‘ਕੋਈ ਗਾਰੰਟੀ ਨਹੀਂ ਕਿ ਟਰੰਪ ਚੀਨ ਖ਼ਿਲਾਫ਼ ਭਾਰਤ ਦਾ ਸਾਥ ਦੇਣਗੇ’

ਨਵੀਂ ਦਿੱਲੀ (ਸਮਾਜਵੀਕਲੀ) : ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਜੇ ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਵਧਦਾ ਹੈ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚੀਨ ਵਿਰੁੱਧ ਭਾਰਤ ਦਾ ਸਾਥ ਦੇਣਗੇ।

ਬੋਲਟਨ ਨੇ ਇਕ ਟੀਵੀ ਇੰਟਰਵਿਊ ਵਿਚ ਕਿਹਾ ਕਿ ਚੀਨ ਆਪਣੇ ਆਲੇ-ਦੁਆਲੇ ਕਈ ਇਲਾਕਿਆਂ ’ਚ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ, ਪੂਰਬੀ ਤੇ ਦੱਖਣੀ ਚੀਨ ਸਾਗਰ ’ਚ ਰੁਖ਼ ਜ਼ਿਆਦਾ ਸਖ਼ਤ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਭਾਰਤ ਤੇ ਜਪਾਨ ਨਾਲ ਰਿਸ਼ਤੇ ਨਿੱਘਰਦੇ ਜਾ ਰਹੇ ਹਨ। ਬੋਲਟਨ ਨੇ ਕਿਹਾ ਕਿ ‘ਚੀਨ ਖ਼ਿਲਾਫ਼ ਟਰੰਪ ਭਾਰਤ ਦੇ ਹੱਕ ’ਚ ਖੜ੍ਹਨਗੇ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸ਼ਾਇਦ ਉਹ ਖ਼ੁਦ ਵੀ ਇਸ ਬਾਰੇ ਸਪੱਸ਼ਟ ਨਹੀਂ ਹਨ।’

ਬੋਲਟਨ ਦਾ ਮੰਨਣਾ ਹੈ ਕਿ ਟਰੰਪ ਚੀਨ ਨਾਲ ਰਿਸ਼ਤਿਆਂ ਨੂੰ ਵਪਾਰ ਦੇ ਨਜ਼ਰੀਏ ਤੋਂ ਵੀ ਦੇਖਦੇ ਹਨ, ਇਸ ਨਾਲ ਖੇਤਰੀ ਪੱਧਰ ’ਤੇ ਰਣਨੀਤਕ ਭਾਈਵਾਲੀ ਵੀ ਜੁੜੀ ਹੋਈ ਹੈ। ਸਾਬਕਾ ਸਲਾਹਕਾਰ ਨੇ ਕਿਹਾ ਕਿ ਪਤਾ ਨਹੀਂ ਕਿ ਟਰੰਪ ਨਵੰਬਰ ਦੀਆਂ ਚੋਣਾਂ ਤੋਂ ਬਾਅਦ ਕੀ ਕਰਨਗੇ। ਉਹ ਵਾਪਸ ਚੀਨ-ਅਮਰੀਕਾ ਵਪਾਰ ਸਮਝੌਤੇ ਦੇ ਰਾਹ ਵੀ ਪੈ ਸਕਦੇ ਹਨ।

ਬੋਲਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੰਪ ਨੂੰ ਸ਼ਾਇਦ ਭਾਰਤ-ਚੀਨ ਵਿਚਾਲੇ ਦਹਾਕਿਆਂ ਤੋਂ ਬਰਕਰਾਰ ਸਰਹੱਦੀ ਟਕਰਾਅ ਬਾਰੇ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਟਰੰਪ ਨੂੰ ਜਾਣੂ ਕਰਵਾਇਆ ਗਿਆ ਹੋਵੇ ਪਰ ਇਤਿਹਾਸ ਉਨ੍ਹਾਂ ਨਾਲ ਜ਼ਿਆਦਾ ਚਿਰ ਨਹੀਂ ਟਿਕਦਾ। ਬੋਲਟਨ ਨੇ ਕਿਹਾ ਕਿ ਅਗਲੇ ਚਾਰ ਮਹੀਨਿਆਂ ਦੌਰਾਨ ਟਰੰਪ ਹਰ ਉਸ ਚੀਜ਼ ਤੋਂ ਪਰ੍ਹੇ ਰਹਿਣ ਦੀ ਕੋਸ਼ਿਸ਼ ਕਰਨਗੇ ਜੋ ਪਹਿਲਾਂ ਤੋਂ ਹੀ ਮੁਸ਼ਕਲ ਚੋਣ ਮੁਹਿੰਮ ਨੂੰ ਹੋਰ ਮੁਸ਼ਕਲ ਬਣਾਏ। ਇਸ ਲਈ ਸ਼ਾਇਦ ਹੀ ਉਹ ਭਾਰਤ-ਚੀਨ ਟਕਰਾਅ ਬਾਰੇ ਕੁਝ ਕਰਨ।

Previous article‘Operation’ Lotus to bloom in Rajasthan too?
Next articleਤਿੱਬਤੀਆਂ ਵੱਲੋਂ ਚੀਨ ਖ਼ਿਲਾਫ਼ ਮੁਜ਼ਾਹਰਾ