ਕੌਂਸਲਰ ਅਰੁਣ ਸੂਦ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਬਣੇ

ਚੰਡੀਗੜ੍ਹ- ਸਾਬਕਾ ਮੇਅਰ ਤੇ ਕੌਂਸਲਰ ਅਰੁਣ ਸੂਦ ਨੂੰ ਸਰਬਸੰਮਤੀ ਨਾਲ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਥੇ ਸੈਕਟਰ-33 ਸਥਿਤ ਭਾਜਪਾ ਦਫਤਰ ‘ਕਮਲਮ’ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ੍ਰੀ ਸੂਦ ਨੂੰ ਅਧਿਕਾਰਤ ਤੌਰ ’ਤੇ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਐਲਾਨਿਆ। ਇਸ ਦੇ ਨਾਲ ਹੀ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਨੂੰ ਭਾਜਪਾ ਦੇ ਕੌਮੀ ਪਰਿਸ਼ਦ ਮੈਂਬਰ ਵਜੋਂ ਨਿਯੁਕਤ ਕਰਨ ਲਈ ਸਹਿਮਤੀ ਬਣ ਗਈ ਹੈ।
ਇਸ ਰਸਮੀ ਚੋਣ ਤੋਂ ਬਾਅਦ ਪਾਰਟੀ ਸਮਰਥਕਾਂ ਨੇ ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਅਰੁਣ ਸੂਦ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਲਈ ਅਰੁਣ ਸੂਦ ਦਾ ਨਾਮ ਪਹਿਲਾਂ ਤੋਂ ਤੈਅ ਹੋ ਚੁੱਕਾ ਸੀ। ਅੱਜ ਇਸ ਬਾਰੇ ਰਸਮੀ ਐਲਾਨ ਹੀ ਕੀਤਾ ਗਿਆ। ਸ੍ਰੀ ਸੂਦ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਉਹ ਆਰਐੱਸਐੱਸ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹ ਕਈ ਸਾਲ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਸਰਗਰਮ ਵਰਕਰ ਵੀ ਰਹੇ। ਸ੍ਰੀ ਸੂਦ ਸਾਲ 2000 ਵਿੱਚ ਰਾਜਨੀਤੀ ਵਿੱਚ ਆਏ ਸਨ ਅਤੇ ਭਾਜਪਾ ਦੇ ਯੂਵਾ ਮੋਰਚਾ ਪੰਜਾਬ ਪ੍ਰਦੇਸ਼ ਦੇ ਅਹੁਦੇਦਾਰ ਬਣੇ।
ਸ੍ਰੀ ਸੂਦ ਨੇ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਥਾਪੇ ਜਾਣ ’ਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਲਈ ਸਿਰਫ ਅਰੁਣ ਸੂਦ ਨੇ ਹੀ ਨਾਮਜ਼ਦਗੀ ਭਰੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 1987 ਵਿੱਚ ਆਰਐੱਸਐੱਸ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਉਹ ਭਾਜਪਾ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਅਤੇ ਸਾਲ 2011 ਵਿੱਚ ਉਨ੍ਹਾਂ ਨੇ ਚੰਡੀਗੜ੍ਹ ਤੋਂ ਨਿਗਮ ਦੀਆਂ ਚੋਣਾਂ ਲੜੀਆਂ ਸਨ ਅਤੇ ਕੌਂਸਲਰ ਬਣੇ ਸਨ। ਸਾਲ 2016 ਵਿੱਚ ਉਹ ਚੰਡੀਗੜ੍ਹ ਦੇ ਮੇਅਰ ਬਣੇ ਸਨ। ਉਸ ਤੋਂ ਬਾਅਦ ਉਹ ਦੂਜੀ ਵਾਰ 2016 ਵਿੱਚ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਕੌਂਸਲਰ ਬਣੇ ਸਨ। ਇਸੇ ਦੌਰਾਨ ਅਰੁਣ ਸੂਦ ਦੇ ਪ੍ਰਧਾਨ ਥਾਪੇ ਜਾਣ ’ਤੇ ਭਾਜਪਾ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਸਮੇਤ ਸੰਸਦ ਮੈਂਬਰ ਕਿਰਨ ਖੇਰ, ਪਾਰਟੀ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਰਘੁਬੀਰ ਲਾਲ ਅਰੋੜਾ, ਰਾਮਬੀਰ ਸਿੰਘ ਭੱਟੀ ਅਤੇ ਚੰਦਰ ਸ਼ੇਖਰ ਹਾਜ਼ਰ ਸਨ।

Previous articleਸੜਕ ਹਾਦਸਿਆਂ ’ਚ 4 ਹਲਾਕ, 12 ਜ਼ਖ਼ਮੀ
Next articleਦਿੱਲੀ ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