ਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 5

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)

ਅਖਾਣ ਤੇ ਮੁਹਾਵਰੇ ਵੀ ਸਾਹਿਤ ਦਾ ਇਕ ਰੂਪ ਹਨ । ਇਹਨਾਂ ਵਿੱਚ ਬਹੁਤ ਡੂੰਘੀਆਂ ਰਾਮਝਾਂ ਤੇ ਤਲਖ ਹਕੀਕਤਾਂ ਦਾ ਪ੍ਰਗਟਾਵਾ ਕੀਤਾ ਗਿਆ ਹੁੰਦਾ ਹੈ । ਇਹਨਾ ਚ ਸਿਆਣਿਆਂ ਦਾ ਜੀਵਨ ਤਜਰਬਾ ਲੁਕਿਆ ਹੁੰਦਾ ਹੈ । ਇਹ ਉਹ ਹਕੀਕਤਾਂ ਦਾ ਪ੍ਰਗਟਾਵਾ ਕਰਦੇ ਹਨ ਜੋ ਸਾਲਾ ਦਰ ਸਾਲ ਬਾਅਦ ਨਿੱਖਰਵੇਂ ਰੂਪ ਵਿੱਚ ਕੰਧ ‘ਤੇ ਲਿਖਿਆ ਸੱਚ ਬਣ ਜਾਂਦੇ ਹਨ । ਇਹ ਅਖਾਣ ਤੇ ਮੁਹਾਵਰੇ ਹੀ ਹਨ ਜੋ ਵਧੀਆ ਢੰਗ ਨਾਲ ਸਮਝਾ ਸਕਦੇ ਸਨ ਕਿ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ ਪਾਉਣ ਦਾ ਕੀ ਮਤਲਬ ਹੁੰਦਾ ਹੈ ਜਾਂ ਫੇਰ ਚੰਦ ਉੱਤੇ ਥੁੱਕਣ ਦਾ ਕੀ ਅਰਥ ਹੁੰਦਾ ਹੈ, ਹਰ ਗਲੀ ਵਾਲੀ ਭਾਗੋ ਕੌਣ ਹੁੰਦੀ ਹੈ ਤੇ ਚੋਰ ਦੀ ਦਾੜ੍ਹੀ ਚ ਤਿਣਕਾ ਕਿਵੇਂ ਹੁੰਦਾ ਹੈ ਵਗੈਰਾ ਵਗੈਰਾ ।

