ਕੰਟਰੋਲ ਰੇਖਾ ’ਤੇ ਫ਼ੌਜੀਆਂ ਨੂੰ ਸਵੈ-ਰੱਖਿਆ ਲਈ ਗੋਲੀ ਚਲਾਉਣ ਦੀ ਆਗਿਆ ਮਿਲੇ: ਕੈਪਟਨ

ਚੰਡੀਗੜ੍ਹ (ਸਮਾਜਵੀਕਲੀ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਹੱਦਾਂ ’ਤੇ ਤਾਇਨਾਤ ਸੈਨਿਕਾਂ ਨੂੰ ਸਵੈ-ਰੱਖਿਆ ਅਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਹਥਿਆਰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਆਪਣੇ ‘ਫੇਸਬੁੱਕ ਲਾਈਵ’ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਸੈਨਿਕਾਂ ਨੂੰ ਹਥਿਆਰਾਂ ਤੋਂ ਬਿਨਾਂ ਭੇਜਣ ਦੀ ਉਹ ਬਿਲਕੁਲ ਹਮਾਇਤ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਇਹ ਨੀਤੀ ਹੋਣੀ ਚਾਹੀਦੀ ਹੈ ਕਿ ‘ਜੇ ਉਹ ਸਾਡਾ ਇਕ ਸੈਨਿਕ ਮਾਰਦੇ ਹਨ ਤਾਂ ਅਸੀਂ ਉਨ੍ਹਾਂ ਦੇ ਪੰਜ ਸੈਨਿਕ ਮਾਰੀਏ।’ ਉਨ੍ਹਾਂ ਕਿਹਾ ਕਿ ਜਦ ਉਹ (ਕੈਪਟਨ) ਆਪਣੇ ਸੈਨਿਕ ਸਾਥੀਆਂ ਨਾਲ ਐਲਏਸੀ ਉਤੇ ਦੋ ਸਾਲ ਲਈ ਤਾਇਨਾਤ ਸਨ ਤਾਂ ਗਸ਼ਤ ਉਤੇ ਨਿਕਲਦਿਆਂ ਉਹ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੁੰਦੇ ਸਨ।

ਮੁੱਖ ਮੰਤਰੀ ਨੇ ਚਾਰ ਪੰਜਾਬੀਆਂ ਸਣੇ 20 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ’ਤੇ ਦੁੱਖ ਅਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਦੇ ਯੁੱਗ ਵਿੱਚ ਅਸੀਂ ਡੰਡਿਆਂ ਨਾਲ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸੈਨਿਕ ਚੀਨੀਆਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਲਾਠੀਆਂ ਨਾਲ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਹਨ, ਇਸ ਗੱਲ ’ਤੇ ਐਨਾ ਸਹਿਜੇ ਹੀ ਯਕੀਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਿਸਾਂ ਨੂੰ ਮੁਆਵਜ਼ੇ ਦੀ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦੇ ਨਾਲ-ਨਾਲ ਸਰਕਾਰ ਨੇ ਸ਼ਹੀਦਾਂ ਦੇ ਨਾਂ ’ਤੇ ਸਕੂਲਾਂ ਦਾ ਨਾਂ ਰੱਖਣ ਦਾ ਫ਼ੈਸਲਾ ਵੀ ਕੀਤਾ ਹੈ।

‘ਸਿੱਖਜ਼ ਫਾਰ ਜਸਟਿਸ’ ਦੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਚੀਨ ਨੂੰ ਸਮਰਥਨ ਦੇਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਾ ਸਿਰਫ਼ ਭਾਰਤ ਵਿਚ ਵੱਖਵਾਦ ਅਤੇ ਅਤਿਵਾਦ ਦਾ ਪ੍ਰਚਾਰ ਕਰ ਰਹੇ ਹਨ ਬਲਕਿ ਇਸ ਨੂੰ ਉਤਸ਼ਾਹਿਤ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਹਨ। ਕੈਪਟਨ ਨੇ ਕਿਹਾ ਕਿ ਉਹ ਪੰਨੂੰ ਨੂੰ ਉਸ ਦੇ ਵੰਡਪਾਊ ਏਜੰਡੇ ਵਿਚ ਕਾਮਯਾਬ ਨਹੀਂ ਹੋਣ ਦੇਣਗੇ।

Previous articleਚੀਨ ਨੇ ਗਲਵਾਨ ਵਾਦੀ ’ਤੇ ਮੁੜ ਦਾਅਵਾ ਜਤਾਇਆ
Next articleਪ੍ਰਧਾਨ ਮੰਤਰੀ ਵੱਲੋਂ ਪਰਵਾਸੀ ਮਜ਼ਦੂਰਾਂ ਲਈ ਰੁਜ਼ਗਾਰ ਯੋਜਨਾ ਸ਼ੁਰੂ