World ਕੌਮਾਂਤਰੀ ਅੱਤਵਾਦ ਦਾ ਕੇਂਦਰ ਸਾਡੇ ਗੁਆਂਢ ‘ਚ : ਐੱਸ ਜੈਸ਼ੰਕਰ

ਕੌਮਾਂਤਰੀ ਅੱਤਵਾਦ ਦਾ ਕੇਂਦਰ ਸਾਡੇ ਗੁਆਂਢ ‘ਚ : ਐੱਸ ਜੈਸ਼ੰਕਰ

ਹੇਲਸਿੰਕੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਫਿਨਲੈਂਡ ਦੀ ਆਪਣੀ ਯਾਤਰਾ ਦੌਰਾਨ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫ਼ੈਸਲਾ ਰਾਸ਼ਟਰੀ ਸੁਰੱਖਿਆ ਦੇ ਹਿੱਤ ‘ਚ ਹੈ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕੌਮਾਂਤਰੀ ਅੱਤਵਾਦ ਦਾ ਕੇਂਦਰ ਭਾਰਤ ਦੇ ਗੁਆਂਢ ‘ਚ ਸਥਿਤ ਹੈ।

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਵੱਲੋਂ ਇਸ ਮਾਮਲੇ ਨੂੰ ਕੌਮਾਂਤਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ ਐੱਸ ਜੈਸ਼ੰਕਰ ਫਿਨਲੈਂਡ ਦੀ ਤਿੰਨ ਦਿਨਾ ਯਾਤਰਾ ‘ਤੇ ਪੁੱਜੇ ਹਨ। ਉਨ੍ਹਾਂ ਫਿਨਲੈਂਡ ਦੀ ਸਿਖਰਲੀ ਲੀਡਰਸ਼ਿਪ ਨਾਲ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ‘ਤੇ ਵਿਸਥਾਰ ਨਾਲ ਚਰਚਾ ਕੀਤੀ।

ਮੌਜੂਦਾ ਸਮੇਂ ‘ਚ ਯੂਰਪੀ ਸੰਘ ਦੇ ਮੁਖੀ ਫਿਨਲੈਂਡ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦੀ ਹਮਾਇਤ ਕੀਤੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਐਂਟੀ ਰਿਨੇ ਤੇ ਆਪਣੇ ਹਮਰੁਤਬਾ ਪੇੱਕਾ ਹਾਵਿਸਤੋ ਨਾਲ ਦੁਵੱਲੇ ਸਬੰਧਾਂ ‘ਤੇ ਵਿਆਪਕ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਅਤੇ ਹਾਵਿਸਤੋ ਨੇ ਹਰੀ ਤਕਨੀਕ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।

ਜੈਸ਼ੰਕਰ ਨੇ ਫਿਨਿਸ਼ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰਸ (ਐੱਫਆਈਆਈਏ) ਵਿਚ ‘ਭਾਰਤ ਤੇ ਵਿਸ਼ਵ : ਭਾਰਤੀ ਵਿਦੇਸ਼ ਨੀਤੀ ਦੀਆਂ ਤਰਜੀਹਾਂ’ ਵਿਸ਼ੇ ‘ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਇਕ ਮੁਸ਼ਕਿਲ ਗੁਆਂਢ ‘ਚ ਰਹਿੰਦਾ ਹੈ। ਸਾਡਾ ਗੁਆਂਢੀ ਅੱਤਵਾਦ ਦਾ ਕੇਂਦਰ ਹੈ ਤੇ ਇਹ ਸਿਰਫ਼ ਇਕ ਦੇਸ਼ ਲਈ ਨਹੀਂ ਪੂਰੇ ਕੌਮਾਂਤਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਹਾਕਿਆਂ ਤੋਂ ਸਰਹੱਦ ਪਾਰੋਂ ਅੱਤਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿੰਨ ਦਹਾਕਿਆਂ ‘ਚ ਇਸ ਅੱਤਵਾਦ ਨੇ 40,000 ਲੋਕਾਂ ਨੂੰ ਮਾਰਿਆ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫ਼ੈਸਲਾ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਨੂੰ ਵੀ ਯਕੀਨੀ ਕਰਨ ਲਈ ਕੀਤਾ ਗਿਆ ਹੈ।

ਜੈਸ਼ੰਕਰ ਨੇ ਇਸ ਦੌਰਾਨ ਅਫ਼ਗਾਨਿਸਤਾਨ ਦੇ ਭਵਿੱਖ, ਖਾੜੀ ‘ਚ ਪੈਦਾ ਹੋਏ ਤਣਾਅ ਤੇ ਚੀਨ ਨੂੰ ਲੈ ਕੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ‘ਚ ਵਾਰਟਸਿਲਾ ਤੇ ਨੋਕੀਆ ਸਮੇਤ 100 ਤੋਂ ਜ਼ਿਆਦਾ ਇੱਥੋਂ ਦੀਆਂ ਕੰਪਨੀਆਂ ਮੌਜੂਦ ਹਨ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਯੂਰਪੀ ਸੰਸਦ ‘ਚ ਕਸ਼ਮੀਰ ਦੇ ਹਾਲਾਤ ‘ਤੇ ਬਹਿਸ ਦੌਰਾਨ ਸੰਸਦ ਮੈਂਬਰਾਂ ਨੇ ਅੱਤਵਾਦੀਆਂ ਨੂੰ ਸ਼ਰਨ ਦੇਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਸੀ।

ਯੂਰਪੀ ਸੰਸਦ ਤੇ ਪੋਲੈਂਡ ‘ਚ ਯੂਰਪੀ ਕੰਜ਼ਰਵੇਟਿਵ ਐਂਡ ਰਿਫਾਰਮਿਸਟ ਗਰੁੱਪ ਦੇ ਮੈਂਬਰ ਰਸਜਾਰਡ ਜਾਰਨੇਕੀ ਨੇ ਭਾਰਤ ਨੂੰ ‘ਦੁਨੀਆ ਦਾ ਵੱਡਾ ਲੋਕਤੰਤਰ’ ਦੱਸਿਆ ਤੇ ਕਿਹਾ ਕਿ ਭਾਰਤ ‘ਚ ਹਮਲੇ ਕਰਨ ਵਾਲੇ ਅੱਤਵਾਦੀ ਚੰਦਰਮਾ ਤੋਂ ਨਹੀਂ ਆਏ ਸਨ।

ਇਸ ਤੋਂ ਪਹਿਲਾਂ ਜੈਸ਼ੰਕਰ ਨੇ ਫਿਨਲੈਂਡ ਦੀ ਸੰਸਦ ਦਾ ਦੌਰਾ ਕੀਤਾ ਤੇ ਡਿਪਟੀ ਸਪੀਕਰ ਤੁਲਾ ਹਾਤਾਇਨੇਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨਾਲ ਵੀ ਮੁਲਾਕਾਤ ਕੀਤੀ।

Previous articleਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਹਿੱਸਾ ਲੈਣ ਅਮਰੀਕਾ ਪੁੱਜੇ ਪੀਐੱਮ ਮੋਦੀ, ਸਾਈਬਰਸਪੇਸ ਦੀ ਵਰਤੋਂ ‘ਤੇ ਰਹੇਗਾ ਜ਼ੋਰ
Next articleਫਰਾਂਸ ‘ਚ ਮੁਜ਼ਾਹਰਾਕਾਰੀਆਂ ‘ਤੇ ਦਾਗੇ ਅੱਥਰੂ ਗੈਸ ਦੇ ਗੋਲ਼ੇ