ਅਖਾਣ ਤੇ ਮੁਹਾਵਰਿਆ ਦੀ ਉਤਪਤੀ ਰਾਤੋ ਰਾਤ ਨਹੀਂ ਹੁੰਦੀ ਸਗੋਂ ਕਿਸੇ ਵਾਕ ਜਾਂ ਅਰਧ ਵਾਕ ਨੂੰ ਅਖਾਣ ਜਾ ਮੁਹਾਵਰਾ ਬਣਨ ਵਾਸਤੇ ਬਹੁਤ ਲੰਮਾ ਅਰਸਾ ਲੱਗ ਜਾਂਦਾ ਹੈ ਤੇ ਇਹ ਵੀ ਹੈ ਕਿ ਕੋਈ ਅਖਾਣ ਜਾ ਮੁਹਾਵਰਾ ਉਨਾ ਚਿਰ ਸਥਾਈ ਰੂਪ ਨਹੀਂ ਧਾਰਦਾ ਜਿੰਨਾ ਚਿਰ ਉਹ ਲੋਕ ਜ਼ੁਬਾਨ ਦਾ ਹਿੱਸਾ ਨਾ ਬਣ ਜਾਵੇ । ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪਲੇਗ ਦੀ ਬੀਮਾਰੀ ਮਹਾਮਾਰੀ ਵਜੋਂ ਫੈਲੀ, ਜਿਸ ਨਾਲ ਲੱਖਾਂ ਜਾਨਾਂ ਮੌਤ ਦੇ ਮੂੰਹ ਦਾ ਪਈਆ, ਅੱਜ ਤੱਕ ਲੋਕ ਉਸ ਮਹਾਮਾਰੀ ਦਾ ਡਰ ਲੋਕ ਮਨਾ ਚ ਵੱਸਿਆਂ ਹੋਇਆ ਹੈ , ਏਹੀ ਕਾਰਨ ਹੈ ਕਿ ਕੋਈ ਦੁਖੀ ਮਨ ਕਿਸੇ ਤੋਂ ਤੰਗ ਹੋ ਕੇ ਅੱਜ ਵੀ ਇਹੀ ਬਦ ਦੁਆ ਦੇਂਦਾ ਹੈ ਕਿ “ਰੱਬ ਕਰਕੇ ਤੈਨੂੰ ਪਲੇਗ ਪੈ ਜਾਏ” ਪਰ ਕੋਰੋਨਾ ਮਹਾਮਾਰੀ ਉਸ ਤੋਂ ਕਈ ਗੁਣਾ ਵਧਕੇ ਮਾਰੂ ਨਿਕਲੀ, ਜਿਸ ਕਰਕੇ ਇਸ ਤਰਾਂ ਜਾਪਦਾ ਹੈ ਕਿ ਭਵਿੱਖ ਚ ਲੋਕ ਪਲੇਗ ਦੀ ਮਹਾਮਾਰੀ ਨੂੰ ਭੁੱਲ ਜਾਣਗੇ ਤੇ ਕਿਸੇ ਨੂੰ ਬਦ ਦੁਆ ਦੇਣ ਵੇਲੇ ਕਹਿਣਾ ਸ਼ੁਰੂ ਕਰ ਦੇਣਗੇ ਕਿ “ ਮੈਨੂੰ ਦੁਖੀ ਕਰਨ ਵਾਲਿਆ, ਜਾਹ ਤੈਨੂੰ ਪਵੇ ਕੋਰੋਨਾ”

