ਕ੍ਰਿਸਮਸ ਦੇ ਜਸ਼ਨ ਮਾਤਮ ’ਚ ਬਦਲੇ; ਤਿੰਨ ਭਾਰਤੀ ਬੱਚੇ ਅੱਗ ’ਚ ਸੜੇ

ਅਮਰੀਕਾ ਦੇ ਟੈਨੇਸੀ ਸੂਬੇ ਦੇ ਇਕ ਘਰ ਅੰਦਰ ਕ੍ਰਿਸਮਸ ਦੇ ਜਸ਼ਨ ਉਸ ਸਮੇਂ ਮਾਤਮ ’ਚ ਤਬਦੀਲ ਹੋ ਗਏ ਜਦੋਂ ਅੱਗ ਲੱਗਣ ਕਰਕੇ ਮਹਿਲਾ ਅਤੇ ਤਿੰਨ ਭਾਰਤੀ ਬੱਚਿਆਂ ਦੀ ਮੌਤ ਹੋ ਗਈ। ‘ਯੂਐਸਏ ਟੁਡੇ’ ਮੁਤਾਬਕ ਤਿਲੰਗਾਨਾ ਦੇ ਨਾਇਕ ਪਰਿਵਾਰ ਦੇ ਤਿੰਨ ਬੱਚੇ ਸ਼ੈਰੋਨ (17), ਜੁਆਇ (15) ਅਤੇ ਆਰੋਨ (14) ਅਤੇ ਕੋਲਿਰਵਿਲੇ ਦੀ ਕਾਰੀ ਕੂਡਰਿਏਟ ਅੱਗ ’ਚ ਮਾਰੇ ਗਏ। ਕੋਲਿਰਵਿਲੇ ਬਾਈਬਲ ਚਰਚ ਨੇ ਦੱਸਿਆ ਕਿ ਘਰ ਅੰਦਰ ਅੱਗ 23 ਦਸੰਬਰ ਰਾਤ 11 ਵਜੇ ਦੇ ਕਰੀਬ ਲੱਗੀ। ਕੂਡਰਿਏਟ ਪਰਿਵਾਰ ਤਿੰਨੇ ਭਾਰਤੀ ਬੱਚਿਆਂ ਨਾਲ ਕ੍ਰਿਸਮਸ ਮਨਾ ਰਿਹਾ ਸੀ ਜੋ ਉਨ੍ਹਾਂ ਨਾਲ ਛੁੱਟੀਆਂ ਮਨਾਉਣ ਲਈ ਆਏ ਹੋਏ ਸਨ। ਤਿੰਨੇ ਭਾਰਤੀ ਬੱਚੇ ਮਿਸੀਸਿੱਪੀ ’ਚ ਫਰੈਂਚ ਕੈਂਪ ਅਕੈਡਮੀ ’ਚ ਪੜ੍ਹਦੇ ਸਨ। ਚਰਚ ਨੇ ਕਿਹਾ ਕਿ ਨਾਇਕ ਪਰਿਵਾਰ ਭਾਰਤ ’ਚ ਮਿਸ਼ਨਰੀ ਹੈ। ਮੀਡੀਆ ਮੁਤਾਬਕ ਕਾਰੀ ਦਾ ਪਤੀ ਡੈਨੀ ਅਤੇ ਪੁੱਤਰ ਕੋਲ, ਤਾਕੀਆਂ ਰਾਹੀਂ ਛਾਲ ਮਾਰ ਕੇ ਘਰ ਤੋਂ ਬਾਹਰ ਆਉਣ ’ਚ ਕਾਮਯਾਬ ਰਹੇ ਅਤੇ ਦੋਹਾਂ ਦੇ ਬਚਣ ਦੀ ਸੰਭਾਵਨਾ ਹੈ। ਕੋਲਿਰਵਿਲੇ ਦੇ ਮੇਅਰ ਸਟੈਨ ਜੁਆਇਨਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਸ਼ਨ ਮਨਾਉਣ ਸਮੇਂ ਘਰ ’ਚ ਮੌਜੂਦ ਲੋਕਾਂ ਦੀ ਗਿਣਤੀ ਦਾ ਪਤਾ ਲਾਇਆ ਜਾ ਰਿਹਾ ਹੈ। ਕੁਝ ਲੋਕਾਂ ਮੁਤਾਬਕ ਘਰ ’ਚ ਕਈ ਬੱਚੇ ਮੌਜੂਦ ਸਨ।

Previous articleN.Korea’s health situation ‘extremely worrying’: Red Cross
Next articleਹੜਤਾਲ ਕਾਰਨ ਅਸਰਅੰਦਾਜ਼ ਹੋਈਆਂ ਬੈਂਕਿੰਗ ਸੇਵਾਵਾਂ