ਕੈਪਟਨ ਵੱਲੋਂ ਸੰਸਦ ਮੈਂਬਰਾਂ ਨਾਲ ਚਰਚਾ ਮਗਰੋਂ ਰਣਨੀਤੀ ਤਿਆਰ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ ਕਰਕੇ ਕੇਂਦਰ ਸਰਕਾਰ ’ਤੇ ਦਬਾਓ ਬਣਾਉਣ ਦਾ ਖਾਕਾ ਤਿਆਰ ਕੀਤਾ ਤਾਂ ਜੋ ਆਕਸੀਜਨ ਸਪਲਾਈ ’ਚ ਵਾਧਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਵਰਚੁਅਲ ਮੀਟਿੰਗ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਤੋਂ ਕੋਵਿਡ-19 ਬਾਰੇ ਸੁਝਾਅ ਲਏ। ਮੁੱਖ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਆਕਸੀਜਨ ਅਤੇ ਟੀਕਾਕਰਨ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ।

ਵਰਚੁਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ’ਚ ਕੋਵਿਡ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਸੰਸਦ ਮੈਂਬਰਾਂ ਨੇ ਵੱਖੋ ਵੱਖਰੇ ਮੁੱਦਿਆਂ ’ਤੇ ਮਸ਼ਵਰਾ ਦਿੱਤਾ। ਸੂਤਰਾਂ ਅਨੁਸਾਰ ਦੋ ਤਿੰਨ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਜ਼ਮੀਨੀ ਹਕੀਕਤ ਦੇਖਦੇ ਹੋਏ ਪੰਜਾਬ ਵਿਚ ਮੁਕੰਮਲ ਲੌਕਡਾਊਨ ਲਾਏ ਜਾਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ ਕਿਉਂਕਿ ਪੰਜਾਬ ’ਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਗ੍ਰਾ਼ਫ਼ ਲਗਾਤਾਰ ਵਧ ਰਿਹਾ ਹੈ ਅਤੇ ਕਰੋਨਾ ਦੀ ਤੀਜੀ ਲਹਿਰ ਵੀ ਸਿਰ ’ਤੇ ਹੈ। ਕੋਵਿਡ ਮਹਾਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵੱਈਏ ’ਤੇ ਸੰਸਦ ਮੈਂਬਰਾਂ ਨੇ ਟਿੱਪਣੀਆਂ ਕੀਤੀਆਂ।

ਮੀਟਿੰਗ ਉਪਰੰਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੇ ਇਕੱਠੇ ਹੋ ਕੇ ਆਕਸੀਜਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਵਿਚ ਵੀ ਕੋਵਿਡ ਕੇਸ ਵਧਣ ਲੱਗੇ ਹਨ, ਜਿਸ ਕਰਕੇ ਪਾਕਿਸਤਾਨ ਤੋਂ ਆਕਸੀਜਨ ਲਏ ਜਾਣ ਵਾਲੀ ਚਰਚਾ ਨੂੰ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਪਣੇ ਸੰਸਦੀ ਕੋਟੇ ਦੇ ਫੰਡਾਂ ਨੂੰ ਵੱਧ ਤੋਂ ਵੱਧ ਸਿਹਤ ਪ੍ਰਬੰਧਾਂ ਲਈ ਵਰਤਣ ਵਾਸਤੇ ਆਖਿਆ।

ਆਕਸੀਜਨ ਜੈਨਰੇਸ਼ਨ ਲਈ ਸਰਬੱਤ ਦਾ ਭਲਾ ਸੰਸਥਾ ਵੱਲੋਂ ਕੀਤੀ ਪੇਸ਼ਕਸ਼ ’ਤੇ ਗੌਰ ਕਰਨ ਬਾਰੇ ਵੀ ਚਰਚਾ ਚੱਲੀ। ਔਜਲਾ ਨੇ ਅੰਮ੍ਰਿਤਸਰ ’ਚ ਕੋਵਿਡ ਪ੍ਰਬੰਧਾਂ ਲਈ ਪੰਜਾਬ ਸਰਕਾਰ ਤੋਂ ਹੋਰ ਵਧੇਰੇ ਸਹਿਯੋਗ ਦੀ ਮੰਗ ਵੀ ਕੀਤੀ। ਮੀਟਿੰਗ ਵਿਚ ਵੱਡੇ ਧਾਰਮਿਕ ਸੰਸਥਾਨਾਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਤੋਂ ਵੀ ਕੋਵਿਡ ਖ਼ਿਲਾਫ਼ ਲੜਾਈ ਵਿਚ ਸਹਿਯੋਗ ਲੈਣ ਲਈ ਆਖਿਆ ਗਿਆ। ਜਿ਼ਕਰਯੋਗ ਹੈ ਕਿ ਪੰਜਾਬ ’ਚ ਕਰੋਨਾ ਕਾਰਨ ਹਾਲਾਤ ਗੰਭੀਰ ਹੋ ਰਹੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਕੇਂਦਰੀ ਮੰਤਰੀ ਤੇ ਆਰਐੱਲਡੀ ਮੁਖੀ ਚੌਧਰੀ ਅਜੀਤ ਸਿੰਘ ਦਾ ਦੇਹਾਂਤ
Next articleਦਿੱਲੀ ਦੀ ਤਰਜ਼ ’ਤੇ ਹਾਈ ਕੋਰਟ ਦਾ ਰੁਖ਼ ਕਰਨ ਦੀ ਸਲਾਹ