ਖਰੜ ’ਚ ਤਿੰਨ-ਮੰਜ਼ਿਲਾ ਇਮਾਰਤ ਡਿੱਗੀ; ਇਕ ਹਲਾਕ

ਦੋ ਜ਼ਖ਼ਮੀਆਂ ਸਣੇ ਤਿੰਨ ਵਿਅਕਤੀ ਸੁਰੱਖਿਅਤ ਕੱਢੇ; ਇਮਾਰਤ ਦੇ ਨਾਲ ਸ਼ੋਅ ਰੂਮ ਦੀ ਉਸਾਰੀ ਲਈ ਪੁੱਟੀ ਜਾ ਰਹੀ ਸੀ ਬੇਸਮੈਂਟ
* ਮਿ੍ਰਤਕ ਦੀ ਪਛਾਣ ਜੇਸੀਬੀ ਚਾਲਕ ਹਰਵਿੰਦਰ ਸਿੰਘ ਵਜੋਂ ਹੋਈ
* ਪ੍ਰਸ਼ਾਸਨ ਨੇ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦਿੱਤੇ
* ਦੇਰ ਰਾਤ ਬਚਾਅ ਕਾਰਜ ਸਮਾਪਤ

 

ਖਰੜ– ਇੱਥੇ ਲਾਂਡਰਾ ਰੋਡ ਉਤੇ ਸਥਿਤ ਜੇ.ਟੀ.ਪੀ.ਐੱਲ ਕਲੋਨੀ ਲਾਗੇ ਤਿੰਨ ਮੰਜ਼ਿਲਾ ਇਮਾਰਤ ਉਦੋਂ ਡਿੱਗ ਗਈ ਜਦੋਂ ਇਸ ਦੇ ਨਾਲ ਸ਼ੋਅ ਰੂਮ ਦੀ ਉਸਾਰੀ ਲਈ ਬੇਸਮੈਂਟ ਪੁੱਟੀ ਜਾ ਰਹੀ ਸੀ। ਇਸ ਦੌਰਾਨ ਦੋ ਜ਼ਖ਼ਮੀਆਂ ਸਮੇਤ ਤਿੰਨ ਨੂੰ ਸੁਰੱਖਿਅਤ ਮਲਬੇ ਥੱਲਿਓਂ ਕੱਢਿਆ ਜਾ ਚੁੱਕਾ ਹੈ। ਇਮਾਰਤ ਦੇ ਮਲਬੇ ਹੇਠ ਦਬਣ ਕਾਰਨ ਜੇਸੀਬੀ ਚਾਲਕ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਐੱਨਡੀਆਰਐੱਫ ਦੀ ਟੀਮ ਨੇ ਮਲਬੇ ਹੇਠੋਂ ਉਸ ਦੀ ਲਾਸ਼ ਬਾਹਰ ਕੱਢ ਲਈ ਹੈ। ਮਲਬੇ ਥੱਲੇ ਤਿੰਨ ਮਜ਼ਦੂਰ ਦੱਬੇ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦਿਆਂ ਸਾਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਅਤੇ ਰਾਜਸੀ ਆਗੂ ਮੌਕੇ ਉੱਤੇ ਪੁੱਜੇ। ਜ਼ਿਲ੍ਹਾ ਪ੍ਰਸਾਸ਼ਨ ਨੇ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇ ਵਾਪਰੀ ਜਦੋਂ ਲਾਂਡਰਾ ਰੋਡ ਉਤੇ ਸਥਿਤ ਅੰਬਿਕਾ ਗਰੁੱਪ ਦੀ ਇੱਕ 3 ਮੰਜ਼ਿਲਾ ਵਪਾਰਕ ਇਮਾਰਤ ਉਸ ਸਮੇਂ ਡਿੱਗ ਗਈ ਜਦੋਂ ਇਸ ਦੇ ਨਾਲ ਹੀ ਇੱਕ ਹੋਰ ਸ਼ੋਅ ਰੂਮ ਬਣਾਉਣ ਲਈ ਬੇਸਮੈਂਟ ਦੀ ਖ਼ੁਦਾਈ ਕੀਤੀ ਜਾ ਰਹੀ ਸੀ। ਲਗਪਗ ਸਾਢੇ 12 ਵਜੇ ਦੇ ਕਰੀਬ ਜਦੋਂ ਜੇ.ਸੀ.ਬੀ ਮਸ਼ੀਨ ਖੁਦਾਈ ਕਰ ਰਹੀ ਸੀ ਅਚਾਨਕ ਇਮਾਰਤ ਢਹਿ-ਢੇਰੀ ਹੋ ਗਈ। ਇਸ ਦੇ ਮਲਬੇ ਹੇਠਾਂ ਜੇ.ਸੀ.ਬੀ ਅਤੇ ਉਸ ਨੂੰ ਚਲਾਉਣ ਵਾਲਾ ਚਾਲਕ ਹਰਵਿੰਦਰ ਵੀ ਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਖਰੜ ਦੇ ਐੱਸ.ਡੀ.ਐੱਮ ਹਿਮਾਂਸ਼ੂ ਜੈਨ ਅਤੇ ਡੀ.ਐੱਸ.ਪੀ ਪਾਲ ਸਿੰਘ ਅਤੇ ਖਰੜ (ਸਿਟੀ) ਥਾਣੇ ਦੇ ਐੱਸ.ਐੱਚ.ਓ ਭਗਵੰਤ ਸਿੰਘ ਮੌਕੇ ’ਤੇ ਪਹੁੰਚੇ। ਐੱਸ.ਡੀ.ਐੱਮ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਅਤੇ ਨੈਸ਼ਨਲ ਡਿਜਾਸਟਰਜ਼ ਰਿਪਸੌਂਸ ਫੋਰਸ ਦੇ ਜਵਾਨ ਬੁਲਾਏ ਗਏ। ਇਸ ਦੌਰਾਨ ਹੀ ਨੈਸ਼ਨਲ ਡਿਜਾਸਟਰਜ਼ ਰਿਸਪੌਂਸ ਫੋਰਸ ਦੇ 30 ਜਵਾਨ ਬਚਾਅ ਕਾਰਜਾਂ ਵਿੱਚ ਲੱਗ ਗਏ। ਭਾਵੇਂ ਕਿ ਅਜੇ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਜੇ.ਸੀ.ਬੀ. ਮਸ਼ੀਨ ਨੇ ਨਾਲ ਲੱਗਦੀ ਇਮਾਰਤ ਦੀ ਨੀਂਹ ਪੁੱਟ ਦਿੱਤੀ ਹੋਵੇ। ਬਚਾਅ ਕਾਰਜ ਵਿੱਚ ਦੇਰ ਰਾਤ ਤੱਕ 4-5 ਜੇ.ਸੀ.ਬੀ ਮਸ਼ੀਨਾਂ ਲੱਗੀਆਂ ਰਹੀਆਂ।

ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ।

ਇਸੇ ਦੌਰਾਨ ਮੌਕੇ ’ਤੇ ਮੌਜੂਦ ਖਰੜ ਨਗਰ ਕੌਸਲ ਦੇ ਕਾਰਜ ਸਾਧਕ ਅਧਿਕਾਰੀ ਸੰਗੀਤ ਆਹਲੂਵਾਲੀਆ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਦਾ ਇੱਥੇ ਸ਼ੋਅ ਰੂਮ ਬਣਾਉਣ ਦਾ ਨਕਸ਼ਾ ਦਸੰਬਰ 2019 ਵਿੱਚ ਨਗਰ ਕੌਂਸਲ ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨਕਸ਼ੇ ਅਨੁਸਾਰ ਬੇਸਮੈਂਟ ਅਤੇ 3 ਮੰਜ਼ਿਲਾਂ ਇਮਾਰਤ ਦੀ ਮਨਜੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਖ਼ੁਦਾਈ ਪਾਸ ਹੋਏ ਨਕਸ਼ੇ ਅਨੁਸਾਰ ਕੀਤੀ ਜਾ ਰਹੀ ਸੀ ਜਾ ਨਹੀਂ। ਇਸ ਹਾਦਸੇ ਵਿੱਚ ਨਜ਼ਦੀਕ ਹੀ ਬਣੀ ਹੋਈ ਜੇ.ਟੀ.ਪੀ.ਐਲ ਕਲੋਨੀ ਦਾ ਸਵਾਗਤੀ ਗੇਟ ਵੀ ਟੁੱਟ ਗਿਆ ਅਤੇ ਉੱਥੇ ਲੱਗੇ ਹੋਏ 2-3 ਮੋਬਾਈਲ ਟਾਵਰ ਵੀ ਡਿੱਗ ਗਏ।ਇਸੇ ਦੌਰਾਨ ਇਸ ਹਾਦਸੇ ਵਿੱਚ ਜ਼ਖ਼ਮੀ ਪ੍ਰੇਮ ਬਹਾਦਰ (31 ਸਾਲ) ਨੂੰ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਤੇ ਇੱਕ ਗੰਨਮੈਨ ਬੇਸਮੈਂਟ ਵਿੱਚ ਬੈਠੇ ਸਨ ਕਿ ਗੰਨਮੈਨ ਨੂੰ ਲੱਗਿਆ ਕਿ ਇਮਾਰਤ ਥੋੜ੍ਹੀ ਜਿਹੀ ਹਿੱਲ ਰਹੀ ਹੈ ਉਹ ਇਕਦਮ ਬਾਹਰ ਨਿਕਲ ਗਿਆ ਤੇ ਉਸ ਦਾ ਬਚਾਅ ਹੋ ਗਿਆ। ਪ੍ਰੇਮ ਬਹਾਦਰ ਖ਼ੁਦ ਬਾਹਰ ਨਿਕਲਣ ਲੱਗਾ ਤਾਂ ਇਮਾਰਤ ਦੇ ਮਲਬੇ ਹੇਠਾਂ ਆ ਗਿਆ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਡਾਕਟਰਾਂ ਅਨੁਸਾਰ ਉਹ ਖਤਰੇ ਤੋਂ ਬਾਹਰ ਹੈ।

ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਰੜ ਵਿੱਚ ਤਿੰਨ-ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ।

Previous articleਐਗਜ਼ਿਟ ਪੋਲ: ਤੀਜੀ ਵਾਰ ਕੇਜਰੀਵਾਲ ਸਰਕਾਰ
Next articleਸੁਣਵਾਈ ਤੋਂ ਪਹਿਲਾਂ ਲਾਜ਼ਮੀ ਸਾਲਸੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਂ ਆਇਆ: ਬੋਬੜੇ