ਕੋਰੋਨਾ ਨੇ ਪਰੰਪਰਾ ਦੇ ਕਈ ਅਖਾਣ ਤੇ ਮੁਹਾਵਰਿਆਂ ਉੱਤੇ ਅਛੇਪਲੇ ਜਿਹੇ ਹੀ ਕਬਜ਼ਾ ਕਰ ਲੈਣਾ ਹੈ । ਦੂਜੇ ਲਫ਼ਜ਼ਾਂ ਇਹ ਵੀ ਕਹਿ ਸਕਦੇ ਹਾਂ ਕਿ “ਸੌ ਸੁਨਿਆਰ ਦੀ ਤੇ ਇਕ ਲੁਹਾਰ ਦੀ” ਵਾਲੀ ਗੱਲ ਸਿੱਧ ਹੋਣ ਜਾ ਰਹੀ ਹੈ । ਕੋਰੋਨਾ ਨਾਲ ਸੰਬੰਧਿਤ ਬਹੁਤ ਸਾਰੇ ਮੁਹਾਵਰੇ ਇਕੋ ਸਮੇਂ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਹਿੱਸਾ ਬਣ ਜਾਣਗੇ ਜਿਸ ਕਾਰਨ ਇਸ ਤਰਾਂ ਦੀ ਸਥਿਤੀ ਪੈਦਾ ਹੋ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਿ ਜਿਵੇਂ ਇੱਕੋ ਹਾਥੀ ਦੇ ਪੈਰ ਹੇਠ ਬਹੁਤ ਸਾਰਿਆ ਦਾ ਪੈਰ ਆ ਗਿਆ ਹੋਵੇ । ਕੁੱਜ ਕੁ ਉਦਾਹਰਣਾ ਇੱਥੇ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜਿਵੇਂ “ਸੱਦੀ ਨ ਬੁਲਾਈ ਤੇ ਮੈਂ ਲਾੜੇ ਦੀ ਤਾਈ” ਇਸ ਅਖਾਣ ਦੀ ਭਾਵ ਹੈ ਕਿ ਖਾਹਮਖਾਹ ਕਿਸੇ ਦੇ ਕੰਮ ਵਿੱਚ ਮੋਹਰੀ ਬਣਕੇ ਦਖ਼ਲ ਦੇਣਾ । ਹੁਣ ਭਵਿੱਖ ਚ ਇਸ ਅਖਾਣ ਦਾ ਮੁਹਾਂਦਰਾ ਬਦਲਕੇ ਇਹ ਵੀ ਹੋ ਸਕਦਾ ਹੈ ਕਿ “ਕੋਰੋਨਾ ਨੇ ਮਨੁੱਖੀ ਜੀਵਨ ਵਿੱਚ ਇਸ ਤਰਥੱਲੀ ਮਚਾਈ ਕਿ ਢੋਲੇ ਦੀਆ ਗਾਉਣ ਵਾਲੇ ਚੰਗੇ ਭਲੇ ਰਿਸ਼ਟ ਪੁਸ਼ਟ ਬੰਦੇ ਵੀ ਮਾੜੀ ਜਿਹੀ ਖੰਘ ਕਾਰਨ ਇਕ ਦੂਸਰੇ ਤੋਂ ਇੰਜ ਦੂਰ ਭੱਜਦੇ ਹਨ ਜਿਵੇਂ ਭੂੰਡਾਂ ਦਾ ਖੱਖਰ ਛਿੜ ਗਿਆ ਹੋਵੇ ਜਾਂ ਕੋਰੋਨਾ ਪੈ ਗਿਆ ਹੋਵੇ । ਕਹਿਣ ਦਾ ਭਾਵ ਕਿ ਇਕ ਸ਼ਬਦ “ਕੋਰੋਨਾ” ਨਾਲ ਹੀ ਹੋਰ ਬਹੁਤ ਸਾਰੇ ਮੁਹਾਵਰੇ ਤੇ ਅਖਾਣ ਨਵੇਂ ਪੈਦਾ ਹੋਣ ਦੀਆ ਸੰਭਾਵਨਾਵਾਂ ਪੈਦਾ ਹੋ ਗਈਆ ਹਨ । ਮਿਸਾਲ ਵਜੋਂ ਸ਼ਹਿਰ ਵਿੱਚ ਕੋਰੋਨਾ ਦੇ ਦਸ ਮਰੀਜ਼ਾਂ ਦੀ ਖ਼ਬਰ ਸੁਣਕੇ ਅੱਖਾਂ ਅੱਗੇ ਹਨੇਰਾ ਛਾ ਗਿਆ ਜਾਂ ਕੀ ਤੁਹਾਡੀ ਅਕਲ ‘ਤੇ ਪਰਦਾ ਪੈ ਚੁੱਕਾ ਹੈ ਕਿ ਕੋਰੋਨਾ ਮਹਾਮਾਰੀ ਦੋਰਾਨ ਵੀ ਬਿਨਾ ਮਾਸਕ ਘੁੰਮ ਫਿਰ ਰਹੇ ਹੋ ? ਕੋਰੋਨਾ ਨੇ ਸਭ ਨੂੰ ਇਕ ਅੱਖ ਨਾਲ ਦੇਖਿਆ ਜਾਂ ਕੋਰੋਨਾ ਨੇ ਇਕ ਵਾਰ ਤਾਂ ਬੰਦੇ ਨੂੰ ਨਾਨੀ ਚੇਤੇ ਕਰਵਾ ਦਿੱਤੀ ਆਦਿ ।

ਚੱਲਦਾ …………………

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
17/07/2020

Previous articleਆਈਐੱਸ ਹਮਾਇਤੀ ਸ਼ਮੀਮਾ ਬੇਗਮ ਨੂੰ ਮੁੜ ਬਰਤਾਨੀਆ ’ਚ ਪਰਤਣ ਦਾ ਹੱਕ ਮਿਲਿਆ
Next articleEng vs WI 2nd Test: England firmly in driver’s seat as tired Windies lose early wicket