ਕੋਟਕਪੂਰੇ ’ਤੇ ਛਾਇਆ ਡੇਂਗੂ ਦਾ ਪਰਛਾਵਾਂ; ਹੁਣ ਤਕ ਛੇ ਮੌਤਾਂ

ਸਤੰਬਰ ਦੇ ਪਹਿਲੇ ਹਫ਼ਤੇ ਤੋਂ ਕੋਟਕਪੂਰੇ ਨੂੰ ਡੇਂਗੂ ਦਾ ਗ੍ਰਹਿਣ ਲੱਗਿਆ ਹੋਇਆ ਹੈ। ਐਤਵਾਰ ਨੂੰ ਸਥਾਨਕ ਦੁਆਰੇਆਣਾ ਰੋਡ ਦੀ ਪੰਦਰਾਂ ਸਾਲ ਦੀ ਬੱਚੀ ਪ੍ਰਿਯਾ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ‘ਚ ਦਮ ਤੋੜ ਜਾਣ ਨਾਲ ਡੇਂਗੂ ਕਾਰਨ ਮ੍ਰਿਤਕਾਂ ਦੀ ਗਿਣਤੀ ਹੁਣ ਛੇ ਹੋ ਗਈ ਹੈ। ਸਰਕਾਰੀ ਅੰਕੜੇ ਸ਼ਹਿਰ ‘ਚ 637 ਮਰੀਜ਼ਾਂ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ ਅਨੁਮਾਨ ਹੈ ਕਿ ਡੇਂਗੂ ਦੇ ਮਰੀਜ਼ ਪੰਜ ਹਜ਼ਾਰ ਤੋਂ ਉਪਰ ਹੋ ਚੁੱਕੇ ਹਨ।
ਸਿਹਤ ਵਿਭਾਗ ਅੰਕੜਿਆਂ ਨੂੰ ਕਾਬੂ ਕਰਨ ਵਿਚ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਪਿਛਲੇ ਕਰੀਬ 70 ਦਿਨਾਂ ਵਿਚ ਸ਼ਹਿਰ ‘ਚ ਡੇਂਗੂ ਦੀ ਸਥਿਤੀ ਵਿਚ ਕੋਈ ਬਹੁਤਾ ਸੁਧਾਰ ਨਹੀਂ ਆਇਆ। ਡੇਂਗੂ ਕਰਕੇ ਸ਼ਹਿਰ ‘ਚ ਧਾਰਮਿਕ ਸੰਸਥਾ ਨੇ 17 ਨਵੰਬਰ ਨੂੰ ਪੁਰਾਣੀ ਅਨਾਜ ਮੰਡੀ ਵਿਚ ਪੂਰੀਆਂ ਤਿਆਰੀਆਂ ਹੋਣ ਦੇ ਬਾਵਜੂਦ ਆਪਣਾ ਵਿਸ਼ਾਲ ਧਾਰਮਿਕ ਸਮਾਗਮ ਰੱਦ ਕਰ ਦਿੱਤਾ ਹੈ। ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ‘ਚ ਸਮਾਗਮ ਵਿਚ ਸ਼ਰਧਾਲੂਆਂ ਦੀ ਭੀੜ ਜੁਟਾ ਸਕਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਵੀਹ ਦਿਨ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਰਾਜੀਵ ਪਰਾਸ਼ਰ ਨੇ ਵਿਭਾਗਾਂ ਦੇ ਅਧਿਕਾਰੀਆਂ ਦੀ ਕਲਾਸ ਲੈਂਦਿਆਂ ਸਖ਼ਤ ਹਦਾਇਤ ਕੀਤੀ ਸੀ ਕਿ ਉਹ ਡੇਂਗੂ ਬਾਰੇ ਗੰਭੀਰ ਹੋਣ। ਮਗਰੋਂ ਸਿਹਤ ਵਿਭਾਗ ਵੱਲੋਂ ਜੰਗੀ ਪੱਧਰ ’ਤੇ ਸ਼ਹਿਰ ਅੰਦਰ ਮਰੀਜ਼ਾਂ ਦਾ ਸਰਵੇਖਣ ਕਰਵਾਉਣ ਦਾ ਕਦਮ ਪੁੱਟਿਆ ਗਿਆ।
ਵਿਭਾਗ ਨੇ ਨਰਸਿੰਗ ਕਾਲਜ ਦੀਆਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਰਵੇਖਣ ਸ਼ੁਰੂ ਕਰਵਾਇਆ, ਮਗਰੋਂ ਵਿਦਿਆਰਥਣਾਂ ਦੇ ਆਪਣੀ ਪੜ੍ਹਾਈ ਵਿਚ ਰੁੱਝ ਜਾਣ ਪਿਛੋਂ ਹੁਣ ਸਰਵੇਖਣ ਦਾ ਕੰਮ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਇੱਥੇ ਸਿਵਲ ਹਸਪਤਾਲ ‘ਚ ਡਾਕਟਰਾਂ ਤੇ ਲੈਬੋਰਟਰੀ ਸਟਾਫ ਦੀ ਘਾਟ ਕਾਰਨ ਮਰੀਜ਼ਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਦੀ ਘਾਟ ਰੜਕਦੀ ਹੈ। ਇਧਰ ਨਗਰ ਕੌਂਸਲ ਨੇ ਸ਼ੁਰੂ ਵਿਚ 6-7 ਦਿਨ ਫੌਗਿੰਗ ਕਰਵਾਈ ਮਗਰੋਂ ਉਹ ਵੀ ਬੰਦ ਹੋ ਗਈ। ਸਰਕਾਰੀ ਹਸਪਤਾਲ ਅੰਦਰ ਪ੍ਰਤੀ ਦਿਨ 10 ਤੋਂ 15 ਮਰੀਜ਼ਾਂ ਦਾ ਆਉਣਾ ਜਾਰੀ ਹੈ।
ਜ਼ਿਕਰਯੋਗ ਹੈ ਕਿ 1999 ਵਿਚ ਕੋਟਕਪੂਰੇ ’ਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਰਲ ਜਾਣ ’ਤੇ ਵੱਡੇ ਪੱਧਰ ਉੱਤੇ ਹੈਜੇ ਦੀ ਬੀਮਾਰੀ ਫੈਲੀ ਸੀ, ਉਸ ਸਮੇਂ 20 ਜਣਿਆਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਥੋਣਾ ਪਿਆ ਸੀ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੁਰੰਤ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਟਕਪੂਰੇ ਪੁੱਜੇ ਸਨ। ਉਨ੍ਹਾਂ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਸਥਿਤੀ ਵਿਚ ਸੁਧਾਰ ਲਿਆਂਦਾ ਸੀ। ਲੇਕਿਨ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਢਾਈ ਮਹੀਨੇ ਤੱਕ ਸ਼ਹਿਰ ਵਿਚ ਅਜਿਹੇ ਸਥਿਤੀ ਬਾਰੇ ਸੂਬੇ ਦੇ ਮੁੱਖ ਮੰਤਰੀ ਤਾਂ ਦੂਰ ਸਿਹਤ ਤੇ ਲੋਕਲ ਬਾਡੀ ਮੰਤਰੀ ਵੀ ਆਮ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਨਹੀਂ ਬਹੁੜੇ।

Previous articleਸਨਾਈਪਰ ਹਮਲੇ ਵਿੱਚ ਇਕ ਹੋਰ ਜਵਾਨ ਹਲਾਕ
Next articleਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਡੋਬਿਆ ਸੂਬਾ: ਢੀਂਡਸਾ