ਕੋਵਿਡ ਖਿਲਾਫ਼ ਜੰਗ ਤੋਂ ਰਾਜਸੀ ਲਾਹਾ ਲੈਣ ਦਾ ਵੇਲਾ ਨਹੀਂ: ਕੈਪਟਨ

ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਨੂੰ ਕੋਵਿਡ ਮਹਾਮਾਰੀ ਦੇ ਖਿਲਾਫ਼ ਵਿੱਢੀ ਲੜਾਈ ਦੌਰਾਨ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ ਹੈ। ਪੰਜਾਬੀਆਂ ਨੂੰ ਮੁਖਾਤਿਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਸੀ ਆਗੂ ਮਹਾਮਾਰੀ ਬਾਰੇ ਗ਼ਲਤ ਜਾਣਕਾਰੀ ਫੈਲਾਅ ਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਪੈਦਾ ਨਾ ਕਰਨ।

ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਨਾਲ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੰਕਟ ਮਾੜੇ ਪ੍ਰਬੰਧਾਂ ਨਾਲ ਨਹੀਂ ਬਲਕਿ ਬਾਹਰਲੇ ਰਾਜਾਂ ਤੋਂ ਆਏ ਲੋਕਾਂ ਕਾਰਨ ਵਧਿਆ ਹੈ। ਉਨ੍ਹਾਂ ਕਿਹਾ ਕਿ ਸਿਰਫ 7 ਕੇਸ ਸਥਾਨਕ ਸਾਹਮਣੇ ਆਏ ਹਨ ਜਦੋਂ ਕਿ 93 ਕੇਸ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਦੇ ਹਨ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਚਾਨਕ ਵਧੇ ਕੇਸਾਂ ਬਾਰੇ ਚਿੰਤਤ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਦੂਜੇ ਸੂਬਿਆਂ ’ਚ ਫਸੇ ਲੋਕਾਂ ਦੇ ਆਪਣੇ ਘਰ ਆਉਣ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਕ ਫੈਸਲੇ ਤਹਿਤ ਵੱਖ ਵੱਖ ਥਾਈਂ ਫਸੇ ਲੋਕਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਬਰਤਾਨਵੀ ਇਤਿਹਾਸ ਦੀ ਇਕ ਮਿਸਾਲ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਬਰਤਾਨੀਆ ਜਰਮਨੀ ਖਿਲਾਫ਼ ਜੰਗ ਲੜ ਰਿਹਾ ਸੀ ਤਾਂ ਕੰਜ਼ਰਵੇਟਿਵ ਪਾਰਟੀ ਦੇ ਤਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਲੇਬਰ ਪਾਰਟੀ ਦੇ ਕਲੈਮਿਟ ਐਟਲੀ ਨੂੰ ਆਪਣਾ ਡਿਪਟੀ ਪ੍ਰਧਾਨ ਮੰਤਰੀ ਨਿਯੁਕਤ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜੰਗ ਸਿਰਫ ਇਕਜੁੱਟਤਾ ਨਾਲ ਹੀ ਲੜ ਕੇ ਜਿੱਤੀ ਜਾ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅਤੇ ਇਥੋਂ ਦੇ ਲੋਕਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਇਹ ਪੰਜਾਬ ਦੀ ਲੜਾਈ ਹੈ, ਜੋ ਲੋਕਾਂ ਲਈ ਲੜੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਨਕਾਰਾਤਮਕ ਦੌਰ ਵਿੱਚੋਂ ਲੰਘ ਰਹੇ ਹਨ ਅਤੇ ਉਹ ਚੰਗੀਆਂ ਤੇ ਖੁਸ਼ੀ ਵਾਲੀਆਂ ਖ਼ਬਰਾਂ ਸੁਣਨਾ ਚਾਹੁੰਦੇ ਹਨ।

ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਵੱਲੋਂ ਮਈ ਦਿਵਸ ਮੌਕੇ ਕਰੋਨਾ ਵਿਰੁੱਧ ਡਟੇ ਯੋਧਿਆਂ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਕੋਵਿਡ ਵਿਰੁੱਧ ਜੰਗ ’ਚ ਸਹਾਇਤਾ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਸੂਬੇ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ਼ ਰੋਸ ਜ਼ਾਹਿਰ ਕਰਨ ਦੇ ਕੀਤੇ ਫ਼ੈਸਲੇ ਤਹਿਤ ਕੌਮੀ ਝੰਡਾ ਵੀ ਲਹਿਰਾਇਆ।

Previous articleਕੋਵਿਡ-19: ਲੌਕਡਾਊਨ ਵਿਚ ਦੋ ਹਫ਼ਤਿਆਂ ਦਾ ਹੋਰ ਵਾਧਾ
Next articleਕਰੋਨਾ ਦੀ ਮਾਰ: ਪੰਜਾਬ ’ਚ ਰਿਕਾਰਡ 129 ਕੇਸਾਂ ਦਾ ਇਜ਼ਾਫ਼ਾ