ਕੋਵਿਡ-19 : ਘਰ ਰਹਿ ਕੇ ਦੇਸ਼ ਸੇਵਾ ਕਰਨ ਦਾ ਸੁਨਹਿਰੀ ਮੌਕਾ 

ਚਾਨਣ ਦੀਪ ਸਿੰਘ, ਔਲਖ
     ਕੋਈ ਵੀ ਵਿਅਕਤੀ ਜਿਸ ਮੁਲਕ ਵਿੱਚ ਪੈਦਾ ਹੁੰਦਾ ਹੈ। ਉਸ ਦੇਸ਼ ਲਈ ਉਸ ਦੇ ਦਿਲ ਵਿੱਚ ਅਥਾਹ ਪਿਆਰ ਅਤੇ ਦੇਸ਼ ਭਗਤੀ ਹੁੰਦੀ ਹੈ। ਬਹਾਦਰ ਨਾਗਰਿਕ ਆਪਣੇ ਦੇਸ਼ ਲਈ ਜਾਨ ਤੱਕ ਵਾਰਨ ਲਈ ਤਿਆਰ ਰਹਿੰਦੇ ਹਨ। ਜਿਵੇਂ ਫੌਜੀ ਵੀਰ ਜੰਗ ਦੇ ਮੈਦਾਨ ਵਿੱਚ ਆਪਣੀਆਂ ਜਾਨਾਂ ਦੇਸ਼ ਲੇਖੇ ਲਾ ਦਿੰਦੇ ਹਨ। ਅੱਜ ਕੋਵਿਡ-19 ਨਾਲ ਪੂਰਾ ਸੰਸਾਰ ਇੱਕ ਤਰ੍ਹਾਂ ਦੀ ਜੰਗ ਹੀ ਲੜ ਰਿਹਾ ਹੈ। ਇਹ ਜੰਗ ਹਰ ਮੁਲਕ ਦੇ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ।
    ਪੰਜਾਬ ਵਿੱਚ ਵੀ ਕੋਵਿਡ-19 ਦੇ  ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਵਿੱਚ ਹੁਣ ਤੱਕ 161 ਮਰੀਜ ਕੋਵਿਡ-19 ਪਾਜਟਿਵ ਆ ਚੁੱਕੇ ਹਨ ਅਤੇ 12 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਪਾਜਟਿਵ  ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਵੀ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਵੀ ਕਾਫੀ ਮਰੀਜ ਪਾਜਟਿਵ ਆਉਣ ਦਾ ਖਦਸ਼ਾ ਹੈ।  ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਤਾਲਾਬੰਦੀ 1 ਮਈ 2020 ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਸਮਾਜਿਕ ਦੂਰੀ ਬਣਾਏ ਰੱਖਣ, ਘਰਾਂ ਵਿੱਚ ਰਹਿਣ ਅਤੇ ਮਾਸਕ ਪਹਿਨਣ ਆਦਿ ਵਰਗੀਆਂ ਸਾਵਧਾਨੀਆਂ ਤੇ ਜੋਰ ਦਿੱਤਾ ਹੈ।
      ਸਿਹਤ ਵਿਭਾਗ ਦੇ ਡਾਕਟਰ, ਨਰਸਾਂ,  ਸਿਹਤ ਕਰਮਚਾਰੀ ਆਦਿ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਰੀਜਾਂ ਦੀ ਭਾਲ ਅਤੇ ਦੇਖਰੇਖ ਕਰ ਰਹੇ ਹਨ। ਇੱਕ ਨਿੱਕੀ ਜਿਹੀ ਚੁੱਕ ਉਨਾਂ ਨੂੰ ਇਸ ਬਿਮਾਰੀ ਦੇ ਪੀੜਤ ਬਣਾ ਸਕਦੀ ਹੈ। ਪਰ ਫਿਰ ਵੀ  ਉਹ ਆਪਣਾ ਫਰਜ਼ ਸਮਝਦੇ ਹੋਏ ਸੇਵਾ ਨਿਭਾ ਰਹੇ ਹਨ। ਪੰਜਾਬ ਪੁਲਿਸ ਸਰਕਾਰ ਵੱਲੋਂ ਅੈਲਾਨੇ ਲਾਕਡਾਉਨ ਨੂੰ ਸਫਲ ਬਣਾਉਣ ਲਈ ਦਿਨ-ਰਾਤ ਡਿਉਟੀ ਕਰ ਕੇ ਯਤਨ ਕਰ ਰਹੀ ਹੈ । ਪਰ ਫਿਰ ਵੀ ਕੁਝ ਲੋਕ ਸਰਕਾਰ ਵਲੋਂ ਕੀਤੀ ਤਾਲਾਬੰਦੀ ਨੂੰ ਟਿੱਚ ਜਾਣਦੇ ਹਨ। ਸਰਕਾਰ ਵੱਲੋਂ ਕੁਝ ਜਰੂਰੀ ਕੰਮਾਂ ਲਈ ਪਾਸ ਜਾਰੀ ਕੀਤੇ ਜਾ ਰਹੇ ਹਨ। ਪਰ ਕੁਝ ਲੋਕ ਉਨ੍ਹਾਂ ਪਾਸਾਂ ਦੀ  ਦੁਰਵਰਤੋਂ ਕਰਨ ਤੋਂ ਬਾਜ ਨਹੀਂ ਆਉਂਦੇ। ਸਾਨੂੰ ਸਭ ਨੂੰ ਆਪਣਾ ਨੈਤਿਕ ਫਰਜ਼ ਸਮਝਣਾ ਚਾਹੀਦਾ ਹੈ। ਜਿਵੇਂ ਸਿਹਤ ਤੇ ਪੁਲਿਸ ਮੁਲਾਜ਼ਮ ਆਪਣੀ ਬਣਦੀ ਡਿਊਟੀ ਤੇ  ਡਟੇ ਹੋਏ ਹਨ। ਉਸੇ ਤਰ੍ਹਾਂ ਸਾਡੀ ਵੀ  ਇਹ ਡਿਊਟੀ ਬਣਦੀ ਹੈ ਕਿ ਅਸੀਂ ਘਰਾਂ ਵਿੱਚ ਰਹਿ ਕੇ ਤਾਲਾਬੰਦੀ ਦਾ ਸਹਿਯੋਗ ਕਰੀਏ ਅਤੇ ਆਪਣੇ ਦੇਸ਼ ਨੂੰ ਇਸ ਨਾਮੁਰਾਦ ਬਿਮਾਰੀ ਦੇ ਚੁੰਗਲ ਵਿੱਚੋਂ ਬਾਹਰ ਕੱਢਣ ਵਿੱਚ ਭਾਗੀਦਾਰ ਬਣੀਏ।
   ਇਤਿਹਾਸ ਵਿੱਚ ਪਹਿਲੀ ਵਾਰ ਇਹ ਸੁਨਹਿਰੀ ਮੌਕਾ ਮਿਲ ਰਿਹਾ ਹੈ ਕਿ ਅਸੀਂ ਬਸ ਘਰ ਬੈਠੇ ਦੇਸ਼ ਸੇਵਾ ਕਰ ਸਕਦੇ ਹਾਂ। ਇਹ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ। ਦੇਸ਼ ਪ੍ਰੇਮੀ ਹਮੇਸ਼ਾ ਦੇਸ਼ ਸੇਵਾ ਦੇ ਮੌਕੇ ਦੀ  ਤਲਾਸ਼ ਵਿੱਚ ਰਹਿੰਦੇ ਹਨ ਅਤੇ ਮੌਕਾ ਮਿਲਣ ਤੇ ਜਾਨ ਕੁਰਬਾਨ ਕਰ ਦਿੰਦੇ ਹਨ। ਪਰ ਅਸੀਂ ਬਿਨਾ ਜਾਨ ਜੋਖਮ ਵਿੱਚ ਪਾਇਆਂ ਸਿਰਫ ਘਰ ਦੇ ਅੰਦਰ ਸੁਰੱਖਿਅਤ ਰਹਿ ਕੇ ਹੀ ਇਸ ਦੇਸ਼ ਸੇਵਾ ਦੇ ਭਾਗੀਦਾਰ ਬਣ ਸਕਦੇ ਹਾਂ। ਜਿਸ ਨਾਲ ਸਾਡੀ ਆਪਣੀ,  ਸਾਡੇ ਪਰਿਵਾਰ ਦੀ ਅਤੇ ਦੇਸ਼ ਵਾਸੀਆਂ ਦੀ ਜਿੰਦਗੀ ਸੁਰੱਖਿਅਤ ਰਹਿ ਸਕਦੀ ਹੈ।
 ਜਾਰੀ ਕਰਤਾ : ਚਾਨਣ ਦੀਪ ਸਿੰਘ ਔਲਖ , 
    ਸੰਪਰਕ: +91 9876 888 177
Previous articleਅੰਮ੍ਰਿਤਸਰ ਵਿੱਚ ਲੋਕਾਂ ਦੀ ਸਿਹਤ ਜਾਂਚ ਲਈ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ
Next articleਅੰਮੇਡਕਰ ਮਿਸ਼ਨ ਸੁਸਾਇਟੀ ਪੰਜਾਬ ਨੇ “ਅੰਬੇਡਕਰ ਜੈਅੰਤੀ” ਜਨਤਕ ਸਮਾਗਮ ਕੀਤੇ ਮੁਲਤਵੀ