ਕੋਰੋਨਾ ਵਾਇਰਸ ਕਾਰਨ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ 31 ਮਾਰਚ ਤੱਕ ਛੁੱਟੀਆਂ

ਚੰਡੀਗੜ, (ਹਰਜਿੰਦਰ ਛਾਬੜਾ) – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੋਰੋਨਾ ਵਾਇਰਸ ਦੇ ਸਨਮੁਖ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਹੈ। ਉਨਾਂ ਕਿਹਾ ਹੈ ਕਿ ਜਿਨਾਂ ਸਕੂਲਾਂ ਵਿੱਚ ਪ੍ਰੀਖਿਆਵਾਂ ਚਲ ਰਹੀਆਂ ਹਨ, ਉਹ ਉਸੇ ਤਰਾਂ ਚਲਦੀਆਂ ਰਹਿਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਇਹ ਨਾਮੁਰਾਦ ਬੀਮਾਰੀ ਪੂਰੇ ਵਿਸ਼ਵ ਵਿੱਚ ਫੈਲ ਰਹੀ ਹੈ ਅਤੇ ਸੂਬੇ ਵਿੱਚ ਇਸ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਸ ਤੋਂ ਬਚਾਅ ਲਈ ਉਪਰਾਲੇ ਤੇਜ਼ ਕੀਤੇ ਜਾਣ। ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹਤਿਆਤ ਵਜੋਂ ਸੂਬੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਸ੍ਰੀ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਜਿਹੜੇ ਸਕੂਲਾਂ ਵਿੱਚ ਪ੍ਰੀਖਿਆਵਾਂ ਜਾਰੀ ਹਨ, ਉਥੇ ਪ੍ਰੀਖਿਆਵਾਂ ਉਸੇ ਤਰਾਂ ਚਲਦੀਆਂ ਰਹਿਣਗੀਆਂ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣਾ ਆਦਿ ਕੋਰੋਨਾ ਵਾਇਰਸ ਦੇ ਆਮ ਲੱਛਣ ਹਨ। ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅਤੇ ਨੱਕ ਉਤੇ ਰੁਮਾਲ ਰੱਖਿਆ ਜਾਵੇ ਅਤੇ ਛਿੱਕਦੇ ਸਮੇਂ ਨੱਕ ਨੂੰ ਆਪਣੀ ਕੂਹਣੀ ਨਾਲ ਢੱਕ ਕੇ ਰੱਖਿਆ ਜਾਵੇ। ਮਾਸਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਬੁਖਾਰ ਜਾਂ ਖਾਂਸੀ ਵਾਲੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ।
ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਹਤਿਆਤੀ ਕਦਮ ਵਜੋਂ ਸਮੇਂ-ਸਮੇਂ ‘ਤੇ ਸਾਬਣ ਨਾਲ ਚੰਗੀ ਤਰਾਂ ਹੱਥ ਧੋਣ ਜਾਂ ਅਲਕੋਹਲ-ਆਧਾਰਤ ਸੈਨੀਟਾਈਜ਼ਰ ਨਾਲ ਚੰਗੀ ਤਰਾਂ ਹੱਥ ਸਾਫ਼ ਕਰਨ। ਸ੍ਰੀ ਸਿੰਗਲਾ ਨੇ ਖ਼ਾਸ ਤੌਰ ‘ਤੇ ਕਿਹਾ ਕਿ ਘਰੇਲੂ ਨੁਸਖਿਆਂ ਨਾਲ ਇਲਾਜ ਕਰਨ ਦੀ ਬਜਾਏ ਮਾਹਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਲਈ ਜਾਵੇ। ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਰੱਖਣ ਤੋਂ ਵਰਜਦਿਆਂ ਉਨਾਂ ਕਿਹਾ ਕਿ ਕੋਰੋਨਾ ਬੀਮਾਰੀ ਦੇ ਲੱਛਣ ਦਿੱਸਣ ‘ਤੇ ਪੀੜਤ ਨੂੰ ਇਕੱਲਾ ਰੱਖਿਆ ਜਾਵੇ ਅਤੇ ਤੁਰੰਤ ਹੀ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਅ ਲਈ ਪਹਿਲਾਂ ਹੀ ਸਥਾਪਤ ਕੀਤੀ ਹੈਲਪਲਾਈਨ-104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਕਾਲ ਸੈਂਟਰ 011-23978046 ਅਤੇ ਸਟੇਟ ਕੰਟਰੋਲ ਰੂਮ ਨੰਬਰ 88720-90029 ਅਤੇ 0172-2920074 ਵੀ ਸਥਾਪਤ ਕੀਤੇ ਗਏ ਹਨ।
Previous articleBHAGWAN VALMIKI’S GRACE IN TAJ MAHAL
Next articleShimla, Dalhousie get more snowfall