ਕੋਵਿਡ-19: ਮੋਦੀ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਨਵੀਂ ਦਿੱਲੀ (ਸਮਾਜਵੀਕਲੀ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਰਾਜਧਾਨ ਦਿੱਲੀ ਵਿੱਚ ਕਰੋਨਾਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਕੇਂਦਰ, ਦਿੱਲੀ ਸਰਕਾਰ ਤੇ ਸਥਾਨਕ ਅਧਿਕਾਰੀਆਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ ਅਤੇ ਹਦਾਇਤ ਕੀਤੀ ਹੈ ਕਿ ਸਾਰੇ ਕੌਮੀ ਰਾਜਧਾਨੀ ਖੇਤਰ ਵਿੱਚ ਮਹਾਮਾਰੀ ’ਤੇ ਕਾਬੂ ਪਾਉਣ ਲਈ ਇਸੇ ਤਰ੍ਹਾਂ ਦੇ ਊਪਰਾਲੇ ਕੀਤੇ ਜਾਣ।

ਇਸ ਦੌਰਾਨ ਸ੍ਰੀ ਮੋਦੀ ਨੇ ਕੌਮੀ ਪੱਧਰ ’ਤੇ ਰੀਅਲ ਟਾਈਮ ਨਿਗਰਾਨੀ ਕਰਨ ਦੀ ਹਦਾਇਤ ਵੀ ਕੀਤੀ ਅਤੇ ਸਾਰੇ ਪ੍ਰਭਾਵਿਤ ਰਾਜਾਂ ਦਾ ਮਾਰਗਦਰਸ਼ਨ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ ਉਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਸਬੰਧੀ ਹਾਲਾਤ ਅਤੇ ਇਸ ਤੋਂ ਨਜਿੱਠਣ ਲਈ ਸੂਬਿਆਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਬਾਰੇ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਖ਼ੁਦ ਦੀ ਸਫ਼ਾਈ ਅਤੇ ਜਨਤਕ ਥਾਵਾਂ ’ਤੇ ਸਮਾਜਿਕ ਵਿੱਥ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਸਬੰਧੀ ਜਾਗਰੂਕਤਾ ਦਾ ਵੱਡੀ ਪੱਧਰ ’ਤੇ ਪਸਾਰ ਕਰਨ ਦੀ ਲੋੜ ਹੈ ਅਤੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ’ਤੇ ਲਗਾਤਾਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੈਬਨਿਟ ਸਕੱਤਰ ਵੀ ਹਾਜ਼ਰ ਸਨ।

Previous articleਈਡੀ ਵੱਲੋਂ ਟਰੈਵਲ ਏਜੰਸੀਆਂ ’ਤੇ ਛਾਪੇ, 3.57 ਕਰੋੜ ਦੀ ਨਕਦੀ ਜ਼ਬਤ
Next articleਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ’ਤੇ ਨਿਸ਼ਾਨਾ ਸੇਧਿਆ