ਕੌਂਸਲਰ ਦੀ ਟਿੱਪਣੀ ਤੋਂ ਖ਼ਫਾ ਹੋਏ ਕਮਿਸ਼ਨਰ ਵੱਲੋਂ ਨਿਗਮ ਮੀਟਿੰਗ ਦਾ ਬਾਈਕਾਟ

ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮਾਸਿਕ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਦੇ ਅਹੁਦੇ ਬਾਰੇ ਕੌਂਸਲਰ ਵਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਨਿਗਮ ਕਮਿਸ਼ਨਰ ਵਲੋਂ ਮੀਟਿੰਗ ਦਾ ਬਾਇਕਾਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੀਟਿੰਗ ਮੁਅੱਤਲ ਕਰ ਦਿੱਤੀ ਗਈ। ਹਾਲਾਂਕਿ ਮੇਅਰ ਵਲੋਂ ਨਾਰਾਜ਼ ਕੌਂਸਲਰਾਂ ਅਤੇ ਨਿਗਮ ਕਮਿਸ਼ਨਰ ਦਰਮਿਆਨ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਬਣਦੀ ਨਾ ਦੇਖ ਕੇ ਮੇਅਰ ਨੇ ਦੁਪਹਿਰ ਬਾਅਦ ਸਵਾ ਤਿੰਨ ਵਜੇ ਪ੍ਰੋਟੋਕਾਲ ਅਨੁਸਾਰ ਕੌਮੀ ਤਰਾਨਾ ਵਜਾ ਕੇ ਮੀਟਿੰਗ ਸਮਾਪਤ ਕਰ ਦਿੱਤੀ। ਹੁਣ ਇਹ ਮੀਟਿੰਗ ਅਗਲੇ ਮਹੀਨੇ 11 ਨਵੰਬਰ ਨੂੰ ਸੱਦੀ ਗਈ ਹੈ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਕੋਲੋਂ ਉਨ੍ਹਾਂ ਦੇ ਵਾਰਡਾਂ ਵਿੱਚ ਠੱਪ ਪਏ ਵਿਕਾਸ ਕਾਰਜਾਂ ਨੂੰ ਲੈਕੇ ਕੀਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਕੌਂਸਲਰਾਂ ਨੇ ਨਿਗਮ ਅਧਿਕਾਰੀਆਂ ’ਤੇ ਦੋਸ਼ ਲਗਾਉਂਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ। ਕੌਂਸਲਰਾਂ ਨੇ ਕਿਹਾ ਕਿ ਜੇ ਉਹ ਆਪਣੇ ਵਾਰਡ ਦੇ ਕਾਰਜਾਂ ਬਾਰੇ ਨਿਗਮ ਦੇ ਚੀਫ ਇੰਜਨੀਅਰ ਨੂੰ ਪੁੱਛਦੇ ਹਨ ਤਾਂ ਉਹ ਇਸ ਬਾਰੇ ਨਿਗਮ ਕਮਿਸ਼ਨਰ ਨਾਲ ਗੱਲ ਕਰਨ ਲਈ ਕਹਿ ਕੇ ਪੱਲਾ ਝਾੜ ਲੈਂਦੇ ਹਨ ਅਤੇ ਜੇ ਉਹ ਨਿਗਮ ਕਮਿਸ਼ਨਰ ਕੋਲ ਜਾਂਦੇ ਹਨ ਤਾਂ ਉਥੋਂ ਚੀਫ ਇੰਜਨੀਅਰ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਨਿਗਮ ਅਧਿਕਾਰੀਆਂ ਦੇ ਇਸ ਵਰਤਾਵੇ ਤੋਂ ਖਫਾ ਸਮੂਹ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਨੂੰ ਸਵਾਲਾਂ ਰਾਹੀਂ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਗਰਮਾਗਰਮੀ ਵੱਧ ਗਈ। ਨਿਗਮ ਕੌਂਸਲਰਾਂ ਦੇ ਇਸ ਵਰਤਾਅ ਤੋਂ ਬਾਅਦ ਕਮਿਸ਼ਨਰ ਸ਼੍ਰੀ ਯਾਦਵ ਨੇ ਸਮੂਹ ਕੌਂਸਲਰਾਂ ਨੂੰ ਸਦਨ ਦੀ ਮਰਿਆਦਾ ਬਣਾਏ ਰੱਖਣ ਲਈ ਕਿਹਾ। ਨਿਗਮ ਕਮਿਸ਼ਨਰ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਸੀਬੀਆਈ ਦੀ ਰੇਡ ਪੈਂਦੀ ਹੈ ਤਾਂ ਉਹ ਨਿਗਮ ਅਧਿਕਾਰੀਆਂ ਤੋਂ ਸਵਾਲ ਪੁੱਛਦੇ ਹਨ ਨਾ ਕਿ ਕੌਂਸਲਰਾਂ ਤੋਂ। ਇਸੇ ਦੌਰਾਨ ਕੌਂਸਲਰ ਅਨਿਲ ਕੁਮਾਰ ਦੂਬੇ ਨੇ ਨਿਗਮ ਕਮਿਸ਼ਨਰ ਦੇ ਅਹੁਦੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਤਾਂ ਇੱਕ ਵਾਰ ਹੀ ਆਈਏਐੱਸ ਦੀ ਪ੍ਰੀਖਿਆ ਦੇ ਕੇ ਇਸ ਸੀਟ ’ਤੇ ਬੈਠ ਜਾਂਦੇ ਹਨ ਅਤੇ ਕੌਂਸਲਰਾਂ ਨੂੰ ਹਰ ਪੰਜ ਸਾਲਾਂ ਬਾਅਦ ਜਨਤਾ ਕੋਲ ਜਾ ਕੇ ਪ੍ਰੀਖਿਆ ਦੇਣੀ ਪੈਂਦੀ ਹੈ। ਸ੍ਰੀ ਦੂਬੇ ਦੀ ਇਸ ਟਿੱਪਣੀ ਤੋਂ ਤਲਖੀ ਵਿੱਚ ਆਏ ਨਿਗਮ ਕਮਿਸ਼ਨਰ ਸਦਨ ਤੋਂ ਬਾਹਰ ਚਲੇ ਗਏ ਅਤੇ ਉਨ੍ਹਾਂ ਦੇ ਪਿੱਛੇ ਹੋਰ ਨਿਗਮ ਅਧਿਕਾਰੀ ਵੀ ਮੀਟਿੰਗ ਦਾ ਬਾਇਕਾਟ ਕਰਕੇ ਸਦਨ ਵਿੱਚੋਂ ਬਾਹਰ ਚਲੇ ਗਏ। ਸਵੇਰੇ 11 ਵਜੇ ਸ਼ੁਰੂ ਹੋਈ ਮੀਟਿੰਗ ਇੱਕ ਘੰਟੇ ਬਾਅਦ ਬਿਨਾਂ ਕਿਸੇ ਮਤੇ ’ਤੇ ਚਰਚਾ ਕੀਤੇ ਮੁਅੱਤਲ ਕਰ ਦਿੱਤੀ ਗਈ। ਮੀਟਿੰਗ ਦਾ ਬਾਈਕਾਟ ਕਰਨ ਤੋਂ ਬਾਅਦ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਮਿਲਣ ਗਏ ਅਤੇ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ।
ਸੂਤਰਾਂ ਅਨੁਸਾਰ ਸਲਾਹਕਾਰ ਸ੍ਰੀ ਪਰੀਦਾ ਨੇ ਤੁਰੰਤ ਮੇਅਰ ਰਾਜੇਸ਼ ਕਾਲੀਆ ਨੂੰ ਫੋਨ ਕਰਕੇ ਮਾਮਲਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਬਾਅਦ ਵਿੱਚ ਮੇਅਰ ਰਾਜੇਸ਼ ਕਾਲੀਆ ਇਸ ਗੱਲ ਤੋਂ ਮੁਕਰ ਗਏ ਕਿ ਉਨ੍ਹਾਂ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਨੇ ਕੋਈ ਨਿਰਦੇਸ਼ ਦਿੱਤੇ ਹਨ। ਅੱਜ ਇੱਕ ਗੱਲ ਖਾਸ ਤੌਰ ’ਤੇ ਦੇਖਣ ਨੂੰ ਮਿਲੀ ਕਿ ਨਿਗਮ ਅਧਿਕਾਰੀਆਂ ਨਾਲ ਪਏ ਰੇੜਕੇ ਨੂੰ ਲੈਕੇ ਹਾਕਮ ਤੇ ਵਿਰੋਧੀ ਧਿਰ ਤੇ ਕੌਂਸਲਰ ਇਕਜੁੱਟ ਰਹੇ। ਮੀਟਿੰਗ ਮੁਅੱਤਲ ਹੋਣ ਤੋਂ ਬਾਅਦ ਕੌਂਸਲਰਾਂ ਦੀ ਮੇਅਰ ਨਾਲ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਕੌਂਸਲਰਾਂ ਦਾ ਕਹਿਣਾ ਸੀ ਕਿ ਜੇ ਸ਼ਹਿਰ ਵਿੱਚ ਕੰਮ ਨਹੀਂ ਹੋਣਗੇ ਤਾਂ ਨਿਗਮ ਅਧਿਕਾਰੀਆਂ ਨੂੰ ਗੱਲਾਂ ਤਾਂ ਸੁਣਨੀਆਂ ਹੀ ਪੈਣਗੀਆਂ। ਲਗਪਗ ਤਿੰਨ ਘੰਟੇ ਤੋਂ ਬਾਅਦ ਨਾਮਜ਼ਦ ਕੌਂਸਲਰ ਮੇਜਰ ਐਮਐੱਸ ਕੋਂਡਲ ਨੇ ਦਖਲਅੰਦਾਜ਼ੀ ਕਰਕੇ ਮਾਮਲੇ ਨੂੰ ਸੁਲਝਾਇਆ ਅਤੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਮਗਰੋਂ ਮੇਅਰ ਰਾਜੇਸ਼ ਕਾਲੀਆ ਕੌਂਸਲਰ ਅਨਿਲ ਕੁਮਾਰ ਦੂਬੇ ਨੂੰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨਾਲ ਲੰਚ ਕਰਵਾਉਣ ਲਈ ਨਿਗਮ ਦੀ ਕੰਟੀਨ ਵਿੱਚ ਲੈ ਗਏ ਅਤੇ ਵੱਖਰੇਵੇਂ ਦੂਰ ਕਰਨ ਲਈ ਕਿਹਾ। ਇਸ ਤੋਂ ਬਾਅਦ ਕੌਮੀ ਤਰਾਨਾ ਵਜਾ ਕੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ।

 

Previous articleਏਂਜਲਾ ਮਰਕਲ ਦਾ ਭਾਰਤ ਦੌਰਾ ਅੱਜ ਤੋਂ
Next articleਨਕਾਬਪੋਸ਼ ਲੁਟੇਰਿਆਂ ਨੇ ਸ਼ਰਾਬ ਦੇ ਦੋ ਠੇਕੇ ਲੁੱਟੇ