ਕੈਪਸੂਲਾਂ ਵਾਲੇ ਰੰਗ ਹੋਲੀ ਦੇ ਤਿਉਹਾਰ ਨੂੰ ਕਰ ਸਕਦੇ ਨੇ ‘ਫਿੱਕਾ’

ਹੋਲੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਵਿੱਚ ਕੈਪਸੂਲ ਵਾਲੇ ਰੰਗਾਂ ਦੀ ਵਿਕਰੀ ਵਧ ਗਈ ਹੈ। ਇਹ ਕੈਪਸੂਲ ਪਹਿਲੀ ਵਾਰ ਸ਼ਹਿਰ ’ਚ ਵਿਕਰੀ ਲਈ ਆਏ ਹਨ। ਇਹ ਸਰੀਰ ਅੰਦਰ ਜਾ ਕੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਧੜੱਲੇ ਨਾਲ ਵਿਕ ਰਹੀ ਸਪਰੇਅ ਅੱਖਾਂ ਦੀ ਰੌਸ਼ਨੀ ਲਈ ਖਤਰਨਾਕ ਹੋ ਸਕਦੀ ਹੈ। ਦੂਜੇ ਪਾਸੇ ਪ੍ਰਸ਼ਾਸਨ ਇਨ੍ਹਾਂ ਖਤਰਨਾਕ ਰੰਗਾਂ ਦੀ ਵਿਕਰੀ ਰੋਕਣ ਲਈ ਠੋਸ ਕਾਰਵਾਈ ਨਹੀਂ ਕਰ ਰਿਹਾ।

ਇਹ ਕੈਪਸੂਲ 20 ਰੁਪਏ ਦੀ ਡੱਬੀ ਵਿਚ ਮਿਲਦੇ ਹਨ ਜਿਨ੍ਹਾਂ ਵਿਚ ਗਿਣਤੀ 50 ਦੇ ਕਰੀਬ ਹੁੰਦੀ ਹੈ। ਇਨ੍ਹਾਂ ਕੈਪਸੂਲਾਂ ਵਿਚ ਰੰਗ ਭਰਿਆ ਹੁੰਦਾ ਹੈ। ਇਕ ਕੈਪਸੂਲ ਪਾਣੀ ਵਿਚ ਪਾਉਣ ਨਾਲ ਹਰ ਤਰ੍ਹਾਂ ਦਾ ਰੰਗ ਬਣਾ ਦਿੰਦਾ ਹੈ। ਇਥੋਂ ਦੇ ਇਕ ਦੁਕਾਨਦਾਰ ਨੇ ਕਿਹਾ ਕਿ ਇਹ ਕੈਪਸੂਲ ਚੀਨ ਵੱਲੋਂ ਬਣਾਏ ਗਏ ਹਨ ਜਦਕਿ ਦੂਜੇ ਦੁਕਾਨਦਾਰ ਨੇ ਕਿਹਾ ਕਿ ਇਹ ਲੋਕਲ ਬਣੇ ਹੋਏ ਹਨ ਪਰ ਇਨ੍ਹਾਂ ਦੇ ਡੱਬਿਆਂ ’ਤੇ ਨਾ ਕੋਈ ਮੋਹਰ ਹੈ ਤੇ ਨਾ ਹੀ ਕੁਝ ਲਿਖਿਆ ਹੋਇਆ ਹੈ। ਮੁਹਾਲੀ ਦੇ ਵਸਨੀਕ ਮਨਪ੍ਰੀਤ ਸਿੰਘ ਉਭੀ ਨੇ ਕੈਪਸੂਲ ਦਿਖਾਉਂਦਿਆਂ ਕਿਹਾ ਕਿ ਜੇ ਕੋਈ ਬੱਚਾ ਗਲਤੀ ਨਾਲ ਇਸ ਨੂੰ ਮੂੰਹ ਵਿਚ ਪਾ ਲੈਂਦਾ ਹੈ ਤਾਂ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸੇ ਦੌਰਾਨ ਸੈਕਟਰ-45 ਤੇ 42 ਦੀਆਂ ਮਾਰਕੀਟਾਂ ਵਿਚ ਇਸ ਵਾਰ ਸਪਰੇਆਂ ਦਾ ਹੜ੍ਹ ਆਇਆ ਹੋਇਆ ਹੈ। ਇਥੋਂ ਦੇ ਦੁਕਾਨਦਾਰ ਨੇ ਦੱਸਿਆ ਕਿ ਸਪਰੇਆਂ ਦੀ ਵੱਡੀ ਰੇਂਜ ਮਾਰਕੀਟ ਵਿਚ ਉਪਲਬਧ ਹੈ। ਇਥੇ ਆਮ ਸਪਰੇਅ 35 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਵਿਚ ਮਿਲ ਜਾਂਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਸਪਰੇਆਂ ਵਿਚ ਨਿਰਮਾਤਾ ਦਾ ਨਾਂ ਹੀ ਨਹੀਂ ਲਿਖਿਆ ਹੋਇਆ ਤੇ ਇਨ੍ਹਾਂ ਸਪਰੇਆਂ ਨੂੰ ਬੱਚਿਆਂ ਦੇ ਪਸੰਦੀਦਾ ਕਾਰਟੂਨ ਕਿਰਦਾਰਾਂ ਦੇ ਨਾਂ ਮੋਟੂ-ਪਤਲੂ, ਡੌਰੇਮੌਨ, ਸ਼ਕਤੀਮਾਨ ਆਦਿ ਦੀ ਫੋਟੋਆਂ ਨਾਲ ਵੇਚਿਆ ਜਾ ਰਿਹਾ ਹੈ।

Previous articleਉੱਤਰ-ਪੂਰਬ ਰਾਜਾਂ ਦਾ ‘ਵਿਸ਼ੇਸ਼ ਰੁਤਬਾ’ ਬਹਾਲ ਕਰਾਂਗੇ: ਰਾਹੁਲ
Next articleਨਕਲੀ ਲੱਤ ਨਾਲ ਕਰਦਾ ਰਿਹਾ ‘ਅਸਲੀ ਮਾਲ’ ਦੀ ਤਸਕਰੀ