ਕੈਲੀਫੋਰਨੀਆ ਦੇ ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ’ਚ ਰੈਲੀ ਅੱਜ

ਸਾਂ ਫਰਾਂਸਿਸਕੋ (ਸਮਾਜ ਵੀਕਲੀ) : ਅਮਰੀਕਾ ਦੇ ਖੇਤੀ ਪ੍ਰਧਾਨ ਸੂਬੇ ਕੈਲੀਫੋਰਨੀਆ ਦੇ ਪੰਜਾਬੀਆਂ ਵੱਲੋਂ ਭਾਰਤ ਦੇ ਕਿਸਾਨ ਅੰਦੋਲਨ ਦੇ ਹੱਕ ਵਿੱਚ 5 ਦਸੰਬਰ ਨੂੰ ਇਥੋਂ ਨਾਲ ਲੱਗਦੇ ਸ਼ਹਿਰ ਓਕਲੈਂਡ ਵਿੱਚ ਕਾਰ-ਟਰੱਕ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਸਾਂ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ।

ਨਿਰਧਾਰਤ ਪ੍ਰੋਗਰਾਮ ਅਨੁਸਾਰ ਦੂਰ-ਦੁਰਾਡੇ ਸ਼ਹਿਰਾਂ ਤੋਂ ਪੰਜਾਬੀ ਸਵੇਰ ਤੋਂ ਹੀ ਓਕਲੈਂਡ ਦੇ ਸਮੁੰਦਰੀ ਕਿਨਾਰੇ ਵਾਲੇ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 12:00 ਵਜੇ ਭਾਰਤੀ ਦੂਤ ਘਰ ਵੱਲ ਰਵਾਨਾ ਹੋਣਗੇ। ਇਸ ਮਗਰੋਂ ਬਾਅਦ ਦੁਪਹਿਰ 2 ਵਜੇ ਵਾਪਸ ਇਸੇ ਪਾਰਕ ਵਿੱਚ ਆ ਕੇ ਰੈਲੀ ਕੀਤੀ ਜਾਵੇਗੀ, ਜਿਸ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ।

ਨੌਜਵਾਨਾਂ ਦੀ ਜਥੇਬੰਦੀ ‘ਜੈਕਾਰਾ ਮੂਵਮੈਂਟ’ ਦੇ ਉੱਦਮ ਸਦਕਾ ਕੀਤੀ ਜਾਣ ਵਾਲੀ ਇਸ ਰੈਲੀ ਵਿੱਚ ਕੈਲੀਫੋਰਨੀਆ ਦੇ ਲਗਪਗ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਪੰਜਾਬੀਆਂ ਦੀਆਂ ਰਾਜਸੀ, ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਸ਼ਾਮਲ ਹੋਣਗੀਆਂ।

ਇਸ ਰੈਲੀ ਵਿੱਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਬੇਅ ਏਰੀਆ ਦੇ ਸ਼ਹਿਰਾਂ ਸਾਂ ਹੋਜ਼ੇ, ਫਰੀਮੌਂਟ, ਹੈਵਰਡ, ਯੂਨੀਅਨ ਸਿਟੀ ਤੋਂ ਇਲਾਵਾ ਪੰਜਾਬੀਆਂ ਦਾ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰਾਂ ਯੂਬਾ ਸਿਟੀ, ਸੈਕਰਾਮੈਂਟੋ, ਫਰੈਜ਼ਨੋਂ ਅਤੇ ਆਸ ਪਾਸ ਦੇ ਸ਼ਹਿਰਾਂ ’ਚੋਂ ਪੰਜਾਬੀ ਆਪੋ-ਆਪਣੀਆਂ ਕਾਰਾਂ ਅਤੇ ਟਰੱਕਾਂ ਵਿੱਚ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਲ ਹੋਣਗੇ।

ਭਾਵੇਂ ਅਮਰੀਕਾ ਵਿੱਚ ਵੱਖ ਵੱਖ ਮਸਲਿਆਂ ਨੂੰ ਲੈ ਕੇ ਰੈਲੀਆਂ ਕੀਤੇ ਜਾਣਾ ਇਸ ਵੱਡੇ ਲੋਕ ਰਾਜ ਦੀ ਪ੍ਰੰਪਰਾ ਚੱਲੀ ਆ ਰਹੀ ਹੈ ਪਰ ਕਿਸੇ ਹੋਰ ਮੁਲਕ ਦੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਰੈਲੀ ਕੀਤੇ ਜਾਣ ਦਾ ਇਹ ਪਹਿਲਾ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਰੈਲੀ ਅਮਰੀਕਾ ਦੇ ਉਸ ਓਕਲੈਂਡ ਸ਼ਹਿਰ ਵਿੱਚ ਕੀਤੀ ਜਾ ਰਹੀ, ਜਿਹੜਾ ਸ਼ਹਿਰ ਦੁਨੀਆਂ ਭਰ ਦੀਆਂ ਲੋਕ ਪੱਖੀ ਲਹਿਰਾਂ ਦੇ ਜਨਮ ਦਾਤੇ ਵਜੋਂ ਜਾਣਿਆ ਜਾਂਦਾ ਹੈ।

Previous articleਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਗ਼ੈਰ ਸਿੱਖ ਸੰਸਥਾ ਹਵਾਲੇ ਕਰਨਾ ਯੂਐੱਨ ਮਤੇ ਦੀ ਉਲੰਘਣਾ ਕਰਾਰ
Next articleSaudi FM hails efforts of Kuwait, US in solving Gulf crisis