇਕੱਲੇ ਖਹਿਰਾ ਦੀ ਪਾਰਟੀ ਵਿਚ ਸ਼ਾਮਲ ਹੋਏ ਸਨ।
ਸੰਸਦੀ ਚੋਣਾਂ ਵਿੱਚ ਪੰਜਾਬ ਏਕਤਾ ਪਾਰਟੀ ਵੱਲੋਂ ਖਹਿਰਾ ਬਠਿੰਡਾ ਅਤੇ ਮਾਸਟਰ ਬਲਦੇਵ ਸਿੰਘ ਫਰੀਦਕੋਟ ਹਲਕਿਆਂ ਤੋਂ ਚੋਣ ਲੜੇ ਸਨ ਅਤੇ ਦੋਵਾਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਪਿਛਲੇ ਦਿਨੀਂ ਮਾਸਟਰ ਬਲਦੇਵ ਸਿੰਘ ਨੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਘਰ ਵਾਪਸੀ ਕਰ ਲਈ ਹੈ। ਇਸ ਤੋਂ ਬਾਅਦ ਖਹਿਰਾ ਪੂਰੀ ਤਰ੍ਹਾਂ ਇਕੱਲੇ ਪੈ ਗਏ ਸਨ। ਕਾਬਿਲੇਗੌਰ ਹੈ ਕਿ ਭਾਵੇਂ ਖਹਿਰਾ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ ਪਰ ਉਸ ਵੱਲੋਂ ‘ਆਪ’ ਤੋਂ ਵੀ ਅਸਤੀਫਾ ਦਿੱਤਾ ਗਿਆ ਹੈ ਅਤੇ ਉਹ ਇਸ ਹਾਲਤ ਵਿਚ ‘ਆਪ’ ਵਿਧਾਇਕ ਵਜੋਂ ਕਿਵੇਂ ਵਿਚਰਨਗੇ, ਇਹ ਵੱਡਾ ਸਵਾਲ ਹੈ। ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਸ੍ਰੀ ਖਹਿਰਾ ਦੇ ਮੂੰਹ ’ਤੇ ਪਾਇਆ ਮੁਖੌਟਾ ਲਹਿ ਗਿਆ ਹੈ ਤੇ ਉਸ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਪੰਜਾਬ ਵਿਚ ਤੀਸਰੀ ਧਿਰ ਤੇ ‘ਆਪ’ ਨੂੰ ਤੋੜਣ ਦੀ ਸਾਜ਼ਿਸ਼ ਘੜੀ ਸੀ ਅਤੇ ਜਦੋਂ ਉਹ ਸਫਲ ਨਹੀਂ ਹੋਇਆ ਤਾਂ ਉਸ ਨੇ ਅਸਤੀਫਾ ਵਾਪਸ ਲੈ ਲਿਆ ਹੈ। ਹੁਣ ਪੰਜਾਬ ਦੇ ਲੋਕ ਉਸ ਨੂੰ ਮੂੰਹ ਨਹੀਂ ਲਾਉਣਗੇ। ਸ੍ਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਸਪੀਕਰ ਨੂੰ ਖਹਿਰਾ ਦੀ ਸ਼ਿਕਾਇਤ ਦੇ ਕੇ ਉਸ ਦੀ ਵਿਧਾਨ ਸਭਾ ਮੈਂਬਰਸ਼ਿਪ ਦਲਬਦਲ ਕਾਨੂੰਨ ਤਹਿਤ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਅਸਤੀਫਾ ਪ੍ਰਵਾਨ ਨਾ ਕਰ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਵਾਉਣ ਲਈ ਉਹ ਹਾਈ ਕੋਰਟ ਦਾ ਕੁੰਡਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।

Previous articleਭਾਰਤੀ ਸੈਨਾ ਢੁਕਵਾਂ ਜਵਾਬ ਦੇਣ ਦੇ ਸਮਰੱਥ:ਰਾਜਨਾਥ ਸਿੰਘ
Next articleਕਸ਼ਮੀਰ ਵਿੱਚ 79ਵੇਂ ਦਿਨ ਵੀ ਜਨਜੀਵਨ ’ਚ ਵਿਘਨ