ਕੋਜ਼ੀਕੋੜ ’ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ

ਕੋਜ਼ੀਕੋੜ (ਸਮਾਜ ਵੀਕਲੀ) : ਕੋਜ਼ੀਕੋੜ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ ਜਿਸ ਤੋਂ ਇਹ ਪਤਾ ਲਾਉਣ ’ਚ ਮਦਦ ਮਿਲ ਸਕਦੀ ਹੈ ਕਿ ਇਹ ਹਵਾਈ ਜਹਾਜ਼ ਕਿਵੇਂ ਤਿਲਕਿਆ। ਇਸ ਹਾਦਸੇ ’ਚ ਜ਼ਖ਼ਮੀ ਹੋਏ ਇੱਕ ਹੋਰ ਵਿਅਕਤੀ ਦੀ ਅੱਜ ਮੌਤ ਹੋ ਜਾਣ ਮਗਰੋਂ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਇਸੇ ਦੌਰਾਨ ਹਾਦਸੇ ’ਚ ਮਾਰੇ ਗਏ ਇੱਕ ਯਾਤਰੀ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਸਥਿਤੀ ਹੋਰ ਗੰਭੀਰ ਹੋ ਗਈ ਹੈ।

ਸੂਬੇ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਬਚਾਅ ਕਾਰਜਾਂ ’ਚ ਲੱਗੇ ਸਾਰੇ ਲੋਕਾਂ ਨੂੰ ਇਹਤਿਆਤ ਵਜੋਂ ਇਕਾਂਤਵਾਸ ’ਚ ਰਹਿਣ ਅਤੇ ਆਪਣੀ ਜਾਂਚ ਕਰਵਾਉਣ ਲਈ ਕਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੀਜੀਸੀਏ ਦੇ ਅਧਿਕਾਰੀ ਉੱਥੇ ਪਹੁੰਚ ਰਹੇ ਹਨ। ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਲਾਤ ਦਾ ਜਾਇਜ਼ਾ ਲੈਣ ਲਈ ਕੋਜ਼ੀਕੋੜ ਪਹੁੰਚੇ ਹਨ। ਸ੍ਰੀ ਪੁਰੀ ਨੇ ਕਿਹਾ, ‘ਹਾਦਸਾਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡੇਟਾ ਰਿਕਾਰਡਰ ਤੇ ਕਾਕਪਿੱਟ ਵੁਆਇਸ ਰਿਕਾਰਡਰ ਬਰਾਮਦ ਕਰ ਲਿਆ ਗਿਆ ਹੈ।

ਏਏਆਈਬੀ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।’ ਸ੍ਰੀ ਪੁਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਕੇਰਲ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

Previous articleਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ
Next articleਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