ਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 4

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)

ਪ੍ਰੋ ਦਲਬੀਰ ਸਿੰਘ ਦਿਲ ਨਿੱਜਰ ਅਮਰੀਕਾ ਚ ਪਰਵਾਸੀ ਚ ਵਸੇ ਪੰਜਾਬੀਆਂ ਦਾ ਉਹ ਅਲਬੇਲਾ ਸ਼ਾਇਰ ਹੈ, ਜੋ ਬਾਕੀ ਪਰਵਾਸੀਆਂ ਵਾਂਗ ਹੀ ਆਪਣੇ ਸੀਨੇ ਚ ਪੰਜਾਬ ਦਾ ਅਕਹਿ ਦਰਦ ਤੇ ਵਿਗੋਚਾ ਲੈ ਕੇ ਪਰਵਾਸ ਹੰਢਾ ਰਿਹਾ ਹੈ । ਉਸ ਦੀ ਹਰ ਰਚਨਾ ਵਿੱਚੋਂ ਜਿੱਥੇ ਪੰਜਾਬ ਦਾ ਵਿਗੋਚਾ ਤੇ ਫਿਕਰਮੰਦੀ ਝਲਕਦੀ ਹੈ ਉੱਥੇ ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੇ ਪਰਕੋਪ ਕਾਰਨ ਦੁਨੀਆ ਦੀ ਲੀਹੇ ਲਹੀ ਗੱਡੀ ਨੂੰ ਉਹ ਕੁਦਰਤ ਨਾਲ ਛੇੜ-ਛਾੜ ਦਾ ਨਤੀਜਾ ਮੰਨਦਾ ਹੋਇਆ ਲਿਖਦਾ ਹੈ :

ਅੰਬਰ ਦੇ ਵਿੱਚ ਉਡਦਾ ਸੀ ਬੰਦਾ,
ਮੌਤ ਤੇ ਡਰ ਨੇ ਸਾਰੇ ਘਰਾਂ ਦੇ ਅੰਦਰ ਹੋੜ ਦਿੱਤੇ ।
…………………………
ਕਰਦੇ ਨੇ ਕੁਦਰਤ ਨਾਲ ਜੋ ਖਿਲਵਾੜ ਇੱਥੇ,
ਇੱਕੋ ਝਟਕੇ ਸਿਰ ਤੋਂ ਪੈਰਾਂ ਤੀਕ ਝੰਜੋੜ ਦਿੱਤੇ ।
ਐਵੇਂ ਕਿਓਂ ਘਬਰਾਇਆਂ ਦੇਖ ਕੇ ਮੌਤ ਸਿਰਾ ਦੇ ਉੱਤੇ,
ਸਿਖਸਟੀ ਦੇ ਆਂਚਲ ਨੂੰ “ਦਿਲਾਂ” ਤਾਂ ਬੜੇ ਹੀ ਖੋੜ ਦਿੱਤੇ ।

ਪੰਜਾਬੀ ਦਾ ਨਾਮਵਰ ਸ਼ਾਇਰ ਅਮਰ ਸੂਫ਼ੀ ਆਪਣੀ ਇਕ ਰਚਨਾ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਚੇਤਨ ਕਰਦਾ ਹੋਇਆ ਕਈ ਗੁਰ ਦੇਣ ਦੇ ਨਾਲ ਨਾਲ ਹੀ ਮੀਆਂ ਬੀਵੀ ਦੇ ਆਪਸੀ ਰਿਸ਼ਤਿਆਂ ਵਿੱਚ ਦੂਰੀ ਬਣਾਏ ਰੱਖਣ ਵਿੱਚ ਨਰਾਜ਼ਗੀ ਤੇ ਖਟਾਸ ਦਾ ਬਣੇ ਰਹਿਣ ਨੂੰ ਮੌਕੇ ਲੋੜ ਮੰਨ ਰਿਹਾ ਹੈ ਤਾਂ ਕਿ ਕਿਸੇ ਤਰਾਂ ਇਹ ਮਾੜਾ ਸਮਾਂ ਅੱਗੇ ਨਿਕਲ ਜਾਵੇ। ਜ਼ਿੰਦਗੀ ਹੋਵੇਗੀ ਤਾਂ ਗ਼ੁੱਸੇ ਗਿਲੇ ਬਾਅਦ ਵਿੱਚ ਵੀ ਦੂਰ ਕਰ ਲਏ ਜਾਣਗੇ, ਆਪਸੀ ਨਜਦੀਕੀਆ ਦੁਬਾਰਾ ਕਾਇਮ ਹੋ ਸਕਣਗੀਆਂ :

ਬਚਣਾ ਚਾਹੁੰਦੇ ਹੋ ਕੋਰੋਨਾ ਦੀ ਲਾਗ ਤੋਂ ਜੇ,
ਤਾਂ ਫਿਰ ਚਾਹੀਦੈ, ਘਰਾਂ ਵਿੱਚ ਵੜੇ ਰਹਿਣਾ ।
ਬਿਨਾ ਮਤਲਬ ਨਾ ਮੇਲ ਮਿਲਾਪ ਰੱਖੋ,
ਜ਼ਰੂਰੀ ਬਹੁਤ ਹੈ ਖੁੱਡੇ ਵਿੱਚ ਤੜੇ ਰਹਿਣਾ ।
……………………………
ਇਹਤਿਆਤ ਖਾਤਿਰ ਲਾਜ਼ਮੀ ਹੈ ਅੱਜ-ਕੱਲ੍ਹ,
ਮੀਆਂ ਬੀਵੀ ਦਾ ਆਪਸ ਵਿੱਚ ਲੜੇ ਰਹਿਣਾ ।

ਪ੍ਰੋ ਤਲਵਿੰਦਰ ਸਿੰਘ ਮੰਡ ਕਨੇਡਾ ਦੇ ਪੰਜਾਬੀ ਸਾਹਿਤਕਾਰੀ ਦੇ ਹਲਕਿਆ ਦੀ ਨਾਮਚੀਨ ਹਸਤੀ ਹੈ । ਉਸ ਦੀਆ ਸਾਹਿਤਕ ਰਚਨਾਵਾਂ ਹਮੇਸ਼ਾ ਹੀ ਬਹੁਤ ਦਿਲ ਟੁੰਬਵੀਆ ਹੁੰਦੀਆਂ ਹਨ । ਇਹ ਸ਼ਾਇਰ ਲਫ਼ਜ਼ਾਂ ਦੀ ਐਸੀ ਜੁਗਲਬੰਦੀ ਕਰਦਾ ਹੈ ਕਿ ਗੱਲ ਸਿੱਧੀ ਦਿਲ ਦੀਆ ਡੂੰਘਾਣਾ ਚ ਉਤਰ ਜਾਂਦੀ ਹੈ । ਜੇਕਰ ਯਕੀਨ ਨਹੀਂ ਤਾਂ ਫੇਰ ਕੋਰੋਨਾ ਮਹਾਮਾਰੀ ਦੇ ਦੁਸ਼ਟ ਪ੍ਰਭਾਵ ਨੂੰ ਅਨੁਭਵ ਕਰਦੇ ਹੋਏ ਸ਼ਾਇਰ ਦੀਆਂ ਰਚੀਆਂ ਹੇਠ ਲਿਖੀਆਂ ਕਾਵਿ ਸੱਤਰਾਂ ਆਪ ਦੇ ਧਿਆਨ ਹਿਤ ਪੇਸ਼ ਹਨ :

ਦੁਨੀਆ ਅੰਦਰ ਵਗੀਆਂ ਦੇਖੋ, ਕੈਸੀਆ ਗਰਮ ਹਵਾਵਾਂ ।
ਕਵੀਆ ਕੋਲੋਂ ਰੁੱਸ ਗਈਆਂ ਨੇ, ਗ਼ਜ਼ਲਾਂ ਤੇ ਕਵਿਤਾਵਾਂ ।
ਦਹਿਸ਼ਤ ਦੇ ਆਲਮ ਵਿੱਚ ਦੇਖੋ, ਕੀ ਮਜਬੂਰੀਆਂ ਬਣੀਆ,
ਚਾਹੁੰਦਿਆ ਹੋਇਆ ਵੀ ਚੁੰਮ ਨਾ ਸਕਣ, ਮੁੱਖ ਪੁੱਤਰਾਂ ਦੇ ਮਾਂਵਾਂ ।
ਤਾਰੇ ਟੁੱਟਣ ਅੰਬਰਾਂ ਤੋਂ, ਹੁਣ ਕੋਈ ਨਾ ਸੋਗ ਮਨਾਵੇ ।
ਸਿਵੇ ਸਿਆਪੇ ਸਹਿਮੇ ਸਹਿਮੇ, ਕਬਰੀ ਸਹਿਮੀਆਂ ਛਾਵਾਂ ।

ਕਨੇਡਾ ਦਾ ਇਕ ਹੋਰ ਬਹੁਤ ਹੀ ਨਾਮਵਰ ਸਾਹਿਤਕਾਰ ਹੈ ਡਾ: ਸੁਖਦੇਵ ਸਿੰਘ ਝੰਡ । ਉਸ ਨੇ ਕੋਰੋਨਾ ਮਹਾਂਮਾਰੀ ਦੀ ਤਬਾਹੀ ਸੰਬੰਧੀ ਆਪਣੇ ਅਨਭਵ ਨੂੰ ਕਾਨੀਬੱਧ ਕਰਦਿਆਂ, ਲੋਕ ਮਨਾ ਦੀ ਫਿਕਰਮੰਦੀ ਦੀ ਤਰਜਮਾਨੀ ਕੁੱਜ ਹੇਠ ਲਿਖੀ ਪ੍ਰਕਾਰ ਕੀਤੀ ਹੈ :

ਪੁੱਛਣ ਇਕ ਦੂਜੇ ਨੂੰ, ਕੋਰੋਨਾ ਚਾਲੂ ਕਿੰਨਾ ਹੋਰ ?
ਕਿੰਨਾ ਕੁ ਚਿਰ ਰਹੂਗੀ ਦਹਿਸ਼ਤ, ਨਾਲੇ ਇਹਦਾ ਜ਼ੋਰ ?

ਸ਼ੋ ਇਸੇ ਤਰਾਂ ਹਰ ਸਾਹਿਤਕਾਰ ਕੋਰੋਨਾ ਮਹਾਮਾਰੀ ਬਾਰੇ ਆਪੋ ਆਪਣੇ ਅਨੁਭਵਾਂ ਦੀ ਪੇਸ਼ਕਾਰੀ ਆਪੋ ਆਪਣੇ ਢੰਗ ਤੇ ਆਪੋ ਆਪਣੀ ਸ਼ੈਲੀ ਵਿੱਚ ਕਰ ਰਿਹਾ ਹੈ ਜਿਸ ਤੋ ਬਿਲਕੁਲ ਸਾਫ ਤੇ ਸ਼ਪੱਸ਼ਟ ਨਜ਼ਰ ਆਉਂਦਾ ਹੈ ਕਿ ਪੰਜਾਬੀ ਵਿੱਚ ਕੋਰੋਨਾ ਕਾਲ ਦੇ ਸਾਹਿਤ ਦੀ ਰਚਨਾ ਇਸ ਸਮੇਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ । ਕੋਰੋਨਾ ਮਹਾਮਾਰੀ ਨੂੰ ਲੈ ਕੇ ਰਚਿਆ ਜਾ ਰਿਹਾ ਇਹ ਸਾਹਿਤ ਆਉਂਣ ਵਾਲੇ ਸਮੇਂ ਵਿੱਚ ਸਾਹਿਤ ਦੀਆ ਦੂਸਰੀਆਂ ਧਾਰਾਵਾਂ (ਕਿੱਸਾ, ਸੂਫ਼ੀ, ਗੁਰਮਤਿ, ਪ੍ਰਗਤੀਵਾਦੀ, ਕਰਾਂਤੀਕਾਰੀ, ਰੂਪਵਾਦੀ ਤੇ ਵੀਰ ਕਾਵਿ) ਵਾਂਗ ਹੀ ਇਕ ਵੱਖਰੀ ਧਾਰਾ ਵਜੋਂ ਸਥਾਪਤ ਹੋਣ ਵਾਲਾ ਹੈ, ਅਜਿਹਾ ਮੇਰਾ ਵਿਸ਼ਵਾਸ਼ ਹੈ ।

ਚੱਲਦਾ ……………………

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

16/07/2020

Previous articleਅੰਮ੍ਰਿਤਸਰ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਕੇ ਉੱਭਰਿਆ
Next articleਏਕਮ ਪਬਲਿਕ ਸਕੂਲ ਨਾਨ ਮੈਡੀਕਲ ਦੀ ਵਿਦਿਆਰਥਣ ਨੇਹਾ ਨੇ 12 ਵੀ ਚ ਤਹਿਸੀਲ ਪੱਧਰ ਤੇ ਟੋਪ ਕੀਤਾ